ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੀਨੀਆ ਦੇ ਦੌਰੇ ‘ਤੇ ਆਏ ਰਾਸ਼ਟਰਪਤੀ ਵਿਲੀਅਮ ਸਮੋਈ ਰੂਤੋ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਕੀਨੀਆ ਨੂੰ ਉਸ ਦੇ ਖੇਤੀਬਾੜੀ ਸੈਕਟਰ ਦੇ ਆਧੁਨਿਕੀਕਰਨ ਲਈ 25 ਕਰੋੜ ਡਾਲਰ ਦਾ ਕਰਜ਼ਾ ਪ੍ਰਦਾਨ ਕਰਨ ਦੇ ਭਾਰਤ ਦੇ ਫੈਸਲੇ ਦਾ ਐਲਾਨ ਕੀਤਾ। ਰੂਤੋ ਸੋਮਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਮੁੱਚੇ ਸਬੰਧਾਂ ਨੂੰ ਵਧਾਉਣ ਦੇ ਉਦੇਸ਼ ਨਾਲ ਤਿੰਨ ਦਿਨਾਂ ਦੌਰੇ ‘ਤੇ ਇੱਥੇ ਪਹੁੰਚੇ।
ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਭਾਰਤ ਨੇ ਆਪਣੀ ਵਿਦੇਸ਼ ਨੀਤੀ ‘ਚ ਹਮੇਸ਼ਾ ਅਫਰੀਕਾ ਨੂੰ ਉੱਚ ਤਰਜੀਹ ਦਿੱਤੀ ਹੈ ਅਤੇ ਪਿਛਲੇ ਇਕ ਦਹਾਕੇ ‘ਚ ਮਿਸ਼ਨ ਮੋਡ ‘ਤੇ ਮਹਾਦੀਪ ਨਾਲ ਆਪਣੇ ਸਮੁੱਚੇ ਸਬੰਧਾਂ ਦਾ ਵਿਸਥਾਰ ਕੀਤਾ ਹੈ। ਉਨ੍ਹਾਂ ਕਿਹਾ, “ਮੈਨੂੰ ਭਰੋਸਾ ਹੈ ਕਿ ਰਾਸ਼ਟਰਪਤੀ ਰੂਤੋ ਦੀ ਭਾਰਤ ਯਾਤਰਾ ਨਾ ਸਿਰਫ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗੀ ਸਗੋਂ ਅਫ਼ਰੀਕਾ ਨਾਲ ਸਾਡੇ ਸਬੰਧਾਂ ਨੂੰ ਵੀ ਨਵਾਂ ਹੁਲਾਰਾ ਦੇਵੇਗੀ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਕੀਨੀਆ ਨੂੰ ਉਸ ਦੇ ਖੇਤੀ ਸੈਕਟਰ ਦੇ ਆਧੁਨਿਕੀਕਰਨ ਲਈ 25 ਕਰੋੜ ਡਾਲਰ ਦਾ ਕਰਜ਼ਾ ਪ੍ਰਦਾਨ ਕਰੇਗਾ। ਇੰਡੋ-ਪੈਸੀਫਿਕ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਭਾਰਤ ਅਤੇ ਕੀਨੀਆ ਵਿਚਾਲੇ ਕਰੀਬੀ ਸਹਿਯੋਗ ਸਾਂਝੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੀਨੀਆ ਦਾ ਮੰਨਣਾ ਹੈ ਕਿ ਅੱਤਵਾਦ ਮਨੁੱਖਤਾ ਦੇ ਸਾਹਮਣੇ ਸਭ ਤੋਂ ਗੰਭੀਰ ਚੁਣੌਤੀ ਹੈ ਅਤੇ ਦੋਹਾਂ ਪੱਖਾਂ ਨੇ ਅੱਤਵਾਦ ਖਿਲਾਫ਼ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਪੱਖ ਭਾਰਤ-ਕੀਨੀਆ ਆਰਥਿਕ ਸਹਿਯੋਗ ਦੀ ਪੂਰੀ ਸਮਰੱਥਾ ਲਊ ਨਵੇਂ ਮੌਕਿਆਂ ਦੀ ਖੋਜ ਕਰਨਾ ਜਾਰੀ ਰੱਖਣਗੇ।