2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਰਨਤਾਰਨ ਜ਼ਿਲ੍ਹੇ ਸਮੇਤ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨੌਂ ਵਿਧਾਨ ਸਭਾ ਹਲਕਿਆਂ ’ਚੋਂ ਸੱਤ ’ਤੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਲੋਕ ਸਭਾ ਚੋਣਾਂ ਕਿਸੇ ਪਰਖ ਤੋਂ ਘੱਟ ਸਾਬਤ ਹੋਣ ਵਾਲੀਆਂ ਨਹੀਂ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਸਥਾਪਤ ਹੋਏ ਵੋਟ ਬੈਂਕ ਨੂੰ ਵਿਧਾਇਕਾਂ ਵੱਲੋਂ ਕਾਇਮ ਰੱਖਣ ਵਾਸਤੇ ਜੂਝਣਾ ਤਾਂ ਪਵੇਗਾ ਹੀ, ਨਾਲ ਹੀ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਹੇਗਾ ਕਿਉਂਕਿ ਸੱਤਾ ਵਿਚ ਰਹਿੰਦਿਆਂ ਵਿਰੋਧੀ ਪਾਰਟੀਆਂ ਵੱਲੋਂ ਸੇਧੇ ਨਿਸ਼ਾਨਿਆਂ ਕਰ ਕੇ ਸੱਤਾਧਾਰੀ ਪਾਰਟੀ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅ
ਜਸਪਾਲ ਸਿੰਘ ਜੱਸੀ, ਤਰਨਤਾਰਨ: 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਰਨਤਾਰਨ ਜ਼ਿਲ੍ਹੇ ਸਮੇਤ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨੌਂ ਵਿਧਾਨ ਸਭਾ ਹਲਕਿਆਂ ’ਚੋਂ ਸੱਤ ’ਤੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਲੋਕ ਸਭਾ ਚੋਣਾਂ ਕਿਸੇ ਪਰਖ ਤੋਂ ਘੱਟ ਸਾਬਤ ਹੋਣ ਵਾਲੀਆਂ ਨਹੀਂ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਸਥਾਪਤ ਹੋਏ ਵੋਟ ਬੈਂਕ ਨੂੰ ਵਿਧਾਇਕਾਂ ਵੱਲੋਂ ਕਾਇਮ ਰੱਖਣ ਵਾਸਤੇ ਜੂਝਣਾ ਤਾਂ ਪਵੇਗਾ ਹੀ, ਨਾਲ ਹੀ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਹੇਗਾ ਕਿਉਂਕਿ ਸੱਤਾ ਵਿਚ ਰਹਿੰਦਿਆਂ ਵਿਰੋਧੀ ਪਾਰਟੀਆਂ ਵੱਲੋਂ ਸੇਧੇ ਨਿਸ਼ਾਨਿਆਂ ਕਰ ਕੇ ਸੱਤਾਧਾਰੀ ਪਾਰਟੀ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਕਸਰ ਵੇਖਿਆ ਜਾਂਦਾ ਰਿਹਾ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕੇ ਤਰਨਤਾਰਨ ’ਚ ਆਮ ਆਦਮੀ ਪਾਰਟੀ ਦੇ ਡਾ. ਕਸ਼ਮੀਰ ਸਿੰਘ ਸੋਹਲ ਨੇ 52935 ਵੋਟਾਂ ਹਾਸਲ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 13588 ਵੋਟਾਂ ਨਾਲ ਹਰਾ ਦਿੱਤਾ ਸੀ। ਸੰਧੂ ਨੂੰ 39347 ਵੋਟ ਪਏ ਸਨ ਜਦੋਂਕਿ 2017 ਦੀਆਂ ਚੋਣਾਂ ’ਚ ਵਿਧਾਇਕ ਬਣੇ ਕਾਂਗਰਸ ਦੇ ਡਾ. ਧਰਮਬੀਰ ਸਿੰਘ ਅਗਨੀਹੋਤਰੀ 2022 ਦੀਆਂ ਚੋਣਾਂ ’ਚ ਕੇਵਲ 20.28 ਫੀਸਦੀ, ਜਾਨੀ 26535 ਵੋਟਾਂ ਹੀ ਲੈ ਸਕੇ। ਇਸੇ ਤਰ੍ਹਾਂ ਜੰਡਿਆਲਾ ਗੁਰੂ ਹਲਕੇ ਦੀ ਗੱਲ ਕਰੀਏ ਤਾਂ ਇਥੇ ਵੀ ਆਮ ਆਦਮੀ ਪਾਰਟੀ ਦੇ ਹਰਭਜਨ ਸਿੰਘ ਈਟੀਓ ਨੇ 25383 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਵਾਈ। ਉਨ੍ਹਾਂ ਨੂੰ 59724 ਵੋਟਾਂ ਪਈਆਂ ਜਦੋਂਕਿ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ 34341 ਵੋਟਾਂ ਲੈ ਕੇ ਦੂਸਰੇ ਸਥਾਨ ’ਤੇ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਨੂੰ 26302 ਵੋਟਾਂ ਹੀ ਮਿਲ ਸਕੀਆਂ। ਖੇਮਕਰਨ ਹਲਕੇ ਤੋਂ ਵੀ ‘ਆਪ’ ਦੇ ਸਰਵਨ ਸਿੰਘ ਧੁੰਨ ਜੇਤੂ ਹੋਏ। ਉਨ੍ਹਾਂ 64541 ਵੋਟਾਂ ਹਾਸਲ ਕਰ ਕੇ ਅਕਾਲੀ ਦਲ ਦੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ 11882 ਵੋਟਾਂ ਨਾਲ ਹਰਾਇਆ। ਵਲਟੋਹਾ ਨੂੰ 52659 ਵੋਟਾਂ ਮਿਲੀਆਂ ਜਦੋਂਕਿ ਇਥੇ ਵੀ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ 28859 ਵੋਟਾਂ ਨਾਲ ਤੀਸਰੇ ਸਥਾਨ ’ਤੇ ਰਹੇ। ਪੱਟੀ ਹਲਕੇ ਤੋਂ ‘ਆਪ’ ਦੇ ਲਾਲਜੀਤ ਸਿੰਘ ਭੁੱਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 10999 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਧਾਨ ਸਭਾ ਵਿਚ ਦਾਖ਼ਲਾ ਪਾਇਆ ਸੀ। ਉਨ੍ਹਾਂ ਨੂੰ 57323 ਵੋਟਾਂ ਪਈਆਂ ਜਦੋਂਕਿ ਕੈਰੋਂ ਨੂੰ 46324 ਅਤੇ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ 33009 ਵੋਟਾਂ ਮਿਲੀਆਂ ਸਨ। ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ 55756 ਵੋਟਾਂ ਲੈ ਕੇ 16491 ਵੋਟਾਂ ਨਾਲ ਜੇਤੂ ਹੋਏ। ਇੱਥੇ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਨੂੰ 39265 ਅਤੇ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ 38533 ਵੋਟਾਂ ਮਿਲੀਆਂ ਸਨ। ਬਾਬਾ ਬਕਾਲਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਵੀ ‘ਆਪ’ ਦੇ ਦਲਬੀਰ ਸਿੰਘ ਟੌਂਗ ਨੇ 52468 ਵੋਟਾਂ ਹਾਸਲ ਕਰ ਕੇ ਕਾਂਗਰਸ ਦੇ ਸੰਤੋਖ ਸਿੰਘ ਭਲਾਈਪੁਰ ਜਿਨ੍ਹਾਂ ਨੂੰ 32916 ਵੋਟਾਂ ਮਿਲੀਆਂ ਸਨ, ਨੂੰ 19552 ਵੋਟਾਂ ਨਾਲ ਹਰਾ ਦਿੱਤਾ। ਇੱਥੇ ਅਕਾਲੀ ਦਲ ਦੇ ਬਲਜੀਤ ਸਿੰਘ 30969 ਵੋਟਾਂ ਨਾਲ ਤੀਸਰੇ ਸਥਾਨ ’ਤੇ ਰਹੇ। ਮਾਲਵਾ ਖੇਤਰ ਦੇ ਜ਼ਿਲ੍ਹਾ ਫਿਰੋਜ਼ਪੁਰ ’ਚ ਪੈਂਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਵੀ ਆਮ ਆਦਮੀ ਪਾਰਟੀ ਦੇ ਨਰੇਸ਼ ਕਟਾਰੀਆ 22776 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਹੋਏ ਸਨ ਜਦੋਂਕਿ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਨੂੰ 41258 ਅਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 40615 ਵੋਟ ਮਿਲੇ ਸਨ। ਖਡੂਰ ਸਾਹਿਬ ਹਲਕੇ ਦੇ ਦੁਆਬਾ ਖੇਤਰ ਵਿਚ ਪੈਂਦੇ ਹਲਕਾ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੇ ਰਾਣਾ ਗੁਰਜੀਤ ਸਿੰਘ ਜੇਤੂ ਹੋਏ। ਉਨ੍ਹਾਂ ਨੇ ‘ਆਪ’ ਦੀ ਮੰਜੂ ਰਾਣਾ ਨੂੰ ਪਏ 36792 ਵੋਟਾਂ ਦੇ ਮੁਕਾਬਲੇ 44096 ਵੋਟਾਂ ਹਾਸਲ ਕਰ ਕੇ 7304 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇੱਥੇ ਅਕਾਲੀ ਦਲ ਦੀ ਉਸ ਵੇਲੇ ਭਾਈਵਾਲ ਬਸਪਾ ਦੇ ਉਮੀਦਵਾਰ ਦਵਿੰਦਰ ਸਿੰਘ ਢਪੱਈ ਨੇ ਚੋਣ ਲੜੀ ਸੀ ਜਿਨ੍ਹਾਂ ਨੂੰ 8627 ਵੋਟਾਂ ਹੀ ਹਾਸਲ ਹੋਈਆਂ। ਸੁਲਤਾਨਪੁਰ ਲੋਧੀ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ 41337 ਵੋਟਾਂ ਹਾਸਲ ਕਰ ਕੇ ‘ਆਪ’ ਦੇ ਸੱਜਣ ਸਿੰਘ ਚੀਮਾ ਜਿਨ੍ਹਾਂ ਨੂੰ 29903 ਵੋਟਾਂ ਪਈਆਂ ਸਨ, ਨੂੰ 11434 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਇੱਥੇ ਕਾਂਗਰਸ ਦੇ ਨਵਤੇਜ ਸਿੰਘ ਚੀਮਾ ਨੂੰ 13459 ਅਤੇ ਅਕਾਲੀ ਦਲ ਦੇ ਹਰਮਿੰਦਰ ਸਿੰਘ ਨੂੰ 17468 ਵੋਟਾਂ ਮਿਲੀਆਂ ਸਨ।
ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਦੇ 2022 ਵਿਚ ਆਏ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਸਾਰੇ ਹਲਕਿਆਂ ’ਚੋਂ ‘ਆਪ’ ਨੂੰ 4 ਲੱਖ 73 ਹਜ਼ਾਰ 476 ਵੋਟਾਂ ਹਾਸਲ ਹੋਈਆਂ ਸਨ ਜਦੋਂਕਿ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ 3 ਲੱਖ 1 ਹਜ਼ਾਰ 486 ਵੋਟਾਂ ਮਿਲੀਆਂ। ਉਥੇ ਹੀ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਨੌਂ ਹਲਕਿਆਂ ਦੇ ਉਮੀਦਵਾਰਾਂ ਨੂੰ 2 ਲੱਖ 93 ਹਜ਼ਾਰ 95 ਵੋਟਾਂ ਮਿਲੀਆਂ ਸਨ। ਹੁਣ ਲੋਕ ਸਭਾ ਚੋਣਾਂ ਲਈ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾ ਦਿੱਤਾ ਹੈ ਅਤੇ 9 ਵਿੱਚੋਂ 7 ਹਲਕਿਆਂ ’ਤੇ ‘ਆਪ’ ਦੇ ਵਿਧਾਇਕ 2022 ਦੇ ਚੋਣ ਬੈਂਕ ਨੂੰ ਕਿੰਨਾ ਕੁ ਕਾਇਮ ਰੱਖਦੇ ਹਨ, ਇਸ ਉੱਪਰ ਸਿਆਸੀ ਮਾਹਰਾਂ ਦੀ ਨਜ਼ਰ ਟਿਕੀ ਹੋਈ ਹੈ। ਲਾਲਜੀਤ ਸਿੰਘ ਭੁੱਲਰ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਤਮਸਤਕ ਹੋਣ ਉਪਰੰਤ ਆਪਣੀ ਚੋਣ ਮੁਹਿੰਮ ਦਾ ਆਗ਼ਾਜ਼ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਸੂਬੇ ਦੇ ਜੁਝਾਰੂ ਲੋਕ ਜੋ ਬਿਨਾਂ ਕਿਸੇ ਡਰ ਭੈਅ ਤੋਂ ਡਟ ਕੇ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿੱਤੂ ਨੀਤੀਆਂ ਕਾਰਨ ਅੱਜ ਵੀ ਲੋਕ ‘ਆਪ’ ਦੇ ਮੁਰੀਦ ਹਨ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਹਲਕੇ ਸਮੇਤ ਪੰਜਾਬ ਦੇ 13 ਹਲਕਿਆਂ ’ਚ ਆਮ ਆਦਮੀ ਪਾਰਟੀ ਜੇਤੂ ਬਣੇਗੀ ਅਤੇ ਲੋਕਾਂ ਦਾ ਪਹਿਲਾਂ ਵਰਗਾ ਹੀ ਪਿਆਰ ਮਿਲੇਗਾ।