2011 ਵਿਸ਼ਵ ਕੱਪ ਜੇਤੂ ਟੀਮ ਦੇ ਸਾਥੀ ਐੱਮਐੱਸ ਧੋਨੀ ਤੇ ਗੌਤਮ ਗੰਭੀਰ ਨੇ ਸੋਮਵਾਰ ਨੂੰ ਆਈਪੀਐੱਲ 2024 ਦੇ 22ਵੇਂ ਮੈਚ ਤੋਂ ਬਾਅਦ ਇਕ-ਦੂਜੇ ਨੂੰ ਗਲੇ ਲਗਾਇਆ ਤੇ ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਐੱਮ.ਏ.ਚਿਦੰਬਰਮ ਸਟੇਡੀਅਮ ‘ਚ ਖੇਡਿਆ ਗਿਆ।
2011 ਵਿਸ਼ਵ ਕੱਪ ਜੇਤੂ ਟੀਮ ਦੇ ਸਾਥੀ ਐੱਮਐੱਸ ਧੋਨੀ ਤੇ ਗੌਤਮ ਗੰਭੀਰ ਨੇ ਸੋਮਵਾਰ ਨੂੰ ਆਈਪੀਐੱਲ 2024 ਦੇ 22ਵੇਂ ਮੈਚ ਤੋਂ ਬਾਅਦ ਇਕ-ਦੂਜੇ ਨੂੰ ਗਲੇ ਲਗਾਇਆ ਤੇ ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਐੱਮ.ਏ.ਚਿਦੰਬਰਮ ਸਟੇਡੀਅਮ ‘ਚ ਖੇਡਿਆ ਗਿਆ। ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ CSK ਨੇ KKR ਨੂੰ 14 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਚੇਨਈ ਦੀ ਧੀਮੀ ਪਿੱਚ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਹਾਲਤ ਖਰਾਬ ਨਜ਼ਰ ਆ ਰਹੀ ਸੀ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੇਕੇਆਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਅਤੇ ਪੂਰੀ ਟੀਮ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣਾ ਸਕੀ। CSK ਲਈ ਰਵਿੰਦਰ ਜਡੇਜਾ (3/18), ਤੁਸ਼ਾਰ ਦੇਸ਼ਪਾਂਡੇ (3/33) ਅਤੇ ਮੁਸਤਫਿਜ਼ੁਰ ਰਹਿਮਾਨ (2/22) ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ।
ਚੇਨਈ ਸੁਪਰ ਕਿੰਗਜ਼ ਨੇ ਟੀਚਾ ਆਸਾਨੀ ਨਾਲ ਹਾਸਿਲ ਕਰ ਲਿਆ। ਰੁਤੁਰਾਜ ਗਾਇਕਵਾੜ ਨੇ ਟੀਮ ਨੂੰ ਅਗਵਾਈ ਦਿੱਤੀ ਅਤੇ 58 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ ਅਜੇਤੂ 67 ਦੌੜਾਂ ਬਣਾਈਆਂ। ਡੈਰਿਲ ਮਿਸਚੇਲ (25) ਅਤੇ ਸ਼ਿਵਮ ਦੂਬੇ (28) ਨੇ ਸ਼ਾਨਦਾਰ ਪਾਰੀ ਖੇਡੀ। ਐੱਮਐੱਸ ਧੋਨੀ 1 ਦੌੜ ਬਣਾ ਕੇ ਅਜੇਤੂ ਰਹੇ।
ਮੈਚ ਤੋਂ ਬਾਅਦ ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਨੇ ਹੱਥ ਮਿਲਾਇਆ ਅਤੇ ਇਕ-ਦੂਜੇ ਨੂੰ ਗਲੇ ਮਿਲੇ। ਇਸ ਪਲ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ। ਅਜਿਹਾ ਇਸ ਲਈ ਕਿਉਂਕਿ ਕਈ ਮੌਕਿਆਂ ‘ਤੇ ਗੰਭੀਰ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ 2011 ਵਿਸ਼ਵ ਕੱਪ ਖਿਤਾਬ ਜਿੱਤਣ ਦਾ ਸਿਹਰਾ ਐਮਐਸ ਧੋਨੀ ਨੂੰ ਨਹੀਂ ਦਿੱਤਾ ਜਾ ਸਕਦਾ। ਗੰਭੀਰ ਦੇ ਬਿਆਨ ਨੇ ਕਈ ਵਾਰ ਹਲਚਲ ਮਚਾਈ ਹੈ। ਹਾਲਾਂਕਿ ਗੰਭੀਰ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਉਹ ਮਹਿੰਦਰ ਸਿੰਘ ਧੋਨੀ ਦੀ ਬਹੁਤ ਇੱਜ਼ਤ ਕਰਦੇ ਹਨ।
ਗੰਭੀਰ ਦਾ ਕਹਿਣਾ ਹੈ ਕਿ 2011 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦਾ ਸਿਹਰਾ ਪੂਰੀ ਟੀਮ ਨੂੰ ਜਾਣਾ ਚਾਹੀਦਾ ਹੈ। ਕਈ ਵਾਰ ਉਨ੍ਹਾਂ ਦੇ ਬਿਆਨਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਲਿਆ ਗਿਆ ਅਤੇ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਧੋਨੀ ਅਤੇ ਗੰਭੀਰ ਵਿਚਾਲੇ ਰੰਜਿਸ਼ ਹੈ। ਹਾਲਾਂਕਿ ਸੀਐਸਕੇ ਅਤੇ ਕੇਕੇਆਰ ਦੇ ਮੈਚ ਤੋਂ ਬਾਅਦ ਉਨ੍ਹਾਂ ਦੇ ਗਲੇ ਮਿਲਣ ਨਾਲ ਪ੍ਰਸ਼ੰਸਕਾਂ ‘ਚ ਇਹ ਸ਼ੱਕ ਦੂਰ ਹੋ ਸਕਦਾ ਹੈ ਕਿ ਦੋਵਾਂ ਵਿਚਕਾਰ ਕੋਈ ਸਮੱਸਿਆ ਹੈ ਜਾਂ ਉਨ੍ਹਾਂ ਦੇ ਰਿਸ਼ਤੇ ਵਿਚ ਦਰਾਰ ਹੈ।
ਜ਼ਿਕਰਯੋਗ ਹੈ ਕਿ ਐੱਮਐੱਸ ਧੋਨੀ ਤੇ ਗੌਤਮ ਗੰਭੀਰ ਨੇ ਭਾਰਤ ਨੂੰ 2011 ਵਿਸ਼ਵ ਕੱਪ ਖਿਤਾਬ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਗੌਤਮ ਗੰਭੀਰ ਨੇ ਵਾਨਖੇੜੇ ਸਟੇਡੀਅਮ ‘ਚ 2 ਅਪ੍ਰੈਲ 2011 ਨੂੰ ਸ਼੍ਰੀਲੰਕਾ ਖਿਲਾਫ ਫਾਈਨਲ ਮੈਚ ‘ਚ 97 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਮਹਿੰਦਰ ਸਿੰਘ ਧੋਨੀ ਨੇ ਅਜੇਤੂ 91 ਦੌੜਾਂ ਬਣਾ ਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ। ਐੱਮਐੱਸ ਧੋਨੀ ਵੱਲੋਂ ਲਾਇਆ ਛੱਕਾ ਅਜੇ ਵੀ ਪ੍ਰਸ਼ੰਸਕਾਂ ਦੇ ਜ਼ਿਹਨ ‘ਚ ਤਾਜ਼ਾ ਹੈ।