ਅਦਾਕਾਰਾ ਜੈਕਲੀਨ ਫਰਨਾਂਡਿਸ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ’ਚ ਮੁੜ ਪੁੱਛਗਿੱਛ ਲਈ ਬੁੱਧਵਾਰ ਨੂੰ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਈ।
ਅਦਾਕਾਰਾ ਜੈਕਲੀਨ ਫਰਨਾਂਡਿਸ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ’ਚ ਮੁੜ ਪੁੱਛਗਿੱਛ ਲਈ ਬੁੱਧਵਾਰ ਨੂੰ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਈ। ਫੋਰਟਿਸ ਹੈਲਥਕੇਅਰ ਕੰਪਨੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਸਮੇਤ ਕਈ ਹੋਰ ਮਸ਼ਹੂਰ ਲੋਕਾਂ ਨਾਲ ਲਗਪਗ 200 ਕਰੋੜ ਰੁਪਏ ਦੀ ਧੋਖਾਧੜੀ ਨਾਲ ਜੁੜੇ ਮਾਮਲੇ ’ਚ 38 ਸਾਲਾ ਜੈਕਲੀਨ ਤੋਂ ਈਡੀ ਪਹਿਲਾਂ ਵੀ ਪੰਜ ਵਾਰ ਪੁੱਛਗਿੱਛ ਕਰ ਚੁੱਕੀ ਹੈ। ਈਡੀ ਦਾ ਦੋਸ਼ ਹੈ ਕਿ ਚੰਦਰਸ਼ੇਖਰ ਨੇ ਅਪਰਾਧ ਨਾਲ ਕਮਾਈ ਰਕਮ ਦਾ ਇਸਤੇਮਾਲ ਸ੍ਰੀਲੰਕਾ ਮੂਲ ਦੀ ਅਦਾਕਾਰਾ ਜੈਕਲੀਨ ਲਈ ਤੋਹਫ਼ੇ ਖ਼ਰੀਦਣ ’ਚ ਕੀਤਾ ਸੀ। ਏਜੰਸੀ ਨੇ ਮਾਮਲੇ ’ਚ ਕੁਝ ਨਵੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ ਇਸ ਲਈ ਉਨ੍ਹਾਂ ਨੇ ਜੈਕਲੀਨ ਨੂੰ ਮੁੜ ਪੁੱਛਗਿੱਛ ਲਈ ਤਲਬ ਕੀਤਾ ਸੀ। ਅਦਾਕਾਰਾ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਈ ਹਾਲਾਂਕਿ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਈਡੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਉਹ ਸਿਹਤ ਸਬੰਧੀ ਮੁਸ਼ਕਲਾਂ ਕਾਰਨ ਪੇਸ਼ ਹੋਣ ’ਚ ਅਸਮਰੱਥ ਹੈ। ਕੇਂਦਰੀ ਜਾਂਚ ਏਜੰਸੀ ਨੇ 2022 ’ਚ ਦਾਖ਼ਲ ਇਕ ਦੋਸ਼ ਪੱਤਰ ’ਚ ਕਿਹਾ ਸੀ ਕਿ ਜੈਕਲੀਨ ਚੰਦਰਸ਼ੇਖਰ ਦੇ ਅਪਰਾਧਕ ਇਤਿਹਾਸ ਤੋਂ ਜਾਣੂ ਹੋਣ ਦੇ ਬਾਵਜੂਦ ਉਸ ਤੋਂ ਕੀਮਤੀ ਸਾਮਾਨ, ਗਹਿਣੇ ਤੇ ਮਹਿੰਗੇ ਤੋਹਫ਼ੇ ਲੈਂਦੀ ਸੀ।