ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ
BSF ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਵੱਡੇ ਨਸ਼ਾ ਤਸਕਰਾਂ ਨੂੰ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਆਨ ਪਿੰਡ ਕੱਕੜ ਥਾਣਾ ਲੋਪੋਕੇ ਜੋ ਕਿ ਪਾਕਿਸਤਾਨੀ ਨਸ਼ਾ ਤਸਰਕਾਂ ਦੇ ਸਪੰਰਕ ‘ਚ ਹਨ ਅਤੇ ਵੱਡੇ ਪੱਧਰ ‘ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।
ਹੈਰੋਇਨ ਵੇਚ ਕੇ ਪ੍ਰਾਪਤ ਪੈਸਿਆਂ ਨੂੰ ਹਵਾਲਾ ਰਾਹੀਂ ਅੱਗੇ ਸਮੱਗਲਰਾਂ ਨੂੰ ਭੇਜਦੇ ਹਨ ਜਿਸ ‘ਤੇ BSF ਤੇ ਥਾਣਾ ਲੋਪੋਕੇ ਪੁਲਿਸ ਵੱਲੋ ਸਾਂਝੇ ਆਪਰੇਸ਼ਨ ਦੌਰਾਨ ਉਕਤ ਦੋਵਾਂ ਨਸ਼ਾ ਤਸਕਰਾਂ ਦੇ ਘਰ ਰੇਡ ਕੀਤੀ ਗਈ। ਇਸ ਦੌਰਾਨ ਤਿੰਨ ਵੱਖ-ਵੱਖ ਬੈਗ ਬਰਾਮਦ ਹੋਏ ਜੋ ਭਾਰੀ ਮਾਤਰਾ ‘ਚ ਭਾਰਤੀ ਕਰੰਸੀ ਨਾਲ ਭਰੇ ਸਨ ਜੋ ਨੋਟ ਗਿਣਨ ਵਾਲੀ ਮਸ਼ੀਨ ਦਾ ਪ੍ਰਬੰਧ ਕਰ ਕੇ ਜਦ ਨੋਟਾਂ ਦੀ ਗਿਣਤੀ ਕੀਤੀ ਗਈ ਤਾਂ 1 ਕਰੋੜ 97 ਲੱਖ 14 ਹਜ਼ਾਰ 650 ਰੁਪਏ ਡਰੱਗ ਮਨੀ ਬਰਾਮਦ ਹੋਈ।
ਇਸ ਤੋਂ ਇਲਾਵਾ ਉਕਤ ਦੋਵਾਂ ਦੋਸ਼ੀਆਂ ਕੋਲੋਂ 5 ਮੋਬਾਈਲ ਫੋਨ ਤੇ ਇਕ ਲੈਪਟਾਪ ਵੀ ਬਰਾਮਦ ਕੀਤਾ ਗਿਆ ਜਿਸ ਸਬੰਧੀ ਉਕਤ ਦੋਵਾਂ ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ।
ਮੁਲਜ਼ਮਾਂ ਦੀ ਕਾਲੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਅਜਿਹੀ ਕੋਈ ਵੀ ਪ੍ਰਾਪਰਟੀ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਫ੍ਰੀਜ਼ ਕਰਵਾਈ ਜਾਵੇਗੀ। ਇੱਥੇ ਇਹ ਵਰਨਣਯੋ ਹੈ ਕਿ ਬਲਵਿੰਦਰ ਸਿੰਘ ਦੇ ਦੋ ਬੇਟੇ ਹਰਭੇਜ ਸਿੰਘ ਉਰਫ ਭੇਜਾ ਅਤੇ ਗੁਰਭੇਜ ਸਿੰਘ ਪਹਿਲਾ ਹੀ ਨਸ਼ਾ ਤਸਕਰੀ ਦੇ ਦੋਸ਼ਾ ਹੇਠ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਨ।