ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਇਸ ਹਲਕੇ ਤੋਂ ਚੱਲਦਾ ਰਿਹਾ ਹੈ ਅਤੇ ਉਨ੍ਹਾਂ ਨੇ ਬਠਿੰਡਾ ਸ਼ਹਿਰ ਅੰਦਰ ਰਹੁਲ ਗਾਂਧੀ ਦੀ ਫੋਟੋ ਵਾਲੇ ਫਲੈਕਸ ਵੀ ਲਾ ਦਿੱਤੇ ਸਨ ਪਰ ਹੁਣ ਟਿਕਟ ਪਾਰਟੀ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਦੇ ਦਿੱਤੀ ਹੈ।
ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਇਸ ਹਲਕੇ ਤੋਂ ਚੱਲਦਾ ਰਿਹਾ ਹੈ ਅਤੇ ਉਨ੍ਹਾਂ ਨੇ ਬਠਿੰਡਾ ਸ਼ਹਿਰ ਅੰਦਰ ਰਹੁਲ ਗਾਂਧੀ ਦੀ ਫੋਟੋ ਵਾਲੇ ਫਲੈਕਸ ਵੀ ਲਾ ਦਿੱਤੇ ਸਨ ਪਰ ਹੁਣ ਟਿਕਟ ਪਾਰਟੀ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਦੇ ਦਿੱਤੀ ਹੈ।
ਜੇਕਰ ਸਿੱਧੂ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਹੁਣ ਤਕ ਕੁੱਲ ਸੱਤ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਜਿਨ੍ਹਾਂ ਵਿੱਚੋਂ ਉਹ ਚਾਰ ਵਾਰ ਜਿੱਤੇ ਹਨ ਅਤੇ ਤਿੰਨ ਵਾਰ ਹਾਰੇ ਹਨ। ਸਿੱਧੂ ਦੇ ਪਿਤਾ ਪੀਪੀਐੱਸਸੀ ਦੇ ਚੇਅਰਮੈਨ ਰਹਿ ਚੁੱਕੇ ਹਨ। ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿਵਲ ਵਿਚ ਗ੍ਰੈਜੂਏਟ ਪ੍ਰੋਫੈਸ਼ਨਲ, ਬੀਐੱਸਸੀ ਇੰਜੀਨੀਅਰਿੰਗ ਸਿਵਲ ਵਿਚ ਕੀਤੀ ਹੈ। ਪੜ੍ਹਾਈ ਕੁਰੂਕਸ਼ੇਤਰ ਦੇ ਰੀਜਨਲ ਇੰਜਨੀਅਰਿੰਗ ਕਾਲਜ ਤੋਂ 1987 ਵਿਚ ਕੀਤੀ ਹੈ।
ਉਂਝ ਉਹ ਪਹਿਲੀ ਵਾਰ ਲੋਕ ਸਭਾ ਚੋਣ ਜਿੱਤ ਲੜਨ ਜਾ ਰਹੇ ਹਨ। ਪਰ ਇਸ ਤੋਂ ਪਹਿਲਾਂ ਉਹ ਵਿਧਾਨ ਸਭਾ ਦੀਆਂ ਸੱਤ ਵਾਰ ਚੋਣਾਂ ਲੜ ਚੁੱਕੇ ਹਨ। ਇਨ੍ਹਾਂ ਵਿੱਚੋਂ ਚਾਰ ਵਾਰ ਜਿੱਤ ਦਰਜ ਕਰ ਕੇ ਵਿਧਾਇਕ ਬਣ ਹਨ ਜਦੋਂ ਕਿ ਤਿੰਨ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਜੀਤ ਮਹਿੰਦਰ ਸਿੱਧੂ ਅਕਾਲੀ ਦਲ ਵਿਚ ਸਨ ਤਾਂ ਉਨ੍ਹਾਂ ਨੇ 2017 ਅਤੇ 2022 ਦੀਆਂ ਚੋਣਾਂ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਵਿਰੁੱਧ ਲੜੀਆਂ ਸਨ। ਹਾਲਾਂਕਿ ਇਨ੍ਹਾਂ ਦੋਵਾਂ ਚੋਣਾਂ ਵਿਚ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜਦੋਂਕਿ ਦੋਵੇਂ ਵਾਰ ਆਮ ਆਦਮੀ ਪਾਰਟੀ ਦੇ ਪ੍ਰੋ. ਬਲਜਿੰਦਰ ਕੌਰ ਨੇ ਆਪਣੀ ਜਿੱਤ ਦਰਜ ਕਰਵਾਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਖੁਸ਼ਬਾਜ਼ ਸਿੰਘ ਜਟਾਣਾ ਜੀਤ ਮਹਿੰਦਰ ਸਿੱਧੂ ਦਾ ਖੁੱਲ੍ਹ ਕੇ ਸਮਰਥਨ ਕਰਦੇ ਹਨ ਜਾਂ ਨਹੀਂ। ਇਸ ਤੋਂ ਪਹਿਲਾਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਖੁਸ਼ਬਾਜ਼ ਜਟਾਣਾ ਤਕੜੇ ਸਿਆਸੀ ਵਿਰੋਧੀ ਰਹੇ ਹਨ।
2022 ਦੀਆਂ ਚੋਣਾਂ ਵਿਚ ਦਿੱਤੇ ਹਲਫ਼ਨਾਮੇ ਅਨੁਸਾਰ ਜੀਤ ਮਹਿੰਦਰ ਸਿੱਧੂ ਕੋਲ ਕੁੱਲ 27,88,74,574 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਅਤੇ 1,68,32,489 ਰੁਪਏ ਦੀਆਂ ਦੇਣਦਾਰੀਆਂ ਹਨ।
ਜੀਤ ਮਹਿੰਦਰ ਸਿੱਧੂ ਖ਼ਿਲਾਫ਼ ਕੁੱਲ ਤਿੰਨ ਕੇਸ ਦਰਜ ਹਨ। ਦੋ ਥਾਣੇ ਤਲਵੰਡੀ ਸਾਬੋ ਅਤੇ ਇੱਕ ਥਾਣਾ ਕੁਰੂਕਸ਼ੇਤਰ ਵਿਚ ਹੈ। ਜੀਤ ਮਹਿੰਦਰ ਸਿੰਘ ਸਿੱਧੂ ਖ਼ਿਲਾਫ਼ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਥਾਣੇ ਵਿਚ ਕਿਲ੍ਹੇ ’ਤੇ ਕਬਜ਼ਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਿੰਡ ਝੜੌਲੀ ਖੁਰਦ ਹਰਿਆਣਾ ਦੇ ਵਾਸੀ ਅਜੀਤ ਸਿੰਘ ਮਾਹਲ ਦੀ ਸ਼ਿਕਾਇਤ ’ਤੇ ਜੀਤ ਮਹਿੰਦਰ ਸਿੱਧੂ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਸਿੱਧੂ ਅਤੇ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹਥਿਆਰਾਂ ਦੇ ਜ਼ੋਰ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਜੀਤ ਮਹਿੰਦਰ ਸਿੱਧੂ ਖ਼ਿਲਾਫ਼ ਤਲਵੰਡੀ ਸਾਬੋ ਥਾਣੇ ਵਿੱਚ 2020 ਵਿਚ ਇਰਾਦੇ ਨਾਲ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
-1997 ’ਚ ਅਕਾਲੀ ਦਲ ਦੀ ਟਿਕਟ ’ਤੇ ਤਲਵੰਡੀ ਸਾਬੋ ਸੀਟ ਤੋਂ ਪਹਿਲੀ ਚੋਣ ਲੜੀ ਸੀ ਪਰ ਉਹ ਕਾਂਗਰਸ ਦੇ ਹਰਮੰਦਰ ਸਿੰਘ ਜੱਸੀ ਤੋਂ 3193 ਵੋਟਾਂ ਨਾਲ ਹਾਰ ਗਏ।
-2002 ਦੀਆਂ ਚੋਣਾਂ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਉਹ ਆਜ਼ਾਦ ਤੌਰ ’ਤੇ ਚੋਣ ਲੜੇ, ਜਿਸ ਵਿਚ ਉਹ ਕਾਂਗਰਸ ਦੇ ਹਰਮੰਦਰ ਸਿੰਘ ਜੱਸੀ ਤੋਂ 237 ਵੋਟਾਂ ਨਾਲ ਜੇਤੂ ਰਹੇ। ਇਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।
-2007 ਵਿਚ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ, ਜਿਨ੍ਹਾਂ ਨੇ ਅਕਾਲੀ ਦਲ ਦੇ ਅਮਰਜੀਤ ਸਿੱਧੂ ਨੂੰ 3790 ਵੋਟਾਂ ਦੇ ਫਰਕ ਨਾਲ ਹਰਾਇਆ।
-2012 ਵਿਚ ਮੁੜ ਕਾਂਗਰਸ ਦੇ ਉਮੀਦਵਾਰ ਬਣੇ ਅਤੇ ਇਸ ਚੋਣ ਵਿੱਚ ਵੀ ਅਕਾਲੀ ਦਲ ਦੇ ਅਮਰਜੀਤ ਸਿੱਧੂ ਨੂੰ 8524 ਵੋਟਾਂ ਨਾਲ ਹਰਾਇਆ। ਇਸ ਚੋਣ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
-2014 ਵਿਚ ਤਲਵੰਡੀ ਸਾਬੋ ਵਿਚ ਹੋਈ ਜ਼ਿਮਨੀ ਚੋਣ ਵਿਚ ਉਨ੍ਹਾਂ ਨੇ ਅਕਾਲੀ ਦਲ ਤੋਂ ਚੋਣ ਲੜੀ ਸੀ ਅਤੇ ਕਾਂਗਰਸ ਦੇ ਹਰਮੰਦਰ ਸਿੰਘ ਜੱਸੀ ਤੋਂ 46642 ਵੋਟਾਂ ਨਾਲ ਜਿੱਤੇ ਸਨ। ਇਹ ਉਨ੍ਹਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਸੀ।
-2017 ਦੀਆਂ ਚੋਣਾਂ ਵਿਚ ਤੀਜੇ ਨੰਬਰ ’ਤੇ ਰਹੇ ਸਨ। ਇਸ ਚੋਣ ਵਿਚ ਉਹ ਅਕਾਲੀ ਦਲ ਦੇ ਉਮੀਦਵਾਰ ਬਣੇ। ਇਸ ਚੋਣ ਵਿਚ ‘ਆਪ’ ਉਮੀਦਵਾਰ ਬਲਜਿੰਦਰ ਕੌਰ ਜੇਤੂ ਰਹੀ।
-2022 ਦੀਆਂ ਚੋਣਾਂ ਵਿਚ ਵੀ ਉਹ ਅਕਾਲੀ ਦਲ ਦੇ ਉਮੀਦਵਾਰ ਬਣੇ ਅਤੇ ’ਆਪ’ ਦੀ ਬਲਜਿੰਦਰ ਕੌਰ ਤੋਂ 15252 ਵੋਟਾਂ ਦੇ ਫਰਕ ਨਾਲ ਹਾਰ ਗਏ। ਇਸ ਤੋਂ ਬਾਅਦ ਅਕਤੂਬਰ 2023 ਵਿਚ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।