ਸੁਨਿਆਰਾ ਸਰਾਫ਼ਾ ਐਸੋਸੀਏਸ਼ਨ ਦੇ ਅਧਿਕਾਰੀਆਂ ਅਨੁਸਾਰ ਜੇਕਰ ਸਰਕਾਰ ਨੇ ਇਸ ਸਬੰਧੀ ਜਲਦੀ ਨੀਤੀ ਤਿਆਰ ਕਰ ਕੇ ਕੀਮਤਾਂ ‘ਤੇ ਕਾਬੂ ਨਾ ਪਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰਾਂ ‘ਚ ਬੈਠਣ ਲਈ ਮਜਬੂਰ ਹੋਣਗੇ |
ਪਿਛਲੇ ਕੁਝ ਮਹੀਨਿਆਂ ਤੋਂ ਸੋਨੇ-ਚਾਂਦੀ ਦੇ ਰੇਟਾਂ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਸੋਨਾ-ਚਾਂਦੀ ਬਾਹਰ ਹੁੰਦਾ ਜਾ ਰਿਹਾ ਹੈ।
ਅਜਿਹੇ ‘ਚ ਇਕ ਪਾਸੇ ਜਿੱਥੇ ਚੱਲ ਰਹੇ ਵਿਆਹ-ਸ਼ਾਦੀਆਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਉੱਥੇ ਹੀ ਦੂਜੇ ਪਾਸੇ ਸੁਨਿਆਰਿਆਂ ਵੱਲੋਂ ਵੀ ਲੋਕਾਂ ਤੋਂ ਘੱਟ ਭਾਅ ‘ਤੇ ਐਡਵਾਂਸ ਪੈਸੇ ਲੈ ਕੇ ਬੁਕਿੰਗ ਕੀਤੀ ਜਾ ਰਹੀ ਸੀ, ਫਿਲਹਾਲ ਉਨ੍ਹਾਂ ਦੇ ਮੱਥੇ ‘ਤੇ ਵੀ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਹਨ।
ਸੁਨਿਆਰਾ ਸਰਾਫ਼ਾ ਐਸੋਸੀਏਸ਼ਨ ਦੇ ਅਧਿਕਾਰੀਆਂ ਅਨੁਸਾਰ ਜੇਕਰ ਸਰਕਾਰ ਨੇ ਇਸ ਸਬੰਧੀ ਜਲਦੀ ਨੀਤੀ ਤਿਆਰ ਕਰ ਕੇ ਕੀਮਤਾਂ ‘ਤੇ ਕਾਬੂ ਨਾ ਪਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰਾਂ ‘ਚ ਬੈਠਣ ਲਈ ਮਜਬੂਰ ਹੋਣਗੇ।
ਜੇਕਰ ਪਿਛਲੇ ਛੇ ਸਾਲਾਂ ਦੀ ਗੱਲ ਕਰੀਏ ਤਾਂ ਸਰਾਫ਼ਾ ਬਜ਼ਾਰ ‘ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਅੰਤਰ ਦੇਖਣ ਨੂੰ ਮਿਲਿਆ ਹੈ। ਸਾਲ 2018 ‘ਚ ਜਿੱਥੇ ਸੋਨੇ ਦੀ ਕੀਮਤ 34800 ਰੁਪਏ ਪ੍ਰਤੀ 10 ਗ੍ਰਾਮ ਸੀ ਉਥੇ ਹੀ, ਅਪ੍ਰੈਲ 2024 ‘ਚ ਇਸ ਦੀ ਕੀਮਤ 75 ਹਜ਼ਾਰ ਰੁਪਏ ਤੋਂ ਵੱਧ ਹੋ ਗਈ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਸਾਲ 2018 ‘ਚ 38200 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ ਅਪ੍ਰੈਲ 2024 ‘ਚ 86 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਜਿਊਲਰ ਮੁਨੀਸ਼ ਦਾ ਕਹਿਣਾ ਹੈ ਕਿ ਭਾਵੇਂ ਸੋਨੇ-ਚਾਂਦੀ ਦੇ ਰੇਟ ਲਗਾਤਾਰ ਵਧ ਰਹੇ ਹਨ ਪਰ ਆਉਣ ਵਾਲੇ ਮਹੀਨੇ ਵਿਆਹ-ਸ਼ਾਦੀਆਂ ਹੋਣ ਕਾਰਨ ਇਨ੍ਹਾਂ ਦੀ ਕੀਮਤ ਹੋਰ ਵਧਣ ਦੀ ਉਮੀਦ ਹੈ।
ਲੋਕਾਂ ਨੇ ਅਜੇ ਤਕ ਸੋਨੇ ਦੇ ਗਹਿਣੇ ਖਰੀਦਣੇ ਸ਼ੁਰੂ ਨਹੀਂ ਕੀਤੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਅਗਲੇ ਦੋ ਮਹੀਨਿਆਂ ‘ਚ ਵਿਆਹਾਂ ਦਾ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜੂਨ ਤੋਂ ਵਿਆਹ ਸ਼ੁਰੂ ਹੋਣਗੇ ਤਾਂ ਇਨ੍ਹਾਂ ਦੇ ਰੇਟ ਹੋਰ ਵਧ ਸਕਦੇ ਹਨ।
ਪਠਾਨਕੋਟ ਜ਼ਿਲ੍ਹੇ ‘ਚ ਹਰ ਸਾਲ ਸੋਨੇ-ਚਾਂਦੀ ਦਾ ਕਾਰੋਬਾਰ 12 ਕਰੋੜ ਰੁਪਏ ਤੋਂ ਜ਼ਿਆਦਾ ਹੁੰਦਾ ਹੈ।
ਇਸ ਵਿਚ ਪੇਂਡੂ ਖੇਤਰ ‘ਚ ਬਣੀਆਂ ਦੁਕਾਨਾਂ ਤੋਂ ਵੱਧ ਲੋਕ ਸ਼ਹਿਰ ‘ਚ ਸਥਿਤ ਸੁਨਿਆਰਾ ਬਜ਼ਾਰਾਂ ‘ਚੋਂ ਖਰੀਦ-ਵੇਚ ਕਰਦੇ ਹਨ। ਜਾਣਕਾਰੀ ਅਨੁਸਾਰ ਸ਼ਹਿਰੀ ਸੁਨਿਆਰਿਆਂ ਕੋਲ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੇ ਜ਼ਿਆਦਾ ਡਿਜ਼ਾਈਨ ਹੁੰਦੇ ਹਨ।
ਜਿਸ ਕਾਰਨ ਜ਼ਿਆਦਾਤਰ ਪੇਂਡੂ ਖੇਤਰ ਦੇ ਲੋਕ ਵੀ ਖਰੀਦਦਾਰੀ ਲਈ ਸ਼ਹਿਰਾਂ ਦਾ ਰੁਖ਼ ਕਰਦੇ ਹਨ, ਪਰ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਹੁਣ ਸੁਨਿਆਰਿਆਂ ਦੀਆਂ ਦੁਕਾਨਾਂ ’ਤੇ ਇੱਕਾ-ਦੁੱਕਾ ਗਾਹਕ ਹੀ ਨਜ਼ਰ ਆਉਂਦੇ ਹਨ।
ਸੁਨਿਆਰਾ ਸਰਾਫਾ ਐਸੋਸੀਏਸ਼ਨ ਦੇ ਮੁਖੀ ਅਜੈ ਬੱਬਰ ਦਾ ਕਹਿਣਾ ਹੈ ਕਿ ਪਠਾਨਕੋਟ ਜ਼ਿਲ੍ਹੇ ‘ਚ ਕੁੱਲ 532 ਜਿਊਲਰਾਂ ਦੀਆਂ ਦੁਕਾਨਾਂ ਹਨ। ਅਜਿਹੇ ‘ਚ ਲੇਬਰ ਦਾ ਕੰਮ ਕਰਦੇ ਹਜ਼ਾਰਾਂ ਪਰਿਵਾਰ ਵੀ ਇਸ ਧੰਦੇ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।
ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਦਖਲ ਦੇ ਕੇ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਸਟੇਬਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸੋਨਾ-ਚਾਂਦੀ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਜਿਨ੍ਹਾਂ ਦੁਕਾਨਦਾਰਾਂ ਤੋਂ ਬੁਕਿੰਗ ਲਈ ਐਡਵਾਂਸ ‘ਚ ਪੈਸੇ ਲਏ ਗਏ ਸਨ, ਉਨ੍ਹਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਕਾਰੋਬਾਰ ਨੂੰ ਵੱਡਾ ਝਟਕਾ ਲੱਗੇਗਾ।