ਪੋ੍ਰ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ ਅਜਿਹਾ ਸੰਘ ਹੈ ਜਿਸ ਵਿਚ ਇਸਤਰੀਆਂ ਖੁੱਲ੍ਹਾ ਅਤੇ ਬਰਾਬਰ ਭਾਗ ਲੈਂਦੀਆਂ ਹਨ। ਪੂਰਬ ਦੇ ਇਤਿਹਾਸ ਵਿਚ ਪਹਿਲੀ ਵਾਰੀ ਇਸਤਰੀ ਨੂੰ ਮਰਦਾਂ ਦੇ ਬਰਾਬਰ ਹੱਕ ਮਿਲਿਆ ਹੈ।’ ਦਰ-ਹਕੀਕਤ ਸਿੱਖ ਧਰਮ ਇਕੋ-ਇਕ ਅਜਿਹਾ ਧਰਮ ਹੈ ਜਿਸ ਵਿਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ।
ਪੋ੍ਰ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ ਅਜਿਹਾ ਸੰਘ ਹੈ ਜਿਸ ਵਿਚ ਇਸਤਰੀਆਂ ਖੁੱਲ੍ਹਾ ਅਤੇ ਬਰਾਬਰ ਭਾਗ ਲੈਂਦੀਆਂ ਹਨ। ਪੂਰਬ ਦੇ ਇਤਿਹਾਸ ਵਿਚ ਪਹਿਲੀ ਵਾਰੀ ਇਸਤਰੀ ਨੂੰ ਮਰਦਾਂ ਦੇ ਬਰਾਬਰ ਹੱਕ ਮਿਲਿਆ ਹੈ।’ ਦਰ-ਹਕੀਕਤ ਸਿੱਖ ਧਰਮ ਇਕੋ-ਇਕ ਅਜਿਹਾ ਧਰਮ ਹੈ ਜਿਸ ਵਿਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਸਮਾਜਿਕ ਤੇ ਧਾਰਮਿਕ ਤੌਰ ’ਤੇ ਬਹੁਤ ਬਦਤਰ ਸੀ। ਉਸ ਵੇਲੇ ਸਤਿਗੁਰਾਂ ਨੇ ਜੋ ਇਨਕਲਾਬੀ ਮਹਾਂਵਾਕ ਉਚਾਰੇ, ਉਨ੍ਹਾਂ ਦੀ ਗੂੰਜ ਅੱਜ ਤੱਕ ਕੋਟਿ ਬ੍ਰਹਿਮੰਡਾਂ ਵਿਚ ਗੂੰਜ ਰਹੀ ਹੈ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਮ. ੧, ਅੰਗ: ੪੭੩)
ਭਾਵ ਜਿਸ ਔਰਤ ਨੇ ਮਹਾਨ ਰਾਜੇ ਆਦਿ ਜੰਮੇ ਹਨ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ? ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਵਲੋਂ ਉਸ ਵੇਲੇ ਖ਼ਾਸ ਕਰਕੇ ਲੰਗਰ ਦੀ ਸੇਵਾ ਕਰਨ ਵਿਚ ਸੰਗਤਾਂ ਦੀ ਅਗਵਾਈ ਕੀਤੀ :
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ (ਰਾਮਕਲੀ ਕੀ ਵਾਰ, ਅੰਗ: ੯੬੭)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਰਾਮਕਲੀ ਕੀ ਵਾਰ’ ਵਿਚ ਗੁਰੂ-ਘਰ ਦੇ ਅਨਿੰਨ ਢਾਡੀ ਭਾਈ ਸੱਤਾ ਤੇ ਬਲਵੰਡ ਜੀ ਫ਼ਰਮਾੳਂਦੇ ਹਨ ਕਿ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਨੇਕ ਔਰਤ ਹਨ, ਜਿਨ੍ਹਾਂ ਦੀ ਮਮਤਾਮਈ ਛਾਂ ਭਾਰੀ ਪੱਤਰਾਂ ਵਾਲੀ ਹੈ, ਭਾਵ ਬਹੁਤ ਹੀ ਘਣੀ ਹੈ। ਮਾਤਾ ਜੀ ਲੰਗਰ ਵਿਚ ਸੰਗਤਾਂ ਦੀ ਸੇਵਾ, ਚਾਅ ਤੇ ਉਮਾਹ ਨਾਲ ਕਰਦੇ ਸਨ।
ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ ਬੀਬੀ ਭਾਨੀ ਜੀ ਨੇ ਵੀ ਪਿਤਾ ਸਤਿਗੁਰਾਂ ਦੀ ਅਣਥੱਕ ਸੇਵਾ ਕਰਕੇ ਮਿਸਾਲ ਕਾਇਮ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਦੇ ਕੋਨੇ-ਕੋਨੇ ’ਚ 22 ਮੰਜੀਆਂ ਸਥਾਪਿਤ ਕੀਤੀਆਂ ਤੇ ਇਨ੍ਹਾਂ ’ਚੋਂ ਅਨੇਕਾਂ ਸਿੱਖ ਬੀਬੀਆਂ ਨੂੰ ਦਿੱਤੀਆਂ ਗਈਆਂ ਸਨ। ਗੁਰੂ ਸਾਹਿਬ ਨੇ ਵਿਧਵਾਵਾਂ ਦੇ ਪੁਨਰ-ਵਿਆਹ ਦੀ ਇਜਾਜ਼ਤ ਦੇ ਕੇ ਅਣਗਿਣਤ ਮਾਸੂਮ ਬੱਚੀਆਂ, ਜੋ ਬਾਲ ਉਮਰੇ ਹੀ ਵਿਧਵਾ ਹੋ ਜਾਂਦੀਆਂ ਸਨ, ਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਸੀ। ਸਤਿਗੁਰਾਂ ਵਲੋਂ ਪ੍ਰਚਲਿਤ ਸਤੀ ਦੀ ਰਸਮ ਬਾਦਸ਼ਾਹ ਅਕਬਰ ਨੂੰ ਕਹਿ ਕੇ ਸਰਕਾਰੀ ਤੌਰ ’ਤੇ ਗੈਰ-ਕਾਨੰੂਨੀ ਕਰਾਰ ਦਿਵਾਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਬੀਬੀਆਂ ਨੂੰ ਖ਼ਾਲਸਾ ਪੰਥ ’ਚ ਸ਼ਾਮਲ ਕਰਕੇ ਸਭ ਭੇਦ-ਭਾਵ ਬਿਲਕੁਲ ਹੀ ਮਿਟਾ ਦਿੱਤੇ।
ਸਤਿਗੁਰਾਂ ਵਲੋਂ ਜਿਥੇ ਬੀਬੀਆਂ ਨੂੰ ਖ਼ਾਲਸੇ ਬਣਾ ਕੇ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਉਥੇ ਉਨ੍ਹਾਂ ਨੂੰ ਕਮਜ਼ੋਰ ਨਾ ਜਾਣ ਕੇ ਸਿੰਘਾਂ ਦੇ ਬਰਾਬਰ ਦੀ ਜ਼ਿੰਮੇਵਾਰੀ ਵੀ ਦਿੱਤੀ ਹੈ। ਸਤਿਗੁਰਾਂ ਵਲੋਂ ਮਰਦਾਂ ਤੇ ਔਰਤਾਂ ਵਾਸਤੇ ਇਕੋ ਗੁਰਮੰਤ੍ਰ, ਇਕੋ ਮੂਲਮੰਤ੍ਰ ਤੇ ਇਕੋ ਹੀ ਗੁਰਬਾਣੀ ਦਾ ਨਿਤਨੇਮ ਤਜਵੀਜ਼ ਕੀਤਾ ਹੈ। ਜਦ ਸਾਰੀ ਰਹਿਤ ਇਕ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਖ ਮਰਦ ਨੂੰ ਤਾਂ ਦਸਤਾਰ ਦੇ ਕੇ ਸਤਿਕਾਰਿਆ ਗਿਆ ਹੋਵੇ ਤੇ ਹੋਰ ਮਨੁੱਖਤਾ ਤੋਂ ਨਿਰਾਲਾ ਕਰ ਦਿੱਤਾ ਗਿਆ ਹੋਵੇ ਪਰ ਸਿੱਖ ਔਰਤਾਂ ਨੂੰ ਦਸਤਾਰ ਸਜਾਉਣ ਦੀ ਆਗਿਆ ਨਾ ਹੋਵੇ? ਕੇਸ ਸਿੱਖੀ ਦੀ ਮੋਹਰ ਹਨ। ਸਤਿਗੁਰਾਂ ਨੇ ‘ਕਾਬੁਲ’ ਦੀ ਸੰਗਤ ਨੂੰ ਹੁਕਮਨਾਮੇ ’ਚ ਲਿਖਿਆ ਹੈ ਕਿ ‘ਕੇਸ ਰੱਖਣੇ, ਇਹ ਅਸਾਡੀ ਮੋਹਰ ਹੈ’। ਸਿੱਖਾਂ ਵਾਸਤੇ ਕੇਸਾਂ ਬਾਰੇ ਹੁਕਮ ਪਹਿਲੀ ਪਾਤਸ਼ਾਹੀ ਦੇ ਵੇਲੇ ਤੋਂ ਹੀ ਜਾਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ ਕਿ ਜਦੋਂ ਤੱਕ ਖ਼ਾਲਸਾ ਆਪਣੀ ਵੱਖਰੀ ਪਛਾਣ ਬਣਾਈ ਰੱਖੇਗਾ, ਉਦੋਂ ਤੱਕ ਸਤਿਗੁਰ ਆਪਣੀ ਸਾਰੀ ਤਾਕਤ ਆਪਣੇ ਖ਼ਾਲਸੇ ਨੂੰ ਮੁਹੱਈਆ ਕਰਨਗੇ:
ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦੀਓ ਮੈ ਸਾਰਾ॥
ਖ਼ਾਲਸਾ ਬਾਣੇ ’ਚ ਪੰਜ ਕਕਾਰ ਤੇ ਸੁੰਦਰ ਦਸਤਾਰਾ ਸ਼ਾਮਲ ਹਨ। ਸਿੱਖ ਧਰਮ ’ਚ ਦਸਤਾਰ ਨੂੰ ਸਭ ਤੋਂ ਵੱਧ ਧਾਰਮਿਕ ਤੇ ਸਮਾਜਿਕ ਮਹੱਤਵ ਦਿੱਤਾ ਜਾਂਦਾ ਹੈ। ਸਿੱਖ ਮਤ ’ਚ ਦਸਤਾਰ ਦੀ ਮਰਯਾਦਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਆਰੰਭ ਹੋ ਗਈ ਸੀ। ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿਕਰ ਕਰਦੇ ਹੁੰਦੇ ਸਨ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ (ਧਰਮ ਸੁਪਤਨੀ) ਮਾਤਾ ਗੰਗਾ ਜੀ ‘ਸਾਬਤ ਸੂਰਤਿ ਦਸਤਾਰ ਸਿਰਾ’ ਦੀ ਰਹਿਤ ਦੇ ਧਾਰਨੀ ਸਨ। ਅਠ੍ਹਾਰਵੀਂ ਸਦੀ ਵਿਚ, ਜਦੋਂ ਸਿੱਖ ਮਰਦ, ਮੁਗ਼ਲ ਤਸ਼ੱਦਦ ਤੋਂ ਤੰਗ ਆ ਕੇ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਹਿੱਤ ਸ਼ਹਿਰਾਂ ਤੇ ਕਸਬਿਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿਚ ਚਲੇ ਗਏ ਸਨ। ਮੁਗ਼ਲਾਂ ਨੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਲਈ ਸਿੰਘਾਂ ਦੇ ਸਿਰਾਂ ਲਈ ਇਨਾਮਾਂ ਦਾ ਐਲਾਨ ਕੀਤਾ ਸੀ।
ਭਾਈ ਰਤਨ ਸਿੰਘ ਭੰਗੂ ਰਚਿਤ ‘ਪੁਰਾਤਨ ਪੰਥ ਪ੍ਰਕਾਸ਼’ ਵਿਚ ਇਸ ਬਾਰੇ ਜ਼ਿਕਰ ਕੀਤਾ ਹੈ ‘…ਲਾਲਚ ਵੱਸ ਪੈ ਕੇ ਧੜਾ-ਧੜ ਸਿੰਘਾਂ ਦੇ ਖਿਲਾਫ਼ ਮੁਖ਼ਬਰੀਆਂ ਹੋਣ ਲੱਗ ਪਈਆਂ। ਮੁਖ਼ਬਰਾਂ ਨੇ ਸਿੰਘਾਂ ਦੀ ਬਜਾਏ ਸਿੱਖ ਔਰਤਾਂ ਦੇ ਸੀਸ ਕੱਟ ਕੇ ਜਰਵਾਣਿਆਂ ਕੋਲ ਜਾ ਕੇ ਇਹ ਕਹਿ ਕੇ, ਕਿ ਇਹ ਸੀਸ ਸਿੱਖ ਭੁਜੰਗੀਆਂ ਦੇ ਹਨ, ਇਨਾਮ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ।’ ਅਠ੍ਹਾਰਵੀਂ ਸਦੀ ਦੇ ਅੰਗਰੇਜ਼ ਇਤਿਹਾਸਕਾਰ ਕਨਿੰਘਮ ਨੇ ਸਿੱਖ ਬੀਬੀਆਂ ਦੀ ਪਛਾਣ ਬਾਬਤ ਲਿਖਿਆ ਹੈThe Sikh women are distinguished from Hindus of their sex by some variety of dress, chiefly by a higher top knot of hair. (History of the Sikhs by Mr. Cunningham) ‘ਸਿੱਖ ਔਰਤਾਂ ਹਿੰਦੂ ਔਰਤਾਂ ਤੋਂ ਕੁਝ ਤਾਂ ਪਹਿਰਾਵੇ ਤੋਂ, ਤੇ ਖ਼ਾਸ ਤੌਰ ’ਤੇ ਸਿਰ ਉਪਰ ਜੂੜਾ ਕਰਨ ਕਰਕੇ ਅਲੱਗ ਲੱਗਦੀਆਂ ਹਨ।’ ਸਿੱਖ ਸਮਾਜ ’ਚ ਕਾਫ਼ੀ ਔਰਤਾਂ ਦਸਤਾਰ ਸਜਾਉਣ ਲੱਗੀਆਂ ਹਨ ਪਰ ਬਹੁਗਿਣਤੀ ਲੋਕ ਸਮਝਦੇ ਹਨ ਕਿ ਸਿੱਖ ਬੀਬੀਆਂ ਅੰਦਰ ਦਸਤਾਰ ਸਜਾਉਣ ਦਾ ਰਿਵਾਜ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਨੇ ਸ਼ੁਰੂ ਕੀਤਾ ਸੀ।
ਮਾਝਾ ਖ਼ਾਲਸਾ ਦੀਵਾਨ, ਪੰਚ ਖ਼ਾਲਸਾ ਦੀਵਾਨ ਭਸੌੜ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਜਥਾ, ਭਾਈ ਰਣਧੀਰ ਸਿੰਘ ਦਾ ਜਥਾ ਤੇ ਹੋਰ ਬੇਅੰਤ ਸੰਪਰਦਾਈ ਸੰਤ ਮਹਾਂਪੁਰਖਾਂ ਦੇ ਜਥਿਆਂ ’ਚ ਦਸਤਾਰ ਬੀਬੀਆਂ ਦੇ ਪਹਿਰਾਵੇ ਦਾ ਹਿੱਸਾ ਰਹੀ ਹੈ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀਆਂ ਸਭ ਔਰਤਾਂ ਛੋਟੀ ਦਸਤਾਰ (ਕੇਸਕੀ) ਦੀਆਂ ਧਾਰਨੀ ਸਨ। ਕੈਰੋਂ ਤੇ ਫ਼ਿਰੋਜ਼ਪੁਰ ਦੇ ਕੰਨਿਆ ਵਿਦਿਆਲਿਆਂ ਦੀਆਂ ਭੁਜੰਗਣਾਂ ਦਸਤਾਰਧਾਰੀ ਹੁੰਦੀਆਂ ਸਨ। ਅਖੰਡ ਕੀਰਤਨੀ ਜਥੇ ਅੰਦਰ ਸਭ ਬੀਬੀਆਂ ਦਸਤਾਰ ਦੀਆਂ ਧਾਰਨੀ ਹਨ ਤੇ ਕੇਸਕੀ (ਛੋਟੀ ਦਸਤਾਰ) ਨੂੰ ਪੰਜਵਾਂ ਕਕਾਰ ਮੰਨਿਆ ਜਾਂਦਾ ਹੈ। ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨਾਲ ਸਬੰਧਤ ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਵੀ ਦਸਤਾਰ ਸਜਾਉਂਦੀਆਂ ਹਨ। ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਦੇ ਜਥੇ ’ਚ ਵੀ ਬੀਬੀਆਂ ਲਈ ਦਸਤਾਰ ਸਜਾਉਣੀ ਲਾਜ਼ਮੀ ਹੈ। ਅਮਰੀਕਾ, ਕੈਨੇਡਾ ਅਤੇ ਯੂਰਪ ਆਦਿ ਦੇਸ਼ਾਂ ਅੰਦਰ ਬੇਅੰਤ ਸਿੱਖ ਬੀਬੀਆਂ ਦਸਤਾਰ ਸਜਾ ਕੇ ਫ਼ੌਜ, ਪੁਲਿਸ, ਅਦਾਲਤਾਂ ਅਤੇ ਹਵਾਈ ਸੇਵਾਵਾਂ ਅੰਦਰ ਉੱਚ ਅਹੁਦਿਆਂ ’ਤੇ ਬੈਠੀਆਂ ਹਨ।
1. ਅੰਮਿ੍ਰਤ ਛਕਨੇ ਵਾਲੇ ਨੂੰ ਪਹਿਲੇ ਕਛ ਪਹਿਰਾਨੀ। ਕੇਸ ਇਕਠੇ ਕਰ ਜੂੜਾ ਦਸਤਾਰ ਸਜਾਵਨੀ। ਗਾਤ੍ਰੇ ਸ੍ਰੀ ਸਾਹਿਬ ਹਾਥ ਜੋੜ ਖੜਾ ਰਹੈ। (ਰਹਿਤਨਾਮਾ ਭਾਈ ਦਯਾ ਸਿੰਘ)
2. ਜੂੜਾ ਸੀਸ ਕੇ ਮਧ ਭਾਡ ਮੇ ਰਾਖੈ ਔਰ ਪਾਗ ਬੜੀ ਬਾਂਧੈ, ਕੇਸ ਢਾਂਪ ਰਖੈ, ਕੰਘਾ ਦਵੈ ਕਾਲ ਕਰੈ, ਪਾਗ ਚੁਨ ਕਰ ਬਾਧੇ। (ਰਹਿਤਨਾਮਾ ਭਾਈ ਦਯਾ ਸਿੰਘ)
3. ਇਸਤ੍ਰੀਓਂ ਕਾ ਸੀਸ ਜੂੜੇ ਵਤ ਕਰਾਵੇ, ਲੰਬਾ ਨ ਕਰਾਵੈ।
(ਰਹਿਤਨਾਮਾ ਭਾਈ ਦਯਾ ਸਿੰਘ)
4. ਜੋ ਅੰਮਿ੍ਰਤ ਛਕਿਆ ਚਾਹੈ, ਕਛ ਪਹਿਰਾਵੈ। ਕੇਸ ਇਕਠੇ ਕਰ ਜੂੜਾ ਕਰੇ, ਦਸਤਾਰ ਸਜਾਵੈ। (ਸੁਧਰਮ ਮਾਰਗ ਗ੍ਰੰਥ)
5. ਪਾਗ ਉਤਾਰਿ ਪ੍ਰਸਾਦ ਜੋ ਪਾਵੈ। ਸੋ ਸਿਖ ਕੁੰਭੀ ਨਰਕ ਸਿਧਾਵੈ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
6. ਕੰਘਾ ਦੋਨੋ ਵਕਤ ਕਰ, ਪਾਗ ਚੁਨੇ ਕਰ ਬਾਂਧਈ। ਦਾਤਨ ਨੀਤ ਕਰੇਇ, ਨ ਦੁਖ ਪਾਵੈ ਲਾਲ ਜੀ।
(ਤਨਖਾਹਨਾਮਾ ਭਾਈ ਨੰਦ ਲਾਲ ਜੀ)
7. ਪ੍ਰਾਤ ਇਸਨਾਨ ਜਤਨ ਸੇ ਸਾਧੇ। ਕੰਘਾ ਕਰਦ ਦਸਤਾਰਹਿ ਬਾਧੇ। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਉਪਰ ਦਰਜ ਇਤਿਹਾਸਕ ਪ੍ਰਮਾਣਾਂ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਦਸਤਾਰ ਸਜਾਉਣ ਦਾ ਜੋ ਮਹੱਤਵ ਇਕ ਸਿੱਖ ਮਰਦ ਲਈ ਹੈ, ਉਹੀ ਸਿੱਖ ਇਸਤਰੀ ਵਾਸਤੇ ਵੀ ਹੈ।
ਦੱਖਣੀ ਅਤੇ ਪੱਛਮੀ ਏਸ਼ੀਆ ਅਤੇ ਉਤਰੀ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਪੁਰਾਤਨ ਸਮਿਆਂ ਤੋਂ ਮਰਦਾਂ ਲਈ ਸਿਰ ਢੱਕਣ ਦਾ ਵਿਸ਼ੇਸ਼ ਤਰੀਕਾ ਦਸਤਾਰ ਬੰਨ੍ਹਣਾ ਰਿਹਾ ਹੈ। ਦਸਤਾਰ ਦਾ ਧਾਰਨ ਕਰਨਾ ਸਮਾਜਿਕ ਰੀਤ ਤੋਂ ਲੈ ਕੇ ਧਾਰਮਿਕ ਮਰਿਆਦਾ ਦੇ ਰੂਪ ਵਿਚ ਅਨੇਕਾਂ ਮਤਾਂ ਵਿਚ ਪ੍ਰਚਲਿਤ ਰਿਹਾ ਹੈ। ਮੁਸਲਮਾਨ ਸਮਾਜ ਵਿਚ ਜਦੋਂ ਬਾਬਾ ਫ਼ਰੀਦ ਜੀ ਨੂੰ ਗੱਦੀ ’ਤੇ ਬਿਰਾਜਮਾਨ ਕੀਤਾ ਗਿਆ ਤਾਂ ਉਨ੍ਹਾਂ ਦੀ ਦਸਤਾਰਬੰਦੀ ਕਰਨ ਲਈ ਉਨ੍ਹਾਂ ਦੀ ਮਾਤਾ ਵੱਲੋਂ ਆਪ ਸੂਤ ਕੱਤ ਕੇ ਜੁਲਾਹੇ ਤੋਂ ਦਸਤਾਰਾਂ ਉਣਵਾਈਆਂ ਗਈਆਂ ਸਨ।