ਪੰਜਾਬ ਵਿਚ ਪਹਿਲੀ ਵਾਰ ਚਾਰ ਪਾਰਟੀਆਂ ਆਹਮੋ-ਸਾਹਮਣੇ ਹਨ। ਚਾਰ ਪਾਰਟੀਆਂ ਦੇ ਚੋਣ ਮੈਦਾਨ ਵਿਚ ਹੋਣ ਕਾਰਨ ਕਾਂਗਰਸ ਨੂੰ ਛੱਡ ਦਿੱਤਾ ਜਾਵੇ ਤਾਂ ਸਾਰੀਆਂ ਪਾਰਟੀਆਂ ਨੂੰ ਉਮੀਦਵਾਰਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ’ਚ ਕਾਂਗਰਸ ਸਾਰੀਆਂ ਪਾਰਟੀਆਂ ਲਈ ‘ਲੀਡਰਾਂ ਦੀ ਫੈਕਟਰੀ’ ਬਣ ਗਈ ਹੈ।
ਪੰਜਾਬ ਵਿਚ ਪਹਿਲੀ ਵਾਰ ਚਾਰ ਪਾਰਟੀਆਂ ਆਹਮੋ-ਸਾਹਮਣੇ ਹਨ। ਚਾਰ ਪਾਰਟੀਆਂ ਦੇ ਚੋਣ ਮੈਦਾਨ ਵਿਚ ਹੋਣ ਕਾਰਨ ਕਾਂਗਰਸ ਨੂੰ ਛੱਡ ਦਿੱਤਾ ਜਾਵੇ ਤਾਂ ਸਾਰੀਆਂ ਪਾਰਟੀਆਂ ਨੂੰ ਉਮੀਦਵਾਰਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ’ਚ ਕਾਂਗਰਸ ਸਾਰੀਆਂ ਪਾਰਟੀਆਂ ਲਈ ‘ਲੀਡਰਾਂ ਦੀ ਫੈਕਟਰੀ’ ਬਣ ਗਈ ਹੈ। ਹਾਲਾਂਕਿ ਕਾਂਗਰਸ ਦੇ ਲੀਡਰਾਂ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ’ਤੇ ਵੱਧ ਦਿਖਾਈ ਦੇ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿਚ ਕਾਂਗਰਸ ਤੋਂ ਟੁੱਟ ਕੇ ਦੂਸਰੀਆਂ ਪਾਰਟੀਆਂ ਵਿਚ ਜਾਣ ਵਾਲਿਆਂ ਦੀ ਗਿਣਤੀ ਦੋ ਦਰਜਨ ਤੋਂ ਵੀ ਵੱਧ ਦੀ ਹੋ ਗਈ ਹੈ। ਉਥੇ ਕਾਂਗਰਸ ਤੋਂ ਜਾਣ ਵਾਲੇ ਨੇਤਾ ਦੂਸਰੀਆਂ ਪਾਰਟੀਆਂ ਲਈ ਸੰਜੀਵਨੀ ਦਾ ਵੀ ਕੰਮ ਕਰ ਰਹੇ ਹਨ।
ਲੋਕ ਸਭਾ ਚੋਣਾਂ ਦੀ ਹੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਅਤੇ ਫਤਹਿਗੜ੍ਹ ਸਾਹਿਬ ’ਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਆਏ ਡਾ. ਰਾਜਕੁਮਾਰ ਚੱਬੇਵਾਲ ਅਤੇ ਗੁਰਪ੍ਰੀਤ ਜੀਪੀ ਨੂੰ ਉਮੀਦਵਾਰ ਬਣਾਇਆ ਜਦਕਿ ਕਾਂਗਰਸ ਤੋਂ ਆਏ ਸੁਸ਼ੀਲ ਰਿੰਕੂ ਆਪ ਦੇ ਹੱਥੀਂ ਨਿਕਲ ਗਏ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ। ਭਾਜਪਾ ਕੋਲ ਇਸ ਸੀਟ ’ਤੇ ਮਜ਼ਬੂਤ ਉਮੀਦਵਾਰ ਦੀ ਕਮੀ ਸੀ।
ਇਸੇ ਤਰ੍ਹਾਂ ਲੁਧਿਆਣਾ ’ਚ ਰਵਨੀਤ ਬਿੱਟੂ ਕਾਂਗਰਸ ਤੋਂ ਟੁੱਟ ਕੇ ਭਾਜਪਾ ’ਚ ਆ ਗਏ। ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ। ਹਾਲਾਂਕਿ ਪਟਿਆਲਾ ਤੋਂ ਪਰਨੀਤ ਕੌਰ ਦੀ ਸਥਿਤੀ ਕੁਝ ਅਲੱਗ ਰਹੀ। ਉਹ ਕਾਂਗਰਸ ਤੋਂ ਮੁਅੱਤਲ ਸੀ ਅਤੇ ਉਨ੍ਹਾਂ ਦਾ ਭਾਜਪਾ ਵਿਚ ਜਾਣਾ ਤੈਅ ਸੀ ਪਰ ਇਸ ਸੀਟ ’ਤੇ ਭਾਜਪਾ ਨੂੰ ਬੈਠੇ-ਬਿਠਾਏ ਇਕ ਵੱਡਾ ਨੇਤਾ ਮਿਲ ਗਿਆ। ਹੁਣ ਭਾਜਪਾ ਦੀ ਨਜ਼ਰ ਫਤਹਿਗੜ੍ਹ ਸਾਹਿਬ ਅਤੇ ਖਡੂਰ ਸਾਹਿਬ ’ਤੇ ਟਿਕੀ ਹੋਈ ਹੈ। ਕਾਂਗਰਸ ਤੋਂ ਟੁੱਟ ਕੇ ਜਾਣ ਦਾ ਰੁਝਾਨ 2022 ’ਚ ਹੀ ਸ਼ੁਰੂ ਹੋ ਗਿਆ ਸੀ ਜੋ ਕਿ ਹਾਲੇ ਤੱਕ ਜਾਰੀ ਹੈ। ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਤੇ ਸਾਬਕਾ ਵਿਧਾਇਕ ਫਤਹਿਜੰਗ ਬਾਜਵਾ, ਕੇਵਲ ਢਿੱਲੋਂ ਵਰਗੇ ਨੇਤਾ ਪਹਿਲਾਂ ਭਾਜਪਾ ਵਿਚ ਗਏ। ਉਸ ਉਪਰੰਤ ਸੁਨੀਲ ਜਾਖੜ ਅਤੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾ ਭਾਜਪਾ ਵਿਚ ਸ਼ਾਮਲ ਹੋ ਗਏ।
ਲੋਕ ਸਭਾ ਹੀ ਨਹੀਂ ਬਲਕਿ ਵਿਧਾਨ ਸਭਾ ’ਚ ਕਾਂਗਰਸ ਤੋਂ ਜਾਣ ਵਾਲੇ ਨੇਤਾਵਾਂ ਦੀ ਗਿਣਤੀ ਕਾਫੀ ਵੱਧ ਹੈ। ‘ਆਪ’ ਸਰਕਾਰ ’ਚ ਕੈਬਨਿਟ ਮੰਤਰੀ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ ਵੀ ਕਦੇ ਕਾਂਗਰਸ ਵਿਚ ਹੀ ਹੋਇਆ ਕਰਦੇ ਸਨ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵੀ ਆਪਣਾ ਸਿਆਸੀ ਕਰੀਅਰ ਸ਼੍ਰੋਮਣੀ ਅਕਾਲੀ ਦਲ ’ਚ ਆ ਕੇ ਸੰਵਾਰਿਆ। ਪੰਜਾਬ ਵਿਚ ਕਾਂਗਰਸ ਲੀਡਰਾਂ ਨੂੰ ਤਿਆਰ ਕਰਨ ਵਾਲੀ ਫੈਕਟਰੀ ਹੈ। ਦਲਿਤ ਸਿਆਸਤ ਦੀ ਮਾਂ ਪਾਰਟੀ ਹੈ ਬਸਪਾ। ਪੰਜਾਬ ਵਿਚ ਆਬਾਦੀ ਦੇ ਅਨੁਪਾਤ ਵਿਚ ਦਲਿਤ ਆਬਾਦੀ ਲਗਪਗ 34 ਫੀਸਦੀ ਹੈ। ਦਲਿਤ ਸਿਆਸਤ ਵਿਚ ਬਹੁਜਨ ਸਮਾਜ ਪਾਰਟੀ ਸਭ ਦੀ ਮਾਂ ਪਾਰਟੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਹੋਣ ਜਾਂ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ, ਸਾਰੇ ਕਦੇ ਨਾ ਕਦੇ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਰਹੇ ਹਨ। ਬਸਪਾ ਤੋਂ ਰਾਜਨੀਤੀ ਦਾ ਗੁਰ ਸਿੱਖ ਕੇ ਹੁਣ ਇਹ ਅਲੱਗ-ਅਲੱਗ ਪਾਰਟੀਆਂ ਦੀ ਪ੍ਰਤੀਨਿਧਤਾ ਕਰ ਰਹੇ ਹਨ।