ਥਾਣਾ ਮਕਸੂਦਾਂ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰਿਆਂ ਨੂੰ ਵੱਖ-ਵੱਖ ਥਾਵਾਂ ਤੋਂ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਜਦਕਿ ਦੋ ਲੁਟੇਰੇ ਪੁਲਿਸ ਨੂੰ ਵੱਖ-ਵੱਖ ਨਾਕਿਆਂ ਤੋਂ ਝਕਾਨੀ ਦੇ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਖੁਫ਼ੀਆ ਸੂਚਨਾ ਮਿਲਣ ‘ਤੇ ਥਾਣੇਦਾਰ ਹਰਬੰਸ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕੇਬੰਦੀ ਦੌਰਾਨ ਕਿਸ਼ਨਗੜ੍ਹ ਵੱਲੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ, ਤਾਂ ਮੋਟਰਸਾਈਕਲ ਸਵਾਰ ਨੌਜਵਾਨ ਮੋਟਰਸਾਈਕਲ ਦੀ ਰਫ਼ਤਾਰ ਹੋਰ ਤੇਜ਼ ਕਰ ਕੇ ਨਾਕਾ ਤੋੜਦੇ ਹੋਏ ਨਾਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਦਾ ਪੁਲਿਸ ਪਾਰਟੀ ਵੱਲੋਂ ਪਿੱਛਾ ਕੀਤਾ ਗਿਆ, ਤਾਂ ਉਨਾਂ੍ਹ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਰ ਕੇ ਦੋਵੇਂ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਏ, ਜਿਨ੍ਹਾਂ ‘ਚੋਂ ਇਕ ਨੌਜਵਾਨ ਨੂੰ ਤਾਂ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ ਗਿਆ, ਜਦਕਿ ਦੂਜਾ ਫ਼ਰਾਰ ਹੋ ਗਿਆ। ਉਨਾਂ੍ਹ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਲੁਟੇਰੇ ਨੇ ਆਪਣਾ ਨਾਂਅ ਰਾਕੇਸ਼ ਵਾਸੀ ਗੁਰੂ ਨਾਨਕ ਮੁਹੱਲਾ, ਭੋਗਪੁਰ, ਜ਼ਿਲ੍ਹਾ ਜਲੰਧਰ ਨੇ ਦੱਸਿਆ ਤੇ ਆਪਣੇ ਫ਼ਰਾਰ ਹੋਣ ਵਾਲੇ ਸਾਥੀ ਦਾ ਨਾਂਅ ਸਾਜਨ ਵਾਸੀ ਨਾਨਕ ਮੁਹੱਲਾ ਭੋਗਪੁਰ ਦੱਸਿਆ। ਕਾਬੂ ਕੀਤੇ ਲੁਟੇਰੇ ਕੋਲੋਂ ਗ਼ਲਤ ਨੰਬਰ ਲੱਗਾ ਮੋਟਰਸਾਈਕਲ ਬਰਾਮਦ ਹੋਇਆ ਜੋ ਉਸ ਵੱਲੋਂ ਲੁੱਟਾਂ-ਖੋਹਾਂ ਲਈ ਵਰਤਿਆ ਜਾ ਰਿਹਾ ਸੀ। ਲੁਟੇਰੇ ਵਿਰੁੱਧ ਆਈਪੀਸੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੇ ਬਿਧੀਪੁਰ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਤਾਂ 2 ਨੌਜਵਾਨ ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ‘ਤੇ ਆਉਂਦੇ ਦਿਸੇ, ਜਿਨਾਂ੍ਹ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵੇਂ ਨੌਜਵਾਨਾਂ ਨੇ ਮੋਟਰਸਾਈਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਨੌਜਵਾਨ ਹਨੇਰੇ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋ ਗਿਆ।
ਉਨਾਂ੍ਹ ਦੱਸਿਆ ਕਿ ਕਾਬੂ ਕੀਤੇ ਲੁਟੇਰੇ ਨੌਜਵਾਨ ਨੇ ਆਪਣਾ ਨਾਂਅ ਸਮੀਰ ਵਾਸੀ ਪਿੰਡ ਮਾਓਵਾਲ ਥਾਣਾ ਸਿਟੀ ਨਕੋਦਰ ਦੱਸਿਆ ਤੇ ਉਸ ਨੇ ਫ਼ਰਾਰ ਹੋਣ ਵਾਲੇ ਸਾਥੀ ਦਾ ਨਾਂਅ ਅਕਾਸ਼ ਵਾਸੀ ਹਮੀਰਾ ਜ਼ਿਲ੍ਹਾ ਕਪੂਰਥਲਾ ਦੱਸਿਆ।
ਪੁੱਛਗਿੱਛ ਦੌਰਾਨ ਸਮੀਰ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਨਾਂ੍ਹ ਨੇ ਕੁਝ ਦਿਨ ਪਹਿਲਾਂ ਕਰਤਾਰਪੁਰ ਤੋਂ ਚੋਰੀ ਕੀਤਾ ਸੀ, ਜਿਸ ਵਿਰੁੱਧ ਆਈਪੀਸੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫ਼ਰਾਰ ਹੋਏ ਨੌਜਵਾਨ ਲੁਟੇਰਿਆਂ ਦੀ ਭਾਲ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ।