ਪਾਲੀ ਦੇਤਵਾਲੀਆ ਪੰਜਾਬੀ ਗੀਤਕਾਰੀ, ਗਾਇਕੀ ਵਿਚ ਇਕ ਅਜਿਹਾ ਨਾਂ ਹੈ ਜੋ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਜਦੋਂ ਕਿਤੇ ਪਰਿਵਾਰਕ ਤੇ ਸਭਿਆਚਾਰਕ ਗੀਤਕਾਰੀ, ਗਾਇਕੀ ਦੀ ਗੱਲ ਚੱਲਦੀ ਹੈ ਤਾਂ ਪਾਲੀ ਦੇਤਵਾਲੀਆ ਦਾ ਨਾਂ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਪਿ੍ਰਤਪਾਲ ਉਰਫ਼ ਪਾਲੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਤਵਾਲ ਵਿਖੇ ਹੋਇਆ।
ਪਾਲੀ ਦੇਤਵਾਲੀਆ ਪੰਜਾਬੀ ਗੀਤਕਾਰੀ, ਗਾਇਕੀ ਵਿਚ ਇਕ ਅਜਿਹਾ ਨਾਂ ਹੈ ਜੋ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਜਦੋਂ ਕਿਤੇ ਪਰਿਵਾਰਕ ਤੇ ਸਭਿਆਚਾਰਕ ਗੀਤਕਾਰੀ, ਗਾਇਕੀ ਦੀ ਗੱਲ ਚੱਲਦੀ ਹੈ ਤਾਂ ਪਾਲੀ ਦੇਤਵਾਲੀਆ ਦਾ ਨਾਂ ਆਪ ਮੁਹਾਰੇ ਜ਼ੁਬਾਨ ’ਤੇ ਆ ਜਾਂਦਾ ਹੈ। ਪਿ੍ਰਤਪਾਲ ਉਰਫ਼ ਪਾਲੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਤਵਾਲ ਵਿਖੇ ਹੋਇਆ। ਸਕੂਲ ਪੜ੍ਹਦੇ ਸਮੇਂ ਲੱਗੀ ਗੀਤਕਾਰੀ ਦੀ ਚਿਣਗ ਨੇ ਪਾਲੀ ਦੇਤਵਾਲੀਏ ਦਾ ਨਾਂ ਪੂਰੀ ਦੁਨੀਆ ਵਿਚ ਸਥਾਪਤ ਕੀਤਾ ਹੋਇਆ ਹੈ।
ਪਾਲੀ ਦੇਤਵਾਲੀਆ ਦੇ ਗੀਤ ਉਸ ਸਮੇਂ ਰਿਕਾਰਡ ਹੋਣੇ ਸ਼ੁਰੂ ਹੋਏ ਜਦੋਂ ਬਨੇਰਿਆਂ ’ਤੇ ਸਪੀਕਰ ਵੱਜਦੇ ਸਨ। ਉਸਦੇ ਗੀਤਾਂ ਨੂੰ ਉਸ ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਰਿਕਾਰਡ ਕਰਵਾ ਕੇ ਆਪਣੇ ਨਾਂ ਦੇ ਨਾਲ-ਨਾਲ ਦੇਤਵਾਲੀਏ ਦੇ ਨਾਂ ਨੂੰ ਵੀ ਚਹੁੰ-ਕੂਟੀ ਪਹੁੰਚਾ ਦਿੱਤਾ। ਇਨ੍ਹਾਂ ਵਿਚ ਸੀਤਲ ਸਿੰਘ ਸੀਤਲ, ਕੁਮਾਰੀ ਲਾਜ (ਦਿੱਲੀ), ਰੰਗੀਲਾ ਜੱਟ (ਦਿੱਲੀ ਵਾਲਾ), ਲਾਲ ਚੰਦ ਯਮਲਾ ਜੱਟ, ਗੁਰਮੀਤ ਬਾਵਾ, ਸੁਰਿੰਦਰ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਅਮਰ ਸਿੰਘ ਚਮਕੀਲਾ, ਜਸਵੰਤ ਸੰਦੀਲਾ, ਕਰਤਾਰ ਰਮਲਾ, ਰਮੇਸ਼ ਰੰਗੀਲਾ, ਸਰਵਨ ਬਾਵਾ, ਕੁਲਦੀਪ ਪਾਰਸ, ਰਮਤਾ (ਯੂਕੇ), ਧੰਨਾ ਸਿੰਘ ਰੰਗੀਲਾ, ਹਰਭਜਨ ਟਾਣਕ, ਬਲਵਿੰਦਰ ਸਫਰੀ, ਗੁਰਦੇਵ ਦਿਲਗੀਰ, ਨਿਰਮਲ ਸਿੱਧੂ, ਅਮਰਜੋਤ ਕੌਰ, ਜਗਮੋਹਨ ਕੌਰ, ਸੁਰਿੰਦਰ ਕੌਰ (ਦਿੱਲੀ), ਗੁਲਸ਼ਨ ਕੋਮਲ, ਕੁਲਦੀਪ ਕੌਰ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ, ਦਿਲਰਾਜ ਕੌਰ, ਪਰਮਿੰਦਰ ਸੰਧੂ, ਸੰਤੋਸ਼ ਲਤਾ, ਨੀਲਮ ਰਾਣੀ ਸੀਮਾ ਗਰੇਵਾਲ, ਸਿਮਰਨ ਸਿੰਮੀ ਪ੍ਰਮੁੱਖ ਹਨ।
ਪੰਜ ਸੌ ਦੇ ਲਗਪਗ ਗੀਤ ਲਿਖਣ ਵਾਲਾ ਪਾਲੀ ਆਪਣੇ ਅੱਧੇ ਤੋਂ ਵੱਧ ਗੀਤ ਰਿਕਾਰਡ ਕਰਵਾ ਚੁੱਕਾ ਹੈ। ਇਨ੍ਹਾਂ ਵਿਚ ‘ਭਾਬੀਏ ਭਰਿੰਡ ਰੰਗੀਏ’, ‘ਰੱਖ ਲੈ ਕਲੀਂਡਰ ਯਾਰਾਂ’, ‘ਪੁੱਤ ਜਿੰਨ੍ਹਾਂ ਦੇ ਫ਼ੌਜੀ’, ‘ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ’, ‘ਵੀਰਾ ਤੇਰੇ ਬੰਨ੍ਹਾ ਰੱਖੜੀ’, ‘ਧੀਆਂ ਨੂੰ ਵੀ ਕਹਿ ਕਹੋ ਜਿਊਣ ਜੋਗੀਆਂ’, ‘ਮੇਰਾ ਪਿੰਡ’, ‘ਚਾਲੀ ਪਿੰਡਾਂ ਦੀ ਜ਼ਮੀਨ’, ‘ਵੀਰ ਮੇਰੇ ਰਹਿਣ ਵਸਦੇ’, ‘ਉੱਚੇ ਤੇਰੇ ਮਹਿਲ’, ‘ਤਾਰੋ ਦੀ ਬਲੀ’, ‘ਸਰਵਣ ਵਰਗੇ ਪੁੱਤ’, ‘ਮਾਵਾਂ ਦਾ ਵਿਛੋੜਾ’, ‘ਭਾਈਆਂ ਨਾਲ ਬਹਾਰਾਂ’, ‘ਗੁੱਡੀਆਂ ਪਟੋਲੇ ਰੋਣਗੇ’, ‘ਧੀਆਂ ਪ੍ਰਦੇਸਣਾਂ’, ‘ਪਿਆਰ ਨਾ ਕਰਿਓ’, ‘ਮੈਂ ਇੱਥੇ ਤੇ ਮਾਹੀ ਲੁਧਿਆਣੇ’, ‘ਜੱਟ ਹੋ ਕੇ ਸ਼ਰਾਬੀ’, ‘ਪਤਲੋ ਨੇ ਨੱਚ ਨੱਚ ਕੇ’, ‘ਸੋਲਾਂ ਸਾਲ ਦੇ ਮੁੰਡੇ ਨੇ’ ਅਤੇ ‘ਇਕ ਵੀਰ ਦੇਈਂ ਵੇ ਰੱਬਾਂ’ ਪ੍ਰਮੁੱਖ ਹਨ। ਪਾਲੀ ਦੇਤਵਾਲੀਆ ਨੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿਚ ਬਤੌਰ ਕਲਾਕਾਰ 20 ਸਾਲ ਨੌਕਰੀ ਵੀ ਕੀਤੀ। ਪਾਲੀ ਦੁਨੀਆਦਾਰੀ ਦੇ ਪ੍ਰਤੀ ਸੰਵੇਦਨਸ਼ੀਲ ਵਿਚਾਰਧਾਰਕ ਵਿਅਕਤੀ ਹੈ, ਉਹ ਸਮਾਜਿਕ ਜ਼ਿੰਮੇਵਾਰੀਆਂ ਵਿਚ ਬੱਝਾ ਹੋਇਆ ਆਪਣੇ ਪਰਿਵਾਰ ਪ੍ਰਤੀ ਮੋਹ ਵੰਡਦਾ ਅਕਸਰ ਦਿਖਾਈ ਦਿੰਦਾ ਹੈ।
ਸਮੇਂ ਦੀ ਕਰਵਟ ਨਾਲ ਉਹ ਸੰਗੀਤਕ ਖੇਤਰ ਵਿਚ ਬਤੌਰ ਗਾਇਕ ਉਭਰ ਕੇ ਸਾਹਮਣੇ ਆਇਆ। ਉਸਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਭਿਆਚਾਰਕ ਰੰਗਾਂ ਨੂੰ ਪੇਸ਼ ਕਰਦਿਆਂ ਉੱਚਾ ਨਾਮਣਾ ਖੱਟਿਆ। ਉਨ੍ਹਾਂ ਆਪਣੇ ਗੀਤਾਂ ਤੋਂ ਇਲਾਵਾ ਹੋਰਨਾਂ ਨਾਮਵਰ ਗੀਤਕਾਰਾਂ ਨੰਦ ਲਾਲ ਨੂਰਪੁਰੀ, ਦੇਵ ਥਰੀਕਿਆਂ ਵਾਲਾ, ਜੱਗਾ ਨੱਥੋ ਹੇੜੀ ਵਾਲਾ, ਸਨਮੁੱਖ ਸਿੰਘ ਅਜ਼ਾਦ, ਅਲਬੇਲ ਬਰਾੜ, ਜਸਵੰਤ ਸੰਦੀਲਾ, ਚਮਕੌਰ ਚੱਕ ਵਾਲਾ, ਗੁਰਭਜਨ ਗਿੱਲ, ਕਰਨੈਲ ਸਿਵੀਆ, ਅਮਰੀਕ ਤਲਵੰਡੀ ਅਤੇ ਚੰਨ ਜੰਡਿਆਲਵੀ ਆਦਿ ਦੇ ਗੀਤਾਂ ਨੂੰ ਗਾ ਕੇ ਆਪਣੀ ਹਲੀਮੀ ਤੇ ਸਾਦਗੀ ਦਾ ਸਬੂਤ ਦਿੱਤਾ। ਗਾਇਕੀ ਦੇ ਦੌਰ ’ਚੋਂ ਲੰਘਦਿਆਂ ਪਾਲੀ ਦੇਤਵਾਲੀਆ ਨੇ ਅਮੀਰ ਪੰਜਾਬੀ ਵਿਰਸੇ ਨੂੰ ਹੋਰ ਵਿਸ਼ਾਲ ਬਣਾਉਣ ਲਈ ਆਪਣੇ ਰਿਕਾਰਡਾਂ, ਕੈਸੇਟਾਂ ਤੇ ਸੀਡੀਜ਼ ਜ਼ਰੀਏ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਸ ਦੀਆਂ ਪ੍ਰਮੁੱਖ ਐਲਬਮਾਂ ਵਿਚ ‘ਧੀਆਂ ਰਾਣੀਆਂ’, ‘ਧੀਆਂ ਤੋਰ ਕੇ ਮਾਪੇ’, ‘ਧੀਆਂ ਦੇਣ ਦੁਹਾਈ’, ‘ਧੀਆਂ ਜਿਊਣ ਜੋਗੀਆਂ ਸਦਕੇ ਮਾਵਾਂ ਦੇ’, ‘ਮੈਨੂੰ ਵਿਦਾ ਕਰੋ’, ‘ਮਾਂ ਦੀ ਚਿੱਠੀ’, ‘ਕਰਮਾਂ ਵਾਲੀਆਂ ਮਾਵਾਂ’, ‘ਪੁੱਤ ਸਰਵਣ ਵਰਗੇ’, ‘ਭਾਈਆਂ ਨਾਲ ਬਹਾਰਾਂ’, ‘ਮਾਵਾਂ ਦੇ ਵਿਛੋੜੇ’, ‘ਮਾਪਿਆਂ ਦੀ ਸੇਵਾ’, ‘ਬਾਬਲ ਦਾ ਵਿਹੜਾ’, ‘ਵੇਖ ਧੀਆਂ ਦੇ ਲੇਖ’, ‘ਧੀਏ ਘਰ ਜਾਹ ਆਪਣੇ’, ‘ਰੋਂਦੀਆਂ ਗ਼ਰੀਬ ਦੀਆਂ ਧੀਆਂ’ ਅਤੇ ‘ਚਿੱਠੀਏ ਵਤਨਾਂ ਦੀਏ’ ਸ਼ਾਮਲ ਹਨ। ਪਾਲੀ ਦੀ ਸੱਭਿਆਚਾਰਕ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਗੀਤਕਾਰੀ ਮੰਚ ਅਤੇ ਕਲਾਕਾਰ ਮੰਚ ਵਰਗੀਆਂ ਸੰਸਥਾਵਾਂ ਨੇ ਉਸਨੂੰ ਆਪਣਾ ਪ੍ਰਧਾਨ ਬਣਾਇਆ ਅਤੇ ਪਾਲੀ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ। ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪਾਲੀ ਦੇ ਨਾਂ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਫਿਲ ਕੀਤੀ ਗਈ। ਪੰਜਾਬੀ ਸੰਗੀਤ ਇੰਡਸਟਰੀ ਵਿਚ ਪਾਲੀ ਦੇਤਵਾਲੀਆ ਪਹਿਲਾ ਅਜਿਹਾ ਪ੍ਰਵਾਨਤ ਗਵੱਈਆ ਹੋਇਆ ਹੈ, ਜੋ ਲੰਮੇ ਅਰਸੇ ਤੋਂ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਕੇਂਦਰ ਜਲੰਧਰ ’ਤੇ ਗਾਉਂਦਾ ਆ ਰਿਹਾ ਹੈ।
ਦੇਸ਼-ਵਿਦੇਸ਼ ਦੀਆਂ ਧਰਤੀਆਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕਰਨ ਵਾਲੇ ਪਾਲੀ ਨੇ ਸੰਗੀਤਕ ਖੇਤਰ ਤੋਂ ਇਲਾਵਾ ਸਾਹਿਤ ਦੇ ਖੇਤਰ ਵਿਚ ਵੀ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ‘ਰੱਖ ਲੈ ਕਲੀਂਡਰ ਯਾਰਾਂ’, ‘ਮੱਸਿਆ ਦਾ ਇਕੱਠ ਵੇਖ ਕੇ’, ‘ਛੱਤਰੀ ਲਿਆਦੇ ਹਾਣੀਆਂ’, ‘ਨਿਓ ਕੇ ਚੱਕ ਪੱਠਿਆ’, ‘ਜੱਟ ਹੋ ਗਏ ਸ਼ਰਾਬੀ’, ‘ਯਾਰਾਂ ਦੀ ਵਧੇ ਦੋਸਤੀ’, ‘ਕੌਮ ਦੇ ਜੈਕਾਰੇ’ ਨਾਂ ਦੀਆਂ ਪੁਸਤਕਾਂ ਪਾਠਕ, ਸਰੋਤਿਆਂ ਦੀ ਝੋਲੀ ਪਾਈਆਂ। ਅੱਜ-ਕੱਲ੍ਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਪਾਲੀ ਆਪਣੀ ਜਨਮ ਭੂਮੀ ਪਿੰਡ ਦੇਤਵਾਲ ਵਿਖੇ ਸੁਖਾਵਾਂ ਜੀਵਨ ਬਤੀਤ ਕਰ ਰਿਹਾ ਹੈ।