ਅਕਾਲੀ-ਭਾਜਪਾ ਗੱਠਜੋੜ ਬਾਰੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਜੋ ਸਹੀ ਹੋਵੇਗਾ ਉਸ ਦਾ ਸਵਾਗਤ ਹੈ। ਚਰਚਾਵਾਂ ਚੱਲਦੀ ਰਹਿੰਦੀਆਂ ਹਨ ਪਰ ਨਤੀਜੇ ਆਉਣਗੇ ਤਾਂ ਸਭ ਨੂੰ ਪਤਾ ਚੱਲ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਸੰਵਿਧਾਨਕ ਰਾਜਸੀ ਸਮਝੌਤਾ ਕਰਦਾ ਹੈ
ਲੋਕ ਸਭਾ ਹਲਕਾ ਪਟਿਆਲਾ ਲਈ 17 ਵਾਰ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਵਾਰ ਜਿੱਤ ਹਾਸਲ ਕੀਤੀ ਹੈ। 1977 ਵਿਚ ਅਕਾਲੀ ਦਲ ਨੇ ਪਹਿਲੀ ਵਾਰ ਪਟਿਆਲਾ ਹਲਕਾ ਸੀਟ ਜਿੱਤੀ। ਇਸ ਤੋਂ ਬਾਅਦ 1985, 1996 ਅਤੇ 98 ਵਿਚ ਇਸ ਸੀਟ ’ਤੇ ਅਕਾਲੀ ਦਲ ਦੀ ਝੰਡੀ ਰਹੀ। ਪਰ ਇਸ ਵਾਰ ਗੱਠਜੋੜ ਦੀ ਸ਼ਸੋਪੰਜ ਵਿਚ ਫਸੇ ਹੋਣ ਕਾਰਨ ਅਕਾਲੀ ਦਲ ਦੇ ਉਮੀਦਵਾਰ ਦੀ ਤਸਵੀਰ ਹਾਲੇ ਤੱਕ ਸਾਫ ਨਹੀਂ ਹੋਈ ਹੈ।
1971 ’ਚ ਸ੍ਰੋਮਣੀ ਅਕਾਲੀ ਦਲ ਵਲੋਂ ਗਿਆਨ ਸਿੰਘ ਚੋਣ ਮੈਦਾਨ ਵਿਚ ਉੱਤਰੇ, ਪਰ ਜਿੱਤ ਨਾ ਸਕੇ। ਗਿਆਨ ਸਿੰਘ ਕਾਂਗਰਸ ਦੇ ਉਮੀਦਵਾਰ ਸਤਪਾਲ ਤੋਂ 41697 ਵੋਟਾਂ ਦੇ ਫਰਕ ਨਾਲ ਹਾਰ ਗਏ। ਉਸ ਸਮੇਂ ਕਾਂਗਰਸ ਨੂੰ 147436 ਤੇ ਅਕਾਲੀ ਦਲ ਨੂੰ 105739 ਵੋਟਾਂ ਹਾਸਿਲ ਹੋਈਆਂ ਸਨ।
1977 ਵਿਚ ਗੁਰਚਰਨ ਸਿੰਘ ਟੋਹੜਾ ਨੇ ਇਹ ਸੀਟ ਜਿੱਤ ਕੇ ਪਹਿਲੀ ਵਾਰ ਅਕਾਲੀ ਦਲ ਦੀ ਝੋਲੀ ਪਾਈ। 1977 ਵਿੱਚ ਪਟਿਆਲਾ ਸੰਸਦੀ ਹਲਕੇ ਵਿੱਚ ਕੁੱਲ 606187 ਵੋਟਰ ਸਨ। ਕੁੱਲ ਜਾਇਜ਼ ਵੋਟਾਂ ਦੀ ਗਿਣਤੀ 452576 ਸੀ। ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਚਰਨ ਸਿੰਘ ਟੌਹੜਾ ਜਿੱਤੇ ਅਤੇ ਸੰਸਦ ਮੈਂਬਰ ਬਣੇ। ਉਨ੍ਹਾਂ ਨੂੰ ਕੁੱਲ 265111 ਵੋਟਾਂ ਮਿਲੀਆਂ। ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਕੁੱਲ 174794 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। 1980 ਵਿਚ ਅਕਾਲੀ ਦਲ ਨੇ ਅਜੀਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਪਰ ਕੈਪਟਨ ਅਮਰਿੰਦਰ ਤੋਂ 78979 ਵੋਟਾਂ ਨਾਲ ਹਾਰ ਗਏ। 1985 ਪਟਿਆਲਾ ਸੰਸਦੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਵਾਲੀਆ ਇਸ ਸੀਟ ਤੋਂ ਜਿੱਤ ਕੇ ਸੰਸਦ ਮੈਂਬਰ ਬਣੇ। ਉਨ੍ਹਾਂ ਨੂੰ ਕੁੱਲ 254302 ਵੋਟਾਂ ਮਿਲੀਆਂ। ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਕੁੱਲ 234034 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੀ। 1989 ਵਿਚ ਹਾਲਾਤ ਬਦਲੇ ਤਾਂ ਆਜਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ ਜਿੱਤ ਹਾਸਿਲ ਕੀਤੀ ਤੇ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਤੀਸਰੇ ਨੰਬਰ ’ਤੇ ਰਹੇ। 1991 ਵਿੱਚ ਅਕਾਲੀ ਦਲ ਨੇ ਚੋਣ ਦਾ ਬਾਈਕਾਟ ਕਰਦਿਆਂ ਇਸ ਵਿਚ ਆਪਣਾ ਉਮੀਦਵਾਰ ਸਾਹਮਣੇ ਨਹੀ ਲਿਆਂਦਾ। ਜਿਸ ਤੋਂ ਬਾਅਦ 1996 ਤੇ 98 ਵਿਚ ਦੋ ਵਾਰ ਹੋਈ ਲੋਕ ਸਭਾ ਚੋਣ ਵਿਚ ਅਕਾਲੀ ਦਲ ਦੇ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਇਹ ਸੀਟ ਜਿੱਤੀ। ਪ੍ਰੋ. ਚੰਦੂਮਾਜਰਾ ਨੇ 1996 ਵਿਚ 49066 ਅਤੇ 1998 ਵਿਚ 33251 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਤੋਂ ਬਾਅਦ 1999 ਤੋਂ 2019 ਤੱਕ ਇਹ ਸੀਟ ਅਕਾਲੀ ਦੇ ਹਿੱਸੇ ਨਹੀਂ ਆਈ। 1999 ਵਿਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੂਸਰੇ ਨੰਬਰ ’ਤੇ ਰਹੇ। 2004 ਵਿਚ ਅਕਾਲੀ ਦਲ ਦੇ ਕੰਵਲਜੀਤ ਸਿੰਘ ਅਤੇ 2009 ਵਿਚ ਪੇ੍ਰਮ ਸਿੰਘ ਚੰਦੂਮਾਜਰਾ ਦੂਸਰੇ ਨੰਬਰ ’ਤੇ ਰਹੇ। ਜਦੋਂਕਿ 2014 ਵਿਚ ਅਕਾਲੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਤੀਸਰੇ ਨੰਬਰ ’ਤੇ ਰਹੇ ਅਤੇ 2019 ਲੋਕ ਸਭਾ ਚੋਣ ਵਿਚ ਵਿਚ ਸੁਰਜੀਤ ਸਿੰਘ ਰੱਖੜਾ ਦੂਸਰੇ ਨੰਬਰ ’ਤੇ ਰਹੇ।
ਅਕਾਲੀ-ਭਾਜਪਾ ਗੱਠਜੋੜ ਬਾਰੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਜੋ ਸਹੀ ਹੋਵੇਗਾ ਉਸ ਦਾ ਸਵਾਗਤ ਹੈ। ਚਰਚਾਵਾਂ ਚੱਲਦੀ ਰਹਿੰਦੀਆਂ ਹਨ ਪਰ ਨਤੀਜੇ ਆਉਣਗੇ ਤਾਂ ਸਭ ਨੂੰ ਪਤਾ ਚੱਲ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਸੰਵਿਧਾਨਕ ਰਾਜਸੀ ਸਮਝੌਤਾ ਕਰਦਾ ਹੈ। ਸ਼ਾਂਤੀ ਦਾ ਵਾਤਾਵਰਣ ਬਣਾਉਣ ਲਈ ਭਾਜਪਾ ਨਾਲ ਪਹਿਲਾਂ ਸਾਂਝ ਕੀਤੀ ਸੀ, ਜਿਸ ਤਹਿਤ ਕਾਲੀ ਸੂਚੀ ਖਤਮ ਕਰਵਾਈ, ਕਰਤਾਰਪੁਰ ਸਾਹਿਬ ਲਾਂਘਾ ਖੁਲਵਾਇਆ ਅਤੇ ਕਈ ਵੱਡੇ ਕਾਰਜ ਪੰਜਾਬ ਦੇ ਹਿੱਤ ਲਈ ਕਰਵਾਏ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ, ਪੰਜਾਬ ਤੇ ਕਿਸਾਨੀ ਨੂੰ ਬਚਾਉਣਾ ਸਾਡੀ ਪਹਿਲ ਹੈ। ਅਕਾਲੀ ਦਲ ਦੇਸ਼ ਅੰਦਰ ਘੱਟਗਿਣਤੀਆਂ ਦੀਆਂ ਪਛਾਣ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਨੂੰ ਕਾਇਮ ਰਹਿਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿਚ ਚੰਦੂਮਾਜਰਾ ਨੇ ਕਿਹਾ ਕਿ ਇੱਕ ਇਕੱਲਾ ਤੇ ਦੋ ਗਿਆਰਾਂ।