Thursday, October 17, 2024
Google search engine
HomeDeshਮਨੁੱਖ ਦੇ ਮਨ ਤੇ ਆਤਮਾ ਦੀ ਖੁਸ਼ੀ ਲਈ ਫੁੱਲਾਂ ਦੀ ਹੋਂਦ ਬੇਹੱਦ...

ਮਨੁੱਖ ਦੇ ਮਨ ਤੇ ਆਤਮਾ ਦੀ ਖੁਸ਼ੀ ਲਈ ਫੁੱਲਾਂ ਦੀ ਹੋਂਦ ਬੇਹੱਦ ਜ਼ਰੂਰੀ : ਡਾ. ਰਣਜੀਤ ਸਿੰਘ

ਪੀਏਯੂ ਵਿਖੇ ਕਰਵਾਏ ਜਾਂਦੇ ਸਾਲਾਨਾ ਫਲਾਵਰ ਸ਼ੋਅ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਾਰਡਨ ਨੂੰ ਵੇਖਣ ਲਈ ਜ਼ਰੂਰ ਪੀਏਯੂ ਦਾ ਦੌਰਾ ਕਰਨ

ਮਨੁੱਖ ਦੇ ਮਨ ਤੇ ਆਤਮਾ ਦੀ ਖੁਸ਼ੀ ਲਈ ਫੁੱਲਾਂ ਦੀ ਹੋਂਦ ਬੇਹੱਦ ਜ਼ਰੂਰੀ ਹੈ। ਫੁੱਲ ਆਪਣੇ ਵਿਭਿੰਨ ਰੰਗਾਂ ਨਾਲ ਸਾਡੇ ਚੌਗਿਰਦੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਮਹਿਕਾਉਂਦੇ ਹਨ। ਫੁੱਲਾਂ ਨੂੰ ਭੇਟ ਕਰਨ ਦਾ ਰੁਝਾਨ ਵੀ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਖ-ਵੱਖ ਫੁੱਲਾਂ ਰਾਹੀਂ ਜਿੱਥੇ ਖੂਬਸੂਰਤੀ ਵਿਚ ਵਾਧਾ ਕਰ ਰਿਹਾ ਹੈ, ਉੱਥੇ ਖੇਤੀ ਦੇ ਸਹਾਇਕ ਕਿੱਤਿਆਂ ਵਿਚ ਫੁੱਲਾਂ ਦੀ ਕਾਸ਼ਤ ਨੂੰ ਵੀ ਸਿਫ਼ਾਰਸ਼ ਕਰਦਾ ਹੈ। ਖੇਤੀ ਨੂੰ ਵਿਭਿੰਨਤਾ ਦੀਆਂ ਰਾਹਾਂ ’ਤੇ ਤੋਰਨ ਅਤੇ ਹੋਰ ਮੁਨਾਫ਼ੇਯੋਗ ਬਣਾਉਣ ਲਈ ਫੁੱਲਾਂ ਦੀ ਖੇਤੀ ਨੂੰ ਬਾਗਬਾਨੀ ਦਾ ਅਹਿਮ ਅੰਗ ਮੰਨਿਆ ਜਾਂਦਾ ਹੈ। ਪੀਏਯੂ ਦੀ ਖੂਬਸੂਰਤ ਲੈਂਡਸਕੇਪਿੰਗ ਜੋ ਕਿ ਵੰਨ-ਸੁਵੰਨੇ ਫੁੱਲਾਂ ਅਤੇ ਸਜਾਵਟੀ ਰੁੱਖਾਂ ਨਾਲ ਭਰੀ ਹੋਈ ਹੈ, ਦਾ ਸਮੁੱਚਾ ਸਿਹਰਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਦੂਰ ਦ੍ਰਿਸ਼ਟੀ ਨੂੰ ਜਾਂਦਾ ਹੈ ਜਿਨ੍ਹਾਂ ਕੁਦਰਤ ਦੀ ਅਨਮੋਲ ਦੇਣ ਨੂੰ ਨਾ ਸਿਰਫ ਆਪਣੀਆਂ ਕਿਤਾਬਾਂ ਦਾ ਵਿਸ਼ਾ ਬਣਾਇਆ, ਸਗੋਂ ਲੋੜੀਂਦੇ ਦਿਸ਼ਾ-ਨਿਰਦੇਸ਼ ਅਤੇ ਸੁਯੋਗ ਅਗਵਾਈ ਦੇ ਕੇ ਕੈਂਪਸ ਨੂੰ ਹਰਿਆ-ਭਰਿਆ ਬਣਾਉਣ ਵਿਚ ਉੱਘਾ ਯੋਗਦਾਨ ਪਾਇਆ। ਗੱਲ ਕਰਦੇ ਹਾਂ ਪੀਏਯੂ ਦੇ ਟਿਊਲਿਪ ਗਾਰਡਨ ਦੀ ਜਿਸ ਦਾ ਪੀਏਯੂ ਦੇ ਕਿਸਾਨ ਮੇਲੇ ਦੌਰਾਨ ਉਦਘਾਟਨ ਕੀਤਾ ਗਿਆ ਜੋ ਸਭ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ।

ਡਾ. ਰਣਜੀਤ ਸਿੰਘ ਸਹਾਇਕ ਪ੍ਰੋਫੈਸਰ ਫਲੋਰੀ ਕਲਚਰ ਵਿਭਾਗ ਪੀਏਯੂ ਲੁਧਿਆਣਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟਿਊਲਿਪ ਵਿਦੇਸ਼ੀ ਫੁੱਲ ਹੈ ਜੋ ਹਾਲੈਂਡ ਵਿਚ ਜ਼ਿਆਦਾ ਉਗਾਇਆ ਜਾਂਦਾ ਹੈ। ਜ਼ਮੀਨ ਵਿਚ ਇਸ ਦਾ ਜੋ ਬੀਜ ਤਿਆਰ ਹੁੰਦਾ ਹੈ, ਨੂੰ ਬੱਲਬ ਜਾਂ ਗੰਢੇ ਆਖਦੇ ਹਨ। ਅਜਿਹੇ ਫੁੱਲ ਦੇਸ਼ ’ਚ ਰਾਸ਼ਟਰਪਤੀ ਭਵਨ ਅਤੇ ਕਸ਼ਮੀਰ ਵਿਚ ਲੱਗੇ ਹੋਏ ਹਨ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸੰਨ 2023 ਵਿਚ ਪਹਿਲੀ ਵਾਰ ਕਸ਼ਮੀਰ ’ਚ ਅਜਿਹਾ ਫੁੱਲ ਵੇਖਿਆ ਸੀ ਅਤੇ ਸੋਚਿਆ ਕਿ ਅਜਿਹਾ ਫੁੱਲ ਪੀਏਯੂ ਵਿਚ ਕਿਉਂ ਨਹੀਂ ਉਗਾਇਆ ਜਾ ਸਕਦਾ। ਬੱਸ ਉਹਨਾਂ ਦੀ ਦੂਰ-ਅੰਦੇਸ਼ੀ ਸੋਚ ਸਦਕਾ ਟਿਊਲਿਪ ਦੇ ਗੰਢੇ ਬੀਜੇ ਗਏ।

ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ ਦੇ ਉੱਦਮ ਸਦਕਾ ਪੀਏਯੂ ਨੇ ਇਕ ਕੰਪਨੀ ਰਾਹੀਂ ਅਕਤੂਬਰ 2023 ਵਿਚ 8 ਕਿਸਮ ( 1 ਸੰਤਰੀ, 2 ਨਾਬੀ, 2 ਚਿੱਟੇ, 2 ਗੁਲਾਬੀ ਅਤੇ ਇਕ ਲਾਲ) ਦੇ ਟਿਊਲਿਪ ਦੇ ਗੰਢੇ ਮੰਗਵਾਏ ਗਏ ਜੋ ਨਵੰਬਰ ਵਿਚ ਟਿਊਲਿਪ ਗਾਰਡਨ ਦਾ ਨਿਰਮਾਣ ਕਰ ਕੇ ਉਸ ਵਿਚ ਬੀਜ ਦਿੱਤੇ ਗਏ। ਡਾ. ਗੋਸਲ ਅਨੁਸਾਰ ਕਸ਼ਮੀਰ ਅਤੇ ਰਾਸ਼ਟਰਪਤੀ ਭਵਨ ਵਿਚ ਬੀਜੇ ਗਏ ਟਿਊਲਿਪ ਦੇ ਗੰਢੇ ਵੀ ਵਿਦੇਸ਼ ਤੋਂ ਹੀ ਮੰਗਵਾਏ ਗਏ ਸਨ। ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮਿਹਨਤ ਰੰਗ ਲਿਆਈ ਅਤੇ ਇੰਤਜ਼ਾਰ ਤੋਂ ਬਾਅਦ ਗੁਲਾਬੀ, ਚਿੱਟੇ ਅਤੇ ਲਾਲ ਰੰਗਾਂ ਵਿੱਚ ਟਿਊਲਿਪਸ ਦੀਆਂ ਕੁਝ ਕਿਸਮਾਂ ਖਿੜ ਗਈਆਂ ਅਤੇ ਫਰਵਰੀ-ਮਾਰਚ 2024 ਵਿਚ ਫੁੱਲ ਲੱਗਣੇ ਸ਼ੁਰੂ ਹੋ ਗਏ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਪਹਿਲੀ ਵਾਰ ਇਸ ਕਿਸਮ ਦੇ ਫੁੱਲ ਉਗਾਏ ਗਏ। ਇਹ ਫੁੱਲ ਬਹੁਤ ਜ਼ਿਆਦਾ ਮਿਹਨਤ ਤੇ ਦੇਖਭਾਲ ਮੰਗਦੇ ਹਨ। ਖਾਸਕਰ ਇਹ ਫੁੱਲ ਠੰਢਾ ਵਾਤਾਵਰਨ ਚਾਹੁੰਦੇ ਹਨ। ਕੋਈ ਵੀ ਪੀਏਯੂ ਦੇ ਗੇਟ ਨੰਬਰ 2 ਨੇੜੇ ਬਣੇ ਇਸ ਟਿਊਲਿਪ ਗਾਰਡਨ ਨੂੰ ਵੇਖ ਸਕਦਾ ਹੈ।

ਸਹਾਇਕ ਪ੍ਰੋਫੈਸਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਟਿਊਲਿਪ ਦੀ ਖਾਸੀਅਤ ਇਹ ਹੈ ਕਿ ਇਹ ਹਰ ਜਗ੍ਹਾ ਵੱਖਰਾ ਹੀ ਨਜ਼ਰ ਆਉਂਦਾ ਹੈ। ਵੱਖਰਾਪਨ ਹੀ ਇਸ ਦੀ ਪਛਾਣ ਹੈ। ਇਹ ਨਜ਼ਾਰਾ ਪੀਏਯੂ ’ਚ ਸਾਫ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵੇਖਿਆ ਜਾ ਰਿਹਾ ਹੈ ਕਿ 8 ਕਿਸਮਾਂ ਵਿੱਚੋਂ ਕਿਹੜੀ ਕਿਸਮ ਬਚਦੀ ਹੈ, ਕਿਸ ਕਿਸਮ ਦੇ ਬੀਜ ਕੱਢੇ ਜਾ ਸਕਦੇ ਹਨ, ਉਨ੍ਹਾਂ ਦਾ ਸਾਈਜ਼ ਵੀ ਵੇਖਿਆ ਜਾਣਾ ਹੈ। ਅਸੀਂ ਜੋ ਵੀ ਕਿਸਮਾਂ ਬੀਜੀਆਂ ਹਨ, ਉਨ੍ਹਾਂ ਪਤਾ ਲੱਗੇਗਾ ਕਿ ਕਿਹੜੀ ਕਿਸਮ ਲੁਧਿਆਣਾ ਦੇ ਮੌਸਮ ਲਈ ਪ੍ਰਭਾਵਸ਼ਾਲੀ ਹੈ ਅਤੇ ਅਗਲੇ ਸੀਜ਼ਨ ਲਈ ਪੋਟ ਕਲਚਰ ਅਤੇ ਡਿਸਪਲੇ ਉਤਪਾਦਨ ਲਈ ਵਰਤੀ ਜਾ ਸਕਦੀ ਹੈ। ਅਸੀਂ ਉਨ੍ਹਾਂ ਦੀ ਪਛਾਣ ਕਰਾਂਗੇ। ਇਨ੍ਹਾਂ ਸਭ ਕਾਰਜਾਂ ਤੋਂ ਬਾਅਦ ਹੀ ਕਿਸਾਨਾਂ ਨੂੰ ਟਿਊਲਿਪ ਸਬੰਧੀ ਤਕਨੀਕ ਮੁਹੱਈਆ ਕਰਵਾਉਣ ਬਾਰੇ ਵਿਚਾਰ ਕੀਤਾ ਜਾਵੇਗਾ।

ਜੇ ਸਭ ਕੁਝ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ ਤਾਂ ਇਹ ਤਕਨੀਕ ਵਿਕਸਤ ਕੀਤੀ ਜਾ ਸਕਦੀ ਹੈ ਜੋ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਰਹੇਗੀ। ਫੁੱਲਾਂ ਵਿੱਚ ਜੋ ਵੀ ਨਵੀਂ ਤਕਨਾਲੋਜੀ ਆਉਂਦੀ ਹੈ, ਉਹ ਕਿਸਾਨਾਂ ਤੱਕ ਜ਼ਰੂਰ ਪਹੁੰਚਾਈ ਜਾਂਦੀ ਹੈ। ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕਿਸਾਨਾਂ ਨੂੰ ਫੁੱਲ ਉਗਾਉਣ ਸਬੰਧੀ ਸਲਾਹ ਦਿੱਤੀ ਜਾਂਦੀ ਹੈ। ਸਾਲ ਵਿਚ ਇਕ ਵਾਰ ਗੁਲਦਾਉਦੀ ਸ਼ੋਅ ਅਤੇ ਇਕ ਵਾਰ ਫਲਾਵਰ ਸ਼ੋਅ ਕਰਵਾਇਆ ਜਾਂਦਾ ਹੈ ਜਿੱਥੇ ਫੁੱਲਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਗੁਲਦਾਉਦੀ ਸ਼ੋਅ ਅਤੇ ਫਲਾਵਰ ਸ਼ੋਅ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਕਿਸਾਨਾਂ ਤੋਂ ਇਲਾਵਾ ਸਕੂਲਾਂ, ਫੈਕਟਰੀਆਂ, ਕਾਲਜਾਂ ਅਤੇ ਫਾਰਮ ਹਾਊਸਾਂ ਨੂੰ ਵੀ ਲੈਂਡ ਸਕੇਪਿੰਗ ਪ੍ਰਤੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਵਿਚ ਵਿਭਿੰਨਤਾ ਨੇ ਖੁਸ਼ਹਾਲ ਜੀਵਨ ਦਾ ਪ੍ਰਗਟਾਵਾ ਕੀਤਾ ਹੈ। ਪੀਏਯੂ ਵਿਖੇ ਕਰਵਾਏ ਜਾਂਦੇ ਸਾਲਾਨਾ ਫਲਾਵਰ ਸ਼ੋਅ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਾਰਡਨ ਨੂੰ ਵੇਖਣ ਲਈ ਜ਼ਰੂਰ ਪੀਏਯੂ ਦਾ ਦੌਰਾ ਕਰਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments