ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਮੁਲਾਕਾਤੀ ਵਾਂਗ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਸਕਣਗੇ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਆਮ ਲੋਕਾਂ ਵਾਂਗ ਉਹ ਮੁਲਾਕਾਤ ਜੰਗਲੇ ਰਾਹੀਂ ਕੇਜਰੀਵਾਲ ਨੂੰ ਮਿਲ ਸਕਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਮੁਲਾਕਾਤੀ ਵਾਂਗ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਸਕਣਗੇ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਆਮ ਲੋਕਾਂ ਵਾਂਗ ਉਹ ਮੁਲਾਕਾਤ ਜੰਗਲੇ ਰਾਹੀਂ ਕੇਜਰੀਵਾਲ ਨੂੰ ਮਿਲ ਸਕਣਗੇ। ਭਗਵੰਤ ਮਾਨ ਨੇ ਤਿਹਾੜ ਜੇਲ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਜੇਲ੍ਹ ‘ਚ ਬੰਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ।
ਤਿਹਾੜ ਜੇਲ੍ਹ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਜੇ ਬੈਨੀਵਾਲ ਨੂੰ ਪੱਤਰ ਲਿਖਿਆ ਗਿਆ ਹੈ। ਇਸ ਵਿੱਚ ਕੇਜਰੀਵਾਲ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ ਅਤੇ ਉਨ੍ਹਾਂ ਦੀ ਮੁਲਾਕਾਤ ਲਈ ਲੁੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਜਲਦੀ ਹੀ ਮੁੱਖ ਮੰਤਰੀ ਦਫ਼ਤਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੀ ਮੁਲਾਕਾਤ ਆਮ ਮੁਲਾਕਾਤਾਂ ਵਾਂਗ ਹੋਵੇਗੀ।
ਅਧਿਕਾਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਮੁਲਾਕਾਤੀਆਂ ਦੀ ਸੂਚੀ ਵਿੱਚ ਭਗਵੰਤ ਮਾਨ ਦਾ ਨਾਂ ਸ਼ਾਮਲ ਕਰਨਾ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜ ਮੁਲਾਕਾਤੀਆਂ ਦੇ ਨਾਂ ਦਿੱਤੇ ਹਨ। ਇਨ੍ਹਾਂ ਨਾਵਾਂ ਵਿੱਚ ਰਾਜ ਸਭਾ ਮੈਂਬਰ ਸੰਦੀਪ ਪਾਠਕ, ਨਿੱਜੀ ਸਕੱਤਰ, ਪਤਨੀ ਅਤੇ ਬੱਚਿਆਂ ਦੇ ਨਾਂ ਸ਼ਾਮਲ ਹਨ। ਮੁਲਾਕਾਤੀ ਹਫ਼ਤੇ ਵਿੱਚ ਦੋ ਵਾਰ ਮਿਲ ਸਕਦੇ ਹਨ।
ਸੂਤਰਾਂ ਮੁਤਾਬਕ ਭਗਵੰਤ ਮਾਨ ਕੇਜਰੀਵਾਲ ਨਾਲ ਮੁਲਾਕਾਤ ਕਰ ਸਕਦੇ ਹਨ। ਜੇਲ੍ਹ ਪ੍ਰਸ਼ਾਸਨ ਨੂੰ ਉਨ੍ਹਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨੇ ਪੈਣਗੇ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਰੋਜ਼ਾਨਾ ਆਪਣੇ ਵਕੀਲ ਨੂੰ ਮਿਲ ਰਹੇ ਹਨ ਅਤੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕਰ ਚੁੱਕੇ ਹਨ।