ਚਮਕ-ਦਮਕ ਦੇ ਇਸ ਦੌਰ ਵਿਚ ਪ੍ਰਸਿੱਧੀ ਹਾਸਲ ਕਰ ਕੇ ਅਸਮਾਨ ’ਤੇ ਪਹੁੰਚੇ ਲੋਕਾਂ ਲਈ ਸਾਦਗੀ ਭਰਿਆ ਜੀਵਨ ਜਿਉਣਾ ਕੋਈ ਸੌਖਾ ਨਹੀਂ ਹੈ। ਅੱਜ ਦੇ ਜ਼ਿਆਦਾਤਰ ਗਾਇਕ ਤੇ ਗੀਤਕਾਰ ਲਗਜ਼ਰੀ ਜ਼ਿੰਦਗੀ ਜਿਊਣ ਦੇ ਚਾਹਵਾਨ ਹਨ ਪਰ ਇਹੋ ਜਿਹੇ ਵੀ ਬਹੁਤ ਹਨ ਜਿਨ੍ਹਾਂ ਆਪਣੀ ਜ਼ਿੰਦਗੀ ਵਿਚ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ। ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿਚ ਦੇਵ ਥਰੀਕਿਆਂ ਵਾਲਾ ਵੀ ਅਜਿਹੀ ਹੀ ਸ਼ਖ਼ਸੀਅਤ ਸੀ।
ਚਮਕ-ਦਮਕ ਦੇ ਇਸ ਦੌਰ ਵਿਚ ਪ੍ਰਸਿੱਧੀ ਹਾਸਲ ਕਰ ਕੇ ਅਸਮਾਨ ’ਤੇ ਪਹੁੰਚੇ ਲੋਕਾਂ ਲਈ ਸਾਦਗੀ ਭਰਿਆ ਜੀਵਨ ਜਿਉਣਾ ਕੋਈ ਸੌਖਾ ਨਹੀਂ ਹੈ। ਅੱਜ ਦੇ ਜ਼ਿਆਦਾਤਰ ਗਾਇਕ ਤੇ ਗੀਤਕਾਰ ਲਗਜ਼ਰੀ ਜ਼ਿੰਦਗੀ ਜਿਊਣ ਦੇ ਚਾਹਵਾਨ ਹਨ ਪਰ ਇਹੋ ਜਿਹੇ ਵੀ ਬਹੁਤ ਹਨ ਜਿਨ੍ਹਾਂ ਆਪਣੀ ਜ਼ਿੰਦਗੀ ਵਿਚ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ। ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿਚ ਦੇਵ ਥਰੀਕਿਆਂ ਵਾਲਾ ਵੀ ਅਜਿਹੀ ਹੀ ਸ਼ਖ਼ਸੀਅਤ ਸੀ। ਪ੍ਰਸਿੱਧੀ ਖੱਟ ਕੇ ਵੀ ਉਹ ਆਪਣੇ ਪਿੰਡ, ਲੋਕ, ਧਰਤੀ ਅਤੇ ਵਿਰਸੇ ਨਾਲ ਜੁੜੇ ਰਹੇ। ਹਰਦੇਵ ਦਿਲਗੀਰ ਦਾ ਜਨਮ 19 ਸਤੰਬਰ 1939 ਨੂੰ ਪਿੰਡ ਥਰੀਕੇ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ ਸੀ।
ਦੇਵ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਉਨ੍ਹਾਂ ਨੂੰ 1960 ਵਿਚ ਅਧਿਆਪਕ ਦੀ ਨੌਕਰੀ ਮਿਲੀ। ਹਰਦੇਵ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ ਸੀ, ਜਿਸ ਨੂੰ ਹਰਦੇਵ ਪਿਆਰ ਨਾਲ ਪੀਤੋ ਕਹਿ ਕੇ ਬੁਲਾਇਆ ਕਰਦੇ ਸਨ। ਉਨ੍ਹਾਂ ਪੀਤੋ ’ਤੇ ਇਕ ਗੀਤ ਵੀ ਲਿਖਿਆ ਸੀ।
‘ਕਾਹਨੂੰ ਮਾਰਦੈ ਚੰਦਰਿਆ ਛਮਕਾਂ,
ਮੈਂ ਕੱਚ ਦੇ ਗਲਾਸ ਵਰਗੀ,
ਫੇਰ ਰੋਏਂਗਾ ਢਿੱਲੇ ਜੇ ਬੁੱਲ ਕਰਕੇ,
ਜਦੋਂ ਦੇਵ ਪੀਤੋ ਮਰਗੀ।’
ਇਸ ਗਾਣੇ ਵਿਚ ਨਰਿੰਦਰ ਬੀਬਾ ਨੇ ਦੇਵ ਦੀ ਸਹਿਮਤੀ ਨਾਲ ਪੀਤੋ ਦੀ ਜਗ੍ਹਾ ਆਪਣਾ ਨਾਂ ਜੋੜ ਲਿਆ ਸੀ। ਦੇਵ ਦੇ ਦੋ ਪੁੱਤਰ ਜਸਵੰਤ ਸਿੰਘ ਤੇ ਹਰਪ੍ਰੀਤ ਸਿੰਘ ਅਮਰੀਕਾ ਰਹਿੰਦੇ ਹਨ। ਜਸਵੰਤ ਕੌਰ, ਦੇਵ ਦੀ ਧੀ ਹੈ। ਉਨ੍ਹਾਂ ਨੂੰ ਇਕ ਪੁੱਤਰ ਤੇ ਨੂੰਹ ਦੀ ਮੌਤ ਨੇ ਦੁੱਖਾਂ ਵਿਚ ਧੱਕ ਦਿੱਤਾ ਸੀ। ਫਿਰ ਵੀ ਉਹ ਹਿੰਮਤ ਕਰ ਕੇ ਲੋਕਾਂ ਨੂੰ ਆਪਣੇ ਗੀਤ ਦਿੰਦੇ ਰਹੇ। ਕਹਿੰਦੇ ਹਨ ਕਿ ਚੰਗੇ ਲੋਕ-ਗੀਤ ਕਿਸੇ ਕੌਮ, ਸੱਭਿਆਚਾਰ, ਲੋਕਧਾਰਾ ਦੀ ਜਿੰਦਜਾਨ ਹੁੰਦੇ ਹਨ। ਪੀੜ੍ਹੀ-ਦਰ-ਪੀੜ੍ਹੀ ਚਲੇ ਆਉਂਦੇ ਇਨ੍ਹਾਂ ਗੀਤਾਂ ਅੰਦਰ ਅੰਤਾਂ ਦੀ ਸਰਲਤਾ, ਸੁਭਾਵਕਤਾ, ਮਧੁਰਤਾ, ਜ਼ੁਬਾਨੇ ਚੜ੍ਹਨ ਦੀ ਸਮਰੱਥਾ ਮੌਜੂਦ ਹੁੰਦੀ ਹੈ। ਇਸ ਕਰ ਕੇ ਇਨ੍ਹਾਂ ਵਿਚੋਂ ਕਿਸੇ ਨੂੰ ਫੁੱਲਾਂ ਦੀ ਸੁਗੰਧ ਆਉਂਦੀ ਹੈ, ਕਿਸੇ ਨੂੰ ਚੰਨ-ਚਾਨਣੀ ਰਾਤ ਵਾਲਾ ਸਰੂਰ ਮਿਲਦਾ ਹੈ ਤੇ ਕਿਸੇ ਨੂੰ ਤਾਰਿਆਂ ਦੀ ਸੰਘਣੀ ਛਾਂ ਵਾਲਾ ਆਨੰਦ ਆਉਂਦਾ ਹੈ। ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’, ਦੇਵ ਥਰੀਕਿਆਂ ਵਾਲੇ ਨੇ ਇਹ ਗੀਤ ਕੁਲਦੀਪ ਮਾਣਕ ਦੇ ਕਹਿਣ ’ਤੇ ਉਨ੍ਹਾਂ ਦੀ ਮਾਂ ਦੀ ਅੰਤਿਮ ਅਰਦਾਸ ਮੌਕੇ ਗਾਉਣ ਲਈ ਲਿਖਿਆ ਸੀ, ਜੋ ਕਿ ਇੰਨਾ ਮਕਬੂਲ ਹੋਇਆ ਕਿ ਇਹ ਲੋਕ ਗੀਤ ਹੋ ਨਿਬੜਿਆ। ਉਨ੍ਹਾਂ ਦੇ ਕਈ ਹੋਰ ਗੀਤ ਵੀ ਲਗਪਗ ਲੋਕ ਗੀਤਾਂ ਵਰਗੇ ਹੀ ਹੋ ਨਿੱਬੜੇ ਹਨ। ਇਸ ਦੇ ਨਾਲ ਹੀ ਉਸ ਦੀ ਸ਼ਖ਼ਸੀਅਤ ਵੀ ਲੋਕ ਗੀਤਾਂ ਵਰਗੀ ਹੋ ਗਈ। ਜਦੋਂ ਵੀ ਕਿਸੇ ਇੰਟਰਵਿਊ ਵਿਚ ਦੇਵ ਥਰੀਕਿਆਂ ਵਾਲਾ ਆਪਣੇ ਬਚਪਨ ਦੇ ਦਿਨਾਂ ਦੀ ਗ਼ਰੀਬੀ ਦੀ ਦਾਸਤਾਨ ਸੁਣਾਉਦਾ ਹੈ ਤਾਂ ਇਸ ਮਿਹਨਤੀ ਇਨਸਾਨ ਦੀ ਮਿਹਨਤ ਦੂਜਿਆਂ ਲਈ ਉਦਾਹਰਣ ਬਣਦੀ ਨਜ਼ਰ ਆਉਂਦੀ ਹੈ। ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਦੇਵ ਥਰੀਕਿਆਂ ਵਾਲਾ ਇਕ ਅਤਿਅੰਤ ਮਕਬੂਲ ਗੀਤਕਾਰ ਹੋਇਆ ਹੈ, ਜਿਸ ਦੇ ਗੀਤਾਂ ਦੀ ਪਹਿਲੀ ਕਿਤਾਬ ‘ਮੈਂ ਜੱਟੀ ਪੰਜਾਬ ਦੀ’ 1961 ਵਿਚ ਛਪੀ ਸੀ। ਉਦੋਂ ਤੋਂ ਲੈ ਕੇ ਉਨ੍ਹਾਂ ਦੇ ਅੰਤਿਮ ਪੜਾਅ ਤੱਕ ਉਨ੍ਹਾਂ ਦਾ ਗੀਤ ਸਿਰਜਣਾ ਦਾ ਸਫਰ ਜਾਰੀ ਰਿਹਾ।
ਹਰਦੇਵ ਨੇ ਤਕਰੀਬਨ 2000 ਗੀਤ ਲਿਖੇ, ਜਿਨ੍ਹਾਂ ’ਚੋਂ 1000 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਸੀ। ਇਨ੍ਹਾਂ ਗੀਤਾਂ ਨੂੰ ਪੰਜਾਬ ਦੇ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਗਾਇਆ, ਜਿਨ੍ਹਾਂ ਵਿਚ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸਵਰਨ ਲਤਾ, ਸੁਰਿੰਦਰ ਕੌਰ, ਜਗਮੋਹਨ ਕੌਰ, ਸ਼ਾਂਤੀ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਚਾਂਦੀ ਰਾਮ, ਕਰਨੈਲ ਗਿੱਲ, ਆਸਾ ਸਿੰਘ ਮਸਤਾਨਾ, ਮਲਕੀਤ ਸਿੰਘ, ਜੈਜ਼ੀ ਬੈਂਸ, ਕਰਮਜੀਤ ਪੁਰੀ ਆਦਿ ਪ੍ਰਮੁੱਖ ਰਹੇ। ਹਰਦੇਵ ਨੇ ਕਿੱਸੇ ਵੀ ਲਿਖੇ, ਜੋ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ਰਿਕਾਰਡ ਹੋਏ ਜਿਵੇਂ ‘ਸ਼ਹੀਦ ਭਗਤ ਸਿੰਘ’, ‘ਜਿਊਣਾ ਮੌੜ’, ‘ਮਿਰਜਾ ਖਰਲਾਂ ਦਾ’, ‘ਜੱਗਾ ਡਾਕੂ’ ਤੇ ‘ਮੱਸਾ ਰੰਗੜ’ ਆਦਿ। ਦੇਵ ਨੇ ਅਨੇਕ ਫਿਲਮਾਂ ਲਈ ਗੀਤ ਲਿਖੇ ਜਿਵੇਂ ‘ਜੱਗਾ ਜੱਟ’, ‘ਬਲਬੀਰੋ ਭਾਬੀ’, ‘ਮਾਵਾਂ ਠੰਡੀਆਂ ਛਾਵਾਂ’, ‘ਸੋਹਣੀ ਮਹੀਵਾਲ’, ‘ਨਿੰਮੋ’, ‘ਲੰਬੜਦਾਰਨੀ’, ‘ਜੋਰ ਜੱਟ ਦਾ’ ਆਦਿ। ਉਸ ਦੀ ਗੀਤਕਾਰੀ ਦੇ ਖੇਤਰ ਵਿਚ ਏਨੀ ਜ਼ਿਆਦਾ ਪ੍ਰਸਿੱਧੀ ਹੋ ਗਈ ਸੀ ਕਿ ਉਸ ਦਾ ਕਹਾਣੀਆਂ ਲਿਖਣ ਵਾਲਾ ਖੇਤਰ ਬਹੁਤਾ ਧਿਆਨ ਵਿਚ ਨਹੀਂ ਆਇਆ।
1961 ਵਿਚ ਹੀ ਦੇਵ ਦਾ ਪਹਿਲਾ ਕਹਾਣੀ ਸੰਗ੍ਰਹਿ ‘ਰੋਹੀ ਦਾ ਫੁੱਲ’ ਵੀ ਛਪ ਕੇ ਆਇਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਛੇਵਾਂ ਕਹਾਣੀ ਸੰਗ੍ਰਹਿ ‘ਹੁੱਕਾ ਪਾਣੀ’ ਵੀ ਛਪਿਆ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦੇਵ ਥਰੀਕਿਆਂ ਵਾਲਾ ਇਕ ਸਮਰੱਥ ਕਹਾਣੀਕਾਰ ਵੀ ਰਿਹਾ ਹੈ। ਦਰਅਸਲ ਉਹ ਪਹਿਲਾਂ ਕਹਾਣੀਆਂ ਹੀ ਲਿਖਦੇ ਸਨ। ਇਕ ਛੋਟੀ ਜਿਹੀ ਜ਼ਿੱਦ ਨੇ ਉਨ੍ਹਾਂ ਨੂੰ ਗੀਤਕਾਰ ਬਣਾ ਦਿੱਤਾ। ਉਨ੍ਹਾਂ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਇਕ ਮਿੱਤਰ ਪ੍ਰੇਮ ਕੁਮਾਰ ਸ਼ਰਮਾ ਨੇ ਇੰਦਰਜੀਤ ਹਸਨਪੁਰੀ ਤੋਂ ਗੀਤ ਲੈਣ ਲਈ ਕਿਹਾ ਸੀ। ਉਨ੍ਹਾਂ ਕਈ ਵਾਰ ਹਸਨਪੁਰੀ ਤੋਂ ਗੀਤ ਲੈਣ ਲਈ ਬੇਨਤੀ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਫਿਰ ਉਨ੍ਹਾਂ ਦੇ ਮਿੱਤਰ ਨੇ ਕਿਹਾ ਕਿ ਜੇ ਤੁਸੀਂ ਕਹਾਣੀ ਲਿਖ ਸਕਦੇ ਹੋ ਤਾਂ ਗੀਤ ਵੀ ਲਿਖ ਕੇ ਦੇਖੋ। ਪਹਿਲੀ ਵਾਰ ਚਾਰ ਗੀਤ ਲਿਖੇ ਅਤੇ ਰਿਕਾਰਡ ਹੋਣ ਤੋਂ ਬਾਅਦ ਹਿਟ ਵੀ ਹੋਏ। 1960 ਵਿਚ ਪ੍ਰੇਮ ਕੁਮਾਰ ਸ਼ਰਮਾ ਦੀ ਆਵਾਜ਼ ਵਿਚ ਉਨ੍ਹਾਂ ਦਾ ਪਹਿਲਾ ਗੀਤ ‘ਭਾਬੀ ਤੇਰੀ ਧੌਣ ਉੱਤੇ ਗੁੱਤ ਮੇਲਦੀ ਨਾਗ ਬਣ ਕਾਲਾ’ ਰਿਕਾਰਡ ਹੋਇਆ। ਉਸ ਤੋਂ ਬਾਅਦ ਉਨ੍ਹਾਂ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਦੇਵ ਦਾ ਵਿਚਾਰ ਸੀ ਕਿ ਗੀਤਕਾਰ ਲਈ ਸਭ ਤੋਂ ਪਹਿਲਾ ਸੈਂਸਰ ਬੋਰਡ ਉਸ ਦਾ ਪਰਿਵਾਰ ਹੀ ਹੁੰਦਾ ਹੈ। ਦੇਵ ਦੇ ਕਈ ਸ਼ਗਿਰਦ ਉਸ ਦੇ ਘਰ ਆ ਕੇ ਉਸ ਦੇ ਪਰਿਵਾਰ ਮੂਹਰੇ ਬਹਿ ਕੇ ਉਸ ਦੇ ਲਿਖੇ ਗੀਤ ਗਾਉਂਦੇ ਸਨ। ਉਸ ਨੂੰ ‘ਬਾਪੂ ਜੀ ਬਾਪੂ ਜੀ’ ਕਹਿੰਦੇ ਨਹੀਂ ਥੱਕਦੇ ਸਨ ਕਿਉਂਕਿ ਉਨ੍ਹਾਂ ਨੂੰ ਉਥੋਂ ਮਾਪਿਆਂ ਵਾਲਾ ਪਿਆਰ ਮਿਲਦਾ ਸੀ। ਮੌਜੂਦਾ ਪੰਜਾਬੀ ਗੀਤਕਾਰੀ ਬਾਰੇ ਉਨ੍ਹਾਂ ਦਾ ਆਖਣਾ ਸੀ ਕਿ, ‘ਹੁਣ ਦੀ ਗੀਤਕਾਰੀ ਆਪਣੇ ਪਤਨ ਵੱਲ ਨੂੰ ਜਾ ਰਹੀ ਹੈ। ਗੀਤ ਰਚੇ ਨਹੀਂ, ਜੋੜੇ ਜਾ ਰਹੇ ਹਨ। ਬਹੁਤੇ ਗੀਤਕਾਰਾਂ ਨੂੰ ਸੰਗੀਤ ਦਾ ਪੂਰਾ ਗਿਆਨ ਨਹੀਂ, ਤਾਂ ਗੀਤਾਂ ਦਾ ਘਾਣ ਜ਼ਿਆਦਾ ਹੋ ਰਿਹਾ ਹੈ। ਗੀਤ ਹਥਿਆਰਾਂ, ਨਸ਼ਿਆਂ, ਜ਼ਮੀਨ ਦੇ ਕਬਜਿਆਂ, ਲੰਡੀਆਂ ਜੀਪਾਂ, ਕਾਲਜਾਂ, ਸਕੂਲਾਂ ਤੇ ਕੁੜੀਆਂ ਦੇ ਸਰੀਰਾਂ ਦੁਆਲੇ ਘੁੰਮ ਰਹੇ ਹਨ। ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਦੀ ਬਾਤ ਨਹੀਂ ਪਾਉਂਦੇ ਗੀਤ। ਗੀਤਾਂ ਵਿਚ ਅੰਗਰੇਜ਼ੀ ਸ਼ਬਦਾਂ ਦੀ ਪੂਰੀ ਭਰਮਾਰ ਹੈ। ਇਹ ਪੂਰੀ ਤਰ੍ਹਾਂ ਬੇਸੁਰੇ ਬਣਦੇ ਜਾ ਰਹੇ ਹਨ। ਸਾਜ਼ਾਂ ਦਾ ਸ਼ੋਰ ਹੀ ਗਾਇਕਾਂ ਨੂੰ ਸਾਹ ਦਿਵਾਉਂਦਾ ਹੈ ਤੇ ਬੇਸੁਰੇ-ਬੇਤਾਲੇ ਗਾਇਕਾਂ ਨੂੰ ਬਚਾਉਂਦਾ ਵੀ ਹੈ। ਅੱਜ ਗੀਤ ਨੂੰ ਸੁਣਿਆ ਨਹੀਂ ਜਾਂਦਾ ਸਗੋਂ ਦੇਖਿਆ ਜਾਂਦਾ ਹੈ। ਕੰਨ ਰਸ ਘੱਟ ਗਿਆ ਹੈ ਅਤੇ ਅੱਖ ਰਸ ਵੱਧ ਗਿਆ ਹੈ।’ ਅੱਜ ਦਾ ਗੀਤਕਾਰ ਤੇ ਗਾਇਕ ਆਪਣੀ ਪੰਜਾਬੀ ਮਾਂ-ਬੋਲੀ ਨਾਲ ਧੋਖਾ ਕਰ ਰਿਹਾ ਹੈ ਪਰ ਕਹਿੰਦੇ ਹਨ ਕਿ ਹਵਾ ਵਿਚ ਉੱਡਦਾ ਮਿੱਟੀ-ਘੱਟਾ ਮੀਂਹ ਪੈਣ ਨਾਲ ਥੱਲੇ ਬਹਿ ਹੀ ਜਾਂਦਾ ਹੈ। ਜਦੋਂ ਲੋਕ ਜਾਗਰੂਕ ਹੋ ਗਏ ਤਾਂ ਗੀਤਕਾਰਾਂ ਤੇ ਗਾਇਕਾਂ ਨੂੰ ਜ਼ਰੂਰ ਸਮਝ ਆ ਜਾਵੇਗੀ। ਕੁਲਦੀਪ ਮਾਣਕ ਨੂੰ ਵੀ ਉਹ ਆਪਣੀ ਪ੍ਰਸਿੱਧੀ ਦਾ ਕਾਰਨ ਮੰਨਦੇ ਸਨ ਜਿਨ੍ਹਾਂ ਦੀ ਦਮਦਾਰ ਆਵਾਜ਼ ਨੇ ਉਨ੍ਹਾਂ ਦੇ ਗੀਤਾਂ ਨੂੰ ਹੋਰ ਨਿਖਾਰ ਦਿਤਾ।
ਉਮਰ ਦੇ ਢਲਦੇ ਪਹਿਰ ਦੇਵ ਨੇ ਆਪਣੀ ਸਵੈ-ਜੀਵਨੀ ਵੀ ਲਿਖੀ ਸੀ। ਉਨ੍ਹਾਂ ਨੂੰ ਸਾਦੀ ਰੋਟੀ ਖਾਣ ਦਾ, ਰੇਡੀਓ ਸੁਣਨ ਦਾ, ਚੰਗਾ ਗੀਤ-ਸੰਗੀਤ ਸੁਣਨ ਦਾ, ਵਧੀਆ ਪੈੱਨ, ਘੜੀ ਰੱਖਣ ਦਾ ਸ਼ੌਕ ਸੀ। ਉਹ ਇਕ ਖੁੱਲ੍ਹੀ ਕਿਤਾਬ ਵਾਂਗ ਸਨ। ਉਨ੍ਹਾਂ ਦੀ ਸਾਦਗੀ ਦੀ ਇਹੀ ਮਿਸਾਲ ਕਾਫੀ ਹੈ ਕਿ ਉਨ੍ਹਾਂ ਨੇ ਪੈਸੇ ਤੇ ਪ੍ਰਸਿੱਧੀ ਦੇ ਬਾਵਜੂਦ ਵੀ ਸਾਇਕਲ ਦਾ ਸਾਥ ਨਹੀਂ ਸੀ ਛੱਡਿਆ। ਆਖ਼ਰ 25 ਜਨਵਰੀ 2022 ਨੂੰ ਦਿਲ ਦਾ ਦੌਰਾ ਪੈਣ ਕਾਰਨ ਪੰਜਾਬ ਦਾ ਇਹ ਵੱਡਾ ਗੀਤਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਪ੍ਰਸਿੱਧੀ ਤੇ ਪੈਸੇ ਦੇ ਹੰਕਾਰ ਤੋਂ ਮੁਕਤ ਤੇ ਮਿਲਣਸਾਰ ਇਸ ਮੁਹੱਬਤੀ ਗੀਤਕਾਰ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ।
ਦੇਵ ਨੇ ਜ਼ਿਆਦਾ ਉਹ ਗੀਤ ਲਿਖੇ, ਜਿਹੜੇ ਲੋਕ ਬੋਲੀਆਂ ਦੇ ਮੁਖੜੇ ’ਤੇ ਆਧਾਰਤ ਹੁੰਦੇ ਸਨ। ਆਪਣੇ ਗੀਤਾਂ ਵਿਚ ਦੇਵ ਨੇ ਪੰਜਾਬੀ ਸੱਭਿਆਚਾਰ ਦੇ ਲਗਪਗ ਸਾਰੇ ਪੱਖ ਸਿਰਜਣ ਦੀ ਸਫਲ ਕੋਸਿਸ਼ ਕੀਤੀ। ਪੰਜਾਬ ਦੀਆਂ ਬਹੁਤੀਆਂ ਲੋਕ ਗਾਥਾਵਾਂ ਨੂੰ ਗੀਤਾਂ ਵਿਚ ਛੰਦਬੰਦੀ ਰਾਹੀਂ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਇਕ ਵਾਰੀ ਕਿਹਾ ਸੀ ਕਿ ‘ਮੈਨੂੰ ਬਹੁਤੀ ਪ੍ਰਸਿੱਧੀ ਉਦੋਂ ਮਿਲੀ, ਜਦੋਂ ਮੈਂ ਲੋਕ ਗਾਥਾਵਾਂ ਲਿਖੀਆਂ ਤੇ ਕੁਲਦੀਪ ਮਾਣਕ ਦੇ ਸਾਥ ਨੇ ਸੋਨੇ ’ਤੇ ਸੁਹਾਗੇ ਵਾਲਾ ਕੰਮ ਕੀਤਾ।’
ਆਪਣੀ ਸਫਲ ਸੁਚੱਜੀ ਗੀਤਕਾਰੀ ਸਦਕਾ ਦੇਵ ਨੂੰ ਬਹੁਤ ਸਾਰੇ ਇਨਾਮ-ਸਨਮਾਨ ਵੀ ਮਿਲੇ ਪਰ ਇਕ ਸਨਮਾਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਉਹ ਆਖਦੇ ਸਨ ਕਿ ‘ਆਮ ਰਿਵਾਜ ਜਾਂ ਸੁਭਾਅ ਹੈ ਕਿ ਲੋਕ ਕਿਸੇ ਦੇ ਮਰਨ ਮਗਰੋਂ ਸਭਾ ਸੰਸਥਾ ਬਣਾਉਂਦੇ ਨੇ, ਮੇਲੇ ਲਾਉਣ ਲਈ, ਪੈਸਾ ਬਣਾਉਣ ਲਈ ਪਰ ਧੰਨਵਾਦ ਜਲੰਧਰ ਜ਼ਿਲ੍ਹੇ ਦੇ ਸੁਖਦੇਵ ਅਟਵਾਲ ਦਾ, ਜਿਨ੍ਹਾਂ ਇੰਗਲੈਂਡ ਵਿਚ ‘ਦੇਵ ਥਰੀਕੇ ਵਾਲਾ ਐਪ੍ਰੀਸੀਏਸਨ ਸੁਸਾਇਟੀ’ ਬਣਾਈ, ਜਿਸ ਨੇ ਹੁਣ ਤੱਕ ਬਹੁਤ ਸਾਰੇ ਉਨ੍ਹਾਂ ਲੋਕਾਂ ਦਾ ਸਨਮਾਨ ਕੀਤਾ ਹੈ, ਜਿਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ। ਉਨ੍ਹਾਂ ਦੇਵ ਥਰੀਕਿਆਂ ਵਾਲੇ ਨੂੰ ਪੈਨਸ਼ਨ ਵੀ ਲਗਾਈ ਹੋਈ ਸੀ।