ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਨੂੰ ਭਾਰਤ ਰਤਨ ਐਵਾਰਡ ਨਾਲ ਨਿਵਾਜਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਦੇਸ਼ ਦੇ ਇਹ ਅਹਿਮ ਭਾਰਤ ਰਤਨ ਐਵਾਰਡ ਦੇਣ ਨਾਲ ਇਹਨਾਂ ਐਵਾਰਡਾਂ ਦੀ ਵੀ ਗਰਿਮਾ ਵਧੇਗੀ। ਸੀਐਮ ਪੰਜਾਬ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਨਤਮਸਤਕ ਹੋਣ ਮਗਰੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਮੰਗ ਰੱਖੀ। ਉਹਨਾਂ ਇਸ ਮੌਕੇ ਦੇਸ਼ ਦੇ ਦੋ ਸਾਬਕਾ ਮਰਹੂਮ ਪ੍ਰਧਾਨ ਮੰਤਰੀਆਂ ਵੱਲੋਂ ਆਪਣੇ ਲਈ ਹੀ ਭਾਰਤ ਰਤਨ ਲੈਣ ਦੀ ਕੀਤੀ ਸਿਫਾਰਿਸ਼ ‘ਤੇ ਮਜਾਕੀਆ ਟਿੱਪਣੀ ਕੀਤੀ । ਉਹਨਾਂ ਕਿਹਾ ਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਖੁਦ ਹੀ ਭਾਰਤ ਰਤਨ ਲੈਣ ਦੀ ਸਿਫਾਰਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਭਾਰਤ ਰਤਨ ਉਨਾਂ ਸ਼ਖਸੀਅਤਾਂ ਨੂੰ ਮਿਲਣਾ ਚਾਹੀਦਾ ਹੈ ਜੋ ਹਕੀਕਤ ਵਿੱਚ ਦੇਸ਼ ਦੇ ਰਤਨ ਹੋਣ। ਸੀਐਮ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੋਏ ਅਹਿਮ ਫੈਸਲਿਆਂ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਆਮ ਘਰਾਂ ਦੇ ਨੌਜਵਾਨ ਮੁੰਡੇ, ਕੁੜੀਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਆਮ ਘਰਾਂ ਦੀਆਂ ਧੀਆਂ ਜੱਜ ਬਣ ਰਹੀਆਂ ਹਨ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਡੀਸੀ ਅਤੇ ਐਸਐਸਪੀ ਬਣਨ ਲਈ ਅੱਗੇ ਆਉਣ ਦਾ ਹੋਕਾ ਦਿੱਤਾ। ਉਹਨਾਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਬਿਨਾਂ ਕਿਸੇ ਪੱਖਪਾਤ ਬਿਨਾਂ ਕਿਸੇ ਪੇਪਰ ਲੀਕ ਤੋਂ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਲਈ ਸਿਰਫ ਮੈਰਿਟ ਹੀ ਮੁੱਖ ਹੋਵੇਗੀ।