ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਲਈ ਚਰਚਾ ’ਚ ਚੱਲਦੇ ਨਾਵਾਂ ’ਤੇ ਵਿਰਾਮ ਲਗਾਉਂਦਿਆਂ ਕਿਹਾ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਜਾਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਲਈ ਚਰਚਾ ’ਚ ਚੱਲਦੇ ਨਾਵਾਂ ’ਤੇ ਵਿਰਾਮ ਲਗਾਉਂਦਿਆਂ ਕਿਹਾ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਲਈ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਲਈ ਕੋਈ ਸ਼ਿਫ਼ਾਰਸ਼ ਨਹੀਂ ਮੰਨੀ ਜਾਵੇਗੀ। ਇਸ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਇਹ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਦੇ 2 ਗ੍ਰੰਥੀ ਨਿਯੁਕਤ ਕਰਨ ਲਈ ਆਏ ਉਮੀਦਵਾਰਾਂ ਦੇ ਟੈਸਟ ਲੈ ਕੇ ਹੀ ਆਪਣੀ ਰਿਪੋਰਟ ਦੇਵੇਗੀ।
ਜ਼ਿਕਰਯੋਗ ਹੈ ਕਿ ਮੁੱਖ ਗ੍ਰੰਥੀ ਦੀ ਮੰਗ ਉਪਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਲਈ 2 ਨਵੇਂ ਗ੍ਰੰਥੀ ਸਿੰਘਾਂ ਲਈ ਦੀ ਨਿਯੁਕਤੀ ਲਈ ਇਸ਼ਤਿਹਾਰ ਰਾਹੀਂ ਚਾਹਵਾਨ ਉਮੀਦਵਾਰਾਂ ਪਾਸੋਂ ਯੋਗਤਾ ਦੇ ਅਧਾਰ ’ਤੇ ਮੰਗ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਇਸ਼ਤਿਹਾਰ ’ਚ ਦਿੱਤੀਆਂ ਸ਼ਰਤਾਂ ਨਾਲ ਦਮਦਮੀ ਟਕਸਾਲ ਮਹਿਤਾ ਦੇ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਸਿੰਘ ਭਾਈ ਪੇ੍ਰਮ ਸਿੰਘ ਦੇ ਨਾਮ ਦੀ ਚਰਚਾ ਚੱਲ ਰਹੀ ਸੀ। ਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਡਵੋਕੇਟ ਧਾਮੀ ਨੇ ਇਨ੍ਹਾਂ ਨਾਵਾਂ ਦਾ ਕੋਈ ਵਜੂਦ ਨਾ ਦੱਸਦਿਆ, ਇਹਨਾਂ ਚਰਚਾਵਾਂ ਤੇ ਵਿਰਾਮ ਲਗਾ ਦਿੱਤਾ ਹੈ।