ਜਲੰਧਰ : 2016 ਤੇ 2020 ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਲਈ ਕਵਾਲੀਫਾਈ ਨਹੀਂ ਕਰ ਸਕੀ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਸਮਾਪਤ ਹੋਏ ਐੱਫਆਈਐੱਚ ਓਲੰਪਿਕ ਕੁਆਲੀਫਾਇੰਗ ਮੁਕਾਬਲੇ ‘ਚ ਭਾਰਤੀ ਟੀਮ ਦੀ ਹਾਰ ਦਾ ਮੁੱਖ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਲਈ 2020 ਟੋਕਿਓ ਓਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਓਲੰਪੀਅਨ ਗੁਰਜੀਤ ਕੌਰ ਨੂੰ ਟੀਮ ਵਿੱਚੋਂ ਬਾਹਰ ਕੱਢਣਾ ਹੈ। ਇਹ ਵਿਚਾਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਹਾਕੀ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਪਦਮਸ਼੍ਰੀ ਨੇ ਭਾਰਤੀ ਮਹਿਲਾ ਹਾਕੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪ੍ਰਗਟਾਏ ਹਨ। ਭਾਰਤੀ ਮਹਿਲਾ ਹਾਕੀ ਟੀਮ ‘ਚੋਂ ਓਲੰਪੀਅਨ ਗੁਰਜੀਤ ਕੌਰ ਨੂੰ ਬਾਹਰ ਕੱਢ ਕੇ ਦੀਪਿਕਾ ਨੂੰ ਪੈਨਲਟੀ ਕਾਰਨਰ ਮਾਹਿਰ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ ਸੀ।
ਗੁਰਜੀਤ ਕੌਰ ਤੇ ਦੀਪਿਕਾ ਨੂੰ ਕੋਚਿੰਗ ਦੇਣ ਲਈ ਭਾਰਤੀ ਪੁਰਸ਼ ਹਾਕੀ ਟੀਮ ਦੇ ਪੈਨਲਟੀ ਕਾਰਨਰ ਮਾਹਿਰ ਓਲੰਪੀਅਨ ਰੁਪਿੰਦਰਪਾਲ ਸਿੰਘ ਨੂੰ ਹਾਕੀ ਇੰਡੀਆ ਵੱਲੋਂ ਬੈਂਗਲੁਰੂ ਵਿਖੇ ਇਕ ਹਫ਼ਤੇ ਦਾ ਕੋਚਿੰਗ ਕੈਂਪ ਵੀ ਲਾਇਆ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਜਾਪਾਨ ਖ਼ਿਲਾਫ਼ ਖੇਡੇ ਗਏ ਮੈਚ ‘ਚ ਭਾਰਤੀ ਮਹਿਲਾ ਹਾਕੀ ਟੀਮ ਨੂੰ 9 ਪੈਨਲਟੀ ਕਾਰਨਰ ਮਿਲੇ, ਜਿਨਾਂ੍ਹ ‘ਚੋਂ ਇਕ ਨੂੰ ਵੀ ਗੋਲ ‘ਚ ਨਹੀਂ ਬਦਲਿਆ ਜਾ ਸਕਿਆ। ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਦੀਪਿਕਾ, ਜਿਸ ਨੂੰ ਪੈਨਲਟੀ ਕਾਰਨਰ ਮਾਹਿਰ ਵਜੋਂ ਗੁਰਜੀਤ ਕੌਰ ਦੀ ਥਾਂ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ ਸੀ, ਉਸ ਕੋਲੋਂ ਇਕ ਵੀ ਪੈਨਲਟੀ ਕਾਰਨਰ ਨਹੀਂ ਲਗਵਾਇਆ ਗਿਆ।