ਭਾਜਪਾ ਦੇ ਰਾਜਵੀਰ ਸਿੰਘ ਨਾਂ ਦੇ ਆਗੂ ਨੇ ਫੌਜੀ ਕਾਲੋਨੀ ‘ਚ ਨਸ਼ਾ ਕਰ ਰਹੇ ਇਕ ਨੌਜਵਾਨ ਦੀ ਵੀਡੀਓ ਬਣਾਈ ਜਿਸ ਵਿਚ ਕਰੀਬ 22 ਤੋਂ 24 ਸਾਲ ਦਾ ਨੌਜਵਾਨ ਸ਼ਰੇਆਮ ਆਪਣੀ ਬਾਂਹ ‘ਤੇ ਨਸ਼ੇ ਦਾ ਟੀਕਾ ਲਗਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਜਿੱਥੇ ਨੌਜਵਾਨ ਆਪਣੀ ਖੱਬੀ ਬਾਂਹ ਦੀ ਨੱਸ ਲੱਭ ਕੇ ਟੀਕਾ ਲਗਾਉਂਦਾ ਦਿਸ ਰਿਹਾ ਹੈ ਉੱਥੇ ਹੀ ਉਸਦਾ ਇਕ ਹੋਰ ਜਾਣਕਾਰ ਅਜਿਹਾ ਕਰਨ ਤੋਂ ਰੋਕਦਾ ਵੀ ਸੁਣਾਈ ਦਿੱਤਾ।
ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਚਲਾਏ ਜਾ ਰਹੇ ਆਪ੍ਰੇਸ਼ਨ ਦੇ ਬਾਵਜੂਦ ਸੂਬੇ ‘ਚ ਨਸ਼ੇ ਦਾ ਛੇਵਾਂ ਦਰਿਆ ਪੂਰੇ ਜੋਬਨ ‘ਤੇ ਵਹਿ ਰਿਹਾ ਹੈ। ਗੱਲ ਮਹਾਨਗਰ ਲੁਧਿਆਣਾ ਦੀ ਕਰੀਏ ਤਾਂ ਵੱਖ ਵੱਖ ਇਲਾਕਿਆਂ ਤੋਂ ਲਗਾਤਾਰ ਨਸ਼ੇ ‘ਚ ਗਰਕ ਹੋ ਰਹੀ ਜਵਾਨੀ ਦੀਆਂ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਇਹ ਸਮੱਸਿਆ ਜਿਉਂ ਦੀ ਤਿਉਂ ਹੈ। ਸੋਸ਼ਲ ਮੀਡੀਆ ਤੇ ਨਸ਼ੇ ਦਾ ਟੀਕਾ ਲਗਾਉਂਦੇ ਇਕ ਹੋਰ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ, ਜੋਕਿ ਸਥਾਨਕ ਫੌਜੀ ਮਹੱਲੇ ਦੀ ਦੱਸੀ ਜਾ ਰਹੀ ਹੈ।
ਲੁੱਟਾਂ-ਖੋਹਾਂ ਦੀ ਜੜ੍ਹ ਹੈ ਨਸ਼ਾਖੋਰੀ
ਜਿਵੇਂ-ਜਿਵੇਂ ਨਸ਼ੇ ‘ਚ ਗਰਕ ਹੋ ਰਹੇ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ, ਉਸੇ ਅਨੁਪਾਤ ਨਾਲ ਮਹਾਨਗਰ ‘ਚ ਲੁੱਟਾਂ- ਖੋਹਾਂ ਦੀਆਂ ਵਾਰਦਾਤਾਂ ਦਾ ਗਰਾਫ ਵੀ ਵਧਦਾ ਜਾ ਰਿਹਾ ਹੈ। ਮਹਿੰਗੇ ਨਸ਼ੇ ਦੀ ਪੂਰਤੀ ਲਈ ਨਸ਼ੇ ਦਾ ਸ਼ਿਕਾਰ ਨੌਜਵਾਨ ਹੱਥੀਂ ਕਿਰਤ ਕਰਨ ਦੀ ਬਜਾਏ ਆਸਾਨੀ ਨਾਲ ਜ਼ਿਆਦਾ ਪੈਸਾ ਕਮਾਉਣ ਲਈ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਜ਼ਿਲ੍ਹੇ ਦਾ ਸ਼ਾਇਦ ਹੀ ਕੋਈ ਇਲਾਕਾ ਜਾਂ ਸੜਕ ਬਚੀ ਹੋਵੇ ਜਿਸ ‘ਤੇ ਰਾਹਗੀਰਾਂ ਨਾਲ ਨਕਦੀ ਮੋਬਾਈਲ ਤੇ ਹੋਰ ਕੀਮਤੀ ਸਾਮਾਨ ਲੁੱਟਣ ਦੀਆਂ ਵਾਰਦਾਤਾਂ ਅੰਜਾਮ ਨਾ ਦਿੱਤਾ ਗਿਆ ਹੋਵੇ। ਭਾਵੇਂ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੇ ਨਸ਼ੇ ਦੀ ਬਰਾਮਦਗੀ ਕੀਤੀ ਜਾ ਰਹੀ ਹੈ ਪਰ ਨਸ਼ੇ ਦੇ ਵੱਡੇ ਸਪਲਾਇਰ ਅਜੇ ਵੀ ਪੁਲਿਸ ਦੇ ਰਾਡਾਰ ਤੋਂ ਬੱਚ ਕੇ ਆਪਣੇ ਮਨਸੂਬੇ ਨੂੰ ਅੰਜਾਮ ਦੇ ਰਹੇ ਹਨ। ਫੌਜੀ ਕਾਲੋਨੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਮੁਤਾਬਕ ਇਲਾਕੇ ‘ਚ ਨਸ਼ੇੜੀਆਂ ਨੇ ਦਹਿਸ਼ਤ ਦਾ ਅਜਿਹਾ ਮਾਹੌਲ ਬਣਾ ਰੱਖਿਆ ਹੈ ਕਿ ਆਮ ਲੋਕ ਇਨ੍ਹਾਂ ਤੋਂ ਡਰਦੇ ਸ਼ਿਕਾਇਤ ਤਕ ਨਹੀਂ ਕਰ ਸਕਦੇ। ਜੇਕਰ ਕੋਈ ਥੋੜ੍ਹੀ-ਬਹੁਤ ਹਿੰਮਤ ਕਰਦਾ ਵੀ ਹੈ ਤਾਂ ਨਸ਼ਾ ਤਸਕਰਾਂ ਤਕ ਸਾਰੀ ਜਾਣਕਾਰੀ ਪਤਾ ਨਹੀਂ ਕਿਵੇਂ ਪੁੱਜ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਦੌਰਾਨ ਹੀ ਚਿੱਟੇ ਦਿਨ ਹਥਿਆਰ ਦੇ ਜ਼ੋਰ ‘ਤੇ ਨਸ਼ੇੜੀਆਂ ਵੱਲੋਂ ਕਈ ਥਾਵਾਂ ‘ਤੇ ਲੁੱਟਾਂ ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ।