ਪੰਜਾਬ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਸ਼ਹਿਰ ਲੁਧਿਆਣਾ ’ਚੋਂ ਲੰਘਦੇ ਇਸ ਬੁੱਢੇ ਦਰਿਆ ਵਿਚ ਡਾਇੰਗ ਇੰਡਸਟਰੀ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਧੱੜਲੇ ਨਾਲ ਪਾਇਆ ਜਾ ਰਿਹਾ ਹੈ…
ਦੇਸ਼ ’ਚ 2024 ਲਈ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ । ਸਮੁੱਚੇ ਭਾਰਤ ਵਿਚ ਸੱਤ ਪੜਾਵਾਂ ਦੌਰਾਨ ਵੋਟਾਂ ਪੈਣੀਆਂ ਹਨ ਤੇ ਪੰਜਾਬ ’ਚ ਆਖ਼ਰੀ ਪੜਾਅ ਵਿਚ ਵੋਟਾਂ ਹੋਣਗੀਆਂ, ਜੋ ਕਿ 1 ਜੂਨ ਨੂੰ ਪੈਣਗੀਆਂ। ਉਦੋਂ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਿੱਥੇ ਆਪਣੇ ਉਮੀਦਵਾਰ ਤੈਅ ਕਰਨ ਵਿਚ ਲੱਗੇ ਹੋਏ ਹਨ ਉਥੇ ਉਹ ਸੀਟਾਂ ਜਿੱਤਣ ਲਈ ਆਪਣੀਆਂ ਰਣਨੀਤੀਆਂ ਵੀ ਬਣਾ ਰਹੇ ਹਨ। ਜਦੋਂ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਅਨੁਸਾਰ ਹੀ ਆਪਣੇ ਰੁਝੇਵਿਆਂ ਵਿਚ ਰੁਝ ਗਈਆਂ ਹਨ ਤਾਂ ਪੰਜਾਬ ਦਾ ਇੱਕੋ ਇਕ ਐੱਮਪੀ (ਰਾਜਸਭਾ) ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੂਬੇ ਦੇ ਦਰਿਆਵਾਂ ਤੇ ਨਦੀਆਂ ਦੀ ਫ਼ਿਕਰਮੰਦੀ ਕਰ ਰਿਹਾ ਹੈ। ਸੰਤ ਸੀਚੇਵਾਲ ਚੋਣਾਂ ਦੇ ਤੇਜ਼ ਹੋ ਰਹੇ ਰੌਲੇ-ਰੱਪੇ ਤੋਂ ਦੂਰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਿਚ ਲੱਗੇ ਹੋਏ ਹਨ।
ਪੰਜਾਬ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਸ਼ਹਿਰ ਲੁਧਿਆਣਾ ’ਚੋਂ ਲੰਘਦੇ ਇਸ ਬੁੱਢੇ ਦਰਿਆ ਵਿਚ ਡਾਇੰਗ ਇੰਡਸਟਰੀ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਧੱੜਲੇ ਨਾਲ ਪਾਇਆ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ’ਚ ਇਕ 40 ਐੱਮਐੱਲਡੀ ਤੇ ਇਕ 50 ਐੱਮਐੱਲਡੀ ਦਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਹੈ। ਇਹ ਦੋਵੇਂ ਪਲਾਂਟ ਡਾਇੰਗ ਇੰਡਸਟਰੀਆਂ ਦਾ ਪਾਣੀ ਸਾਫ਼ ਕਰਨ ਵਾਸਤੇ ਹਨ। ਇਕ 225 ਐੱਮਐੱਲਡੀ ਦਾ ਪਲਾਂਟ ਲੱਗਾ ਹੋਇਆ ਹੈ ਜਿਸ ਵਿਚ ਘਰੇਲੂ ਪਾਣੀ ਨੂੰ ਸਾਫ਼ ਕੀਤਾ ਜਾਂਦਾ ਹੈ। ਡਾਇੰਗ ਇੰਡਸਟਰੀ ਦੇ 50 ਐੱਮਐੱਲਡੀ ਵਾਲੇ ਟ੍ਰੀਟਮੈਂਟ ਪਲਾਂਟ ਨੂੰ ਚਲਾਉਣ ਵਾਲਿਆਂ ਦੀ ਚਲਾਕੀ ਬੀਤੇ ਦਿਨੀਂ ਉਦੋਂ ਫੜੀ ਗਈ ਸੀ ਜਦੋਂ ਉਹ ਜ਼ਹਿਰੀਲਾ ਪਾਣੀ ਸਾਫ਼ ਕਰਨ ਦੀ ਥਾਂ ਬਾਈਪਾਸ ਕਰ ਕੇ ਬੁੱਢੇ ਦਰਿਆ ਵਿਚ ਪਾ ਰਹੇ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਇਸ ਬਾਈਪਾਸ ਨੂੰ ਫੜਿਆ ਤਾਂ ਜ਼ਰੂਰ ਹੈ ਪਰ ਉਸ ’ਤੇ ਕੀ ਕਾਰਵਾਈ ਕਰਦੇ ਹਨ ਇਸ ਬਾਰੇ ਲੋਕਾਂ ਨੂੰ ਕੋਈ ਬਹੁਤਾ ਯਕੀਨ ਨਹੀਂ ਹੈ।
ਸੰਤ ਸੀਚੇਵਾਲ ਨੇ 2 ਫਰਵਰੀ ਤੋਂ ਲੁਧਿਆਣਾ ਦੇ ਗੁਰਦੁਆਰਾ ਗਾਊਘਾਟ ਤੋਂ ਬੁੱਢੇ ਦਰਿਆ ਦੇ ਕਿਨਾਰਿਆਂ ’ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਜਿਸ ਤਹਿਤ ਹੁਣ ਤੱਕ 1100 ਦੇ ਕਰੀਬ ਚੜ੍ਹਦੇ ਵਾਲੇ ਪਾਸੇ ਨੂੰ ਬੂਟੇ ਲੱਗ ਚੁੱਕੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਦੋਆਬੇ ਵਿਚ ਵਗਦੀ ਚਿੱਟੀ ਵੇਈਂ ਨੂੰ ਵੀ ਪ੍ਰਦੂਸ਼ਣ ਮੁਕਤ ਕਰਨ ਵਿਚ ਡਟੇ ਹੋਏ ਹਨ। ਲੰਘੀ 22 ਮਾਰਚ ਨੂੰ ਜਦੋਂ ਸਾਰਾ ਸੰਸਾਰ ਜਲ ਦਿਵਸ ਮਨਾ ਰਿਹਾ ਸੀ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਹੁਸ਼ਿਆਰਪੁਰ ਦੇ ਪਿੰਡ ਸਿੰਬਲੀ ਕੋਲੋਂ ਲੰਘਦੀ ਨਹਿਰ ’ਚੋਂ ਚਿੱਟੀ ਵੇਈਂ ’ਚ ਸਾਫ਼ ਪਾਣੀ ਛੁਡਵਾ ਕੇ ਇਸ ਨੂੰ ਮੁੜ ਪੁਰਾਤਨ ਹਾਲਤ ਵਿਚ ਲਿਆਉਣ ਦੇ ਯਤਨ ਕਰ ਰਹੇ ਸਨ।
ਵਿਸਾਖੀ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੇ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਵਿਚ ਵੀ 350 ਕਿਊਸਿਕ ਪਾਣੀ ਛੱਡਣ ਲਈ ਅਧਿਕਾਰੀਆਂ ਨੂੰ ਕਿਹਾ ਸੀ ਜਿਸ ਦੇ ਚੱਲਦਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਲ ਸਰੋਤ ਵਿਭਾਗ ਤੇ ਪੇਡਾ ਦੇ ਅਧਿਕਾਰੀਆਂ ਨੂੰ ਪੱਤਰ ਲਿਖੇ ਹਨ ਕਿ ਵਿਸਾਖੀ ਤੋਂ ਪਹਿਲਾਂ-ਪਹਿਲਾਂ ਪਵਿੱਤਰ ਵੇਈਂ ਵਿਚ 350 ਕਿਊਸਿਕ ਪਾਣੀ ਛੱਡਿਆ ਜਾਵੇ।
ਇਸ ਬਾਰੇ ਜਦੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਲੋਕ ਸਭਾ ਤੇ ਪੰਚਾਇਤੀ ਚੋਣਾਂ ਤੱਕ ਵਾਤਾਵਰਨ ਨੂੰ ਚੋਣ ਮੁੱਦਾ ਬਣਾਉਣ ਦੀ ਗੱਲ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਅਜੇ ਤੱਕ ਇਸ ਮੁੱਦੇ ਨੂੰ ਉਸ ਢੰਗ ਨਾਲ ਨਹੀ ਅਪਣਾਇਆ ਜਿਸ ਤਰ੍ਹਾਂ ਨਾਲ ਇਸ ਦੀ ਲੋੜ ਹੈ। ਉਹ ਆਸਵੰਦ ਹਨ ਕਿ ਰਾਜਨੀਤਿਕ ਪਾਰਟੀਆਂ ਇਸ ਨੂੰ ਜ਼ਰੂਰ ਅਪਣਾਉਣਗੀਆਂ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਹੁੰ ਚੁੱਕਣ ਵਾਲੇ ਸਮਾਗਮ ਤੋਂ ਲੈ ਕੇ ਹੁਣ ਤੱਕ ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤ£ ਦੀ ਗੱਲ ਜ਼ਰੂਰ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੀਆਂ ਨਦੀਆਂ ਤੇ ਦਰਿਆ ਇਕ ਦਿਨ ਜ਼ਰੂਰ ਪਹਿਲਾਂ ਵਾਂਗ ਹੀ ਸਾਫ਼ ਵਗਣਗੇ।