ਡੀਐੱਸਪੀ ਕਰਣ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਲੋਕ ਖਰੜ ’ਚ ਆ ਕੇ ਵਿਰੋਧ ਕਰਦੇ ਹਨ ਪਰ ਅੱਜ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਨੇ ਜ਼ਹਿਰ ਨਿਗਲ ਲਿਆ, ਜਿਸ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ
ਮੋਹਾਲੀ ਦੇ ਖਰੜ ’ਚ ਸਰਕਾਰ ਦਾ ਵਿਰੋਧ ਕਰ ਰਹੇ ਸੈਂਕੜੇ ਕੋਰੋਨਾ ਵਾਲੰਟੀਅਰਜ਼ ’ਚ ਇੱਕ ਵਿਅਕਤੀ ਨੇ ਖਰੜ ਦੇ ਡੀਐੱਸਪੀ ਕਰਣ ਸੰਧੂ ਦੇ ਸਾਹਮਣੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨੂੰ ਖਰੜ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ’ਚ ਰੈਫ਼ਰ ਕਰ ਦਿੱਤਾ ਹੈ। ਇਸ ਕੋਰੋਨਾ ਵਲੰਟੀਅਰ ਦੀ ਪਛਾਣ ਮਨਪ੍ਰੀਤ ਸਿੰਘ ਦੇ ਰੂਪ ਵਜੋਂ ਹੋਈ ਹੈ, ਜੋਕਿ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ’ਚ ਪੰਜਾਬ ਭਰ ’ਚ ਕੋਰੋਨਾ ਵਾਲੰਟੀਅਰਜ਼ ਨੇ ਸਰਕਾਰ ਦੇ ਹੁਕਮਾਂ ’ਤੇ ਸੇਵਾ ਨਿਭਾਈ ਸੀ ਅਤੇ ਹੁਣ ਇਹੀ ਵਾਲੰਟੀਅਰਜ਼ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਇਸ ਸਬੰਧ ’ਚ ਪੰਜਾਬ ਭਰ ਤੋਂ 200 ਕੋਰੋਨਾ ਵਾਲੰਟੀਅਰਜ਼ ਖਰੜ ਬਾਰਡਰ ’ਤੇ ਸਰਕਾਰ ਤੋਂ ਨੌਕਰੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਸਨ। ਇਸੇ ਦੌਰਾਨ ਵਾਲੰਟੀਅਰਜ਼ ਨੇ ਸੜਕ ਵੀ ਜਾਮ ਕਰ ਦਿੱਤੀ। ਮੌਕੇ ’ਤੇ ਡੀਐੱਸਪੀ ਕਰਣ ਸੰਧੂ ਵੀ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਜਿਸ ਦੇ ਬਾਅਦ ਮਨਪ੍ਰੀਤ ਸਿੰਘ ਨੇ ਉਨ੍ਹਾਂ ਦੇ ਸਾਹਮਣੇ ਹੀ ਬੋਤਲ ਖੋਲ੍ਹ ਕੇ ਜ਼ਹਿਰੀਲਾ ਪਦਾਰਥ ਪੀ ਲਿਆ, ਹਾਲਾਂਕਿ ਕਰਣ ਸੰਧੂ ਨੇ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਹ ਵਿਅਕਤੀ ਜ਼ਹਿਰੀਲਾ ਪਦਾਰਥ ਪੀ ਚੁੱਕਿਆ ਸੀ। ਡੀਐੱਸਪੀ ਕਰਣ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਲੋਕ ਖਰੜ ’ਚ ਆ ਕੇ ਵਿਰੋਧ ਕਰਦੇ ਹਨ ਪਰ ਅੱਜ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਨੇ ਜ਼ਹਿਰ ਨਿਗਲ ਲਿਆ, ਜਿਸ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ।