ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਚੇਤਨਾ ਲਹਿਰ ਦਾ ਹੀ ਅਸਰ ਸੀ ਕਿ 2011 ’ਚ ਕਾਲਾ ਸੰਘਿਆਂ ਡਰੇਨ ਨੂੰ ਬੰਨ੍ਹ ਲਗਾਉਣ ਦੇ ਦਿੱਤੇ ਸੱਦੇ ’ਚ ਰਾਜਸਥਾਨ ਤੋਂ ਵੀ ਪੀੜਤ ਲੋਕ ਪਹੁੰਚੇ ਸਨ। ਬੁੱਢੇ ਦਰਿਆ ਦੀ ਚੱਲਦੀ ਕਾਰ ਸੇਵਾ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਆਉਣ ਵਾਲੇ ਦਿਨਾਂ ’ਚ ਇਸ ਦਾ ਹੋਰ ਵੀ ਵਧੇਰੇ ਅਸਰ ਦਿਖਾਈ ਦੇਣ ਲੱਗ ਪਵੇਗਾ।
ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਰਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜਨੀਤਕ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰਾਂ ’ਚ ਵਾਤਾਵਰਨ ਦਾ ਮੁੱਦਾ ਸ਼ਾਮਲ ਕਰਨ। ੳਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਮੌਕੇ ਰਾਜਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਵਾਤਾਵਰਨ ਦੇ ਮੁੱਦੇ ਨੂੰ ਚੋਣ ਮੁੱਦਾ ਬਣਾਉਣ ਲਈ ਦਬਾਅ ਪਾਉਣ।
ਬੁੱਧਵਾਰ ਨੂੰ ਸੋਹਲ ਖਾਲਸਾ ਤੇ ਸੀਚੇਵਾਲ ਪਿੰਡ ’ਚ ਹੋਏ ਵੱਖ-ਵੱਖ ਸਮਾਗਮਾਂ ’ਚ ਹਾਜ਼ਰੀ ਭਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਸਾਲ 2009 ਦੀਆਂ ਲੋਕਾਂ ਸਭਾ ਚੋਣਾਂ ਤੋਂ ਲੈ ਕੇ ਲਗਾਤਾਰ ਹੁਣ ਤੱਕ ਲੋਕ ਸਭਾ ਦੀ ਹਰ ਚੋਣ ਸਮੇਂ ਵਾਤਾਵਰਨ ਦੇ ਮੁੱਦੇ ਨੂੰ ਤਰਜੀਹ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 15 ਸਾਲਾਂ ਤੋਂ ਯਤਨਸ਼ੀਲ ਹਨ ਕਿ ਰਾਜਸੀ ਪਾਰਟੀਆਂ ਵਾਤਾਵਰਨ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਆਪਣੇ ਰਾਜਨੀਤਕ ਏਜੰਡੇ ’ਚ ਸ਼ਾਮਲ ਕਰਨ। ਸਾਲ 2009 ਦੀਆਂ ਲੋਕ ਸਭਾ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਵਾਤਾਵਰਨ ਚੇਤਨਾ ਲਹਿਰ ਚਲਾਈ ਗਈ ਸੀ ਤੇ ਇਸ ਦੌਰਾਨ ਕਾਲਾ ਸੰਘਿਆਂ ਡਰੇਨ, ਬੁੱਢਾ ਦਰਿਆ ਤੇ ਚਿੱਟੀ ਵੇਈਂ ਤੋਂ ਵਾਤਾਵਰਨ ਚੇਤਨਾ ਲਹਿਰ ਦੀ ਸ਼ੁਰੂਆਤ ਕੀਤੀ ਸੀ। ਇਹ ਗੰਦੇ ਤੇ ਜ਼ਹਿਰੀਲੇ ਪਾਣੀ ਸਤਲੁਜ ਦਰਿਆ ਰਾਹੀਂ ਰਾਜਸਥਾਨ ਦੇ 8 ਜ਼ਿਲ੍ਹਿਆਂ ’ਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਤੋਂ ਨਿਕਲਦੀਆਂ ਦੋ ਨਹਿਰਾਂ ਦਾ ਪਲੀਤ ਪਾਣੀ ਪੀ ਕੇ ਲੋਕ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।