ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਸਰੀਰਕ ਤੌਰ ’ਤੇ ਬੇਸ਼ੱਕ ਉਮਰ ਦੇ ਉਸ ਪੜਾਅ ’ਤੇ ਵਿਚਰ ਰਹੇ ਸਨ ਜਿਥੇ ਪਹੁੰਚ ਕੇ ਆਮ ਮਨੁੱਖ ਜਿਸਮਾਨੀ ਤੌਰ ’ਤੇ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ ਪਰ ਧੰਨ ਹਨ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਸਦਕਾ ਜੀਵਨ ਵਿਚ ਪੈ ਚੁੱਕੀ ਸ਼ਾਮ ਨੂੰ ਸਿਖ਼ਰ ਦੁਪਹਿਰ ਵਿਚ ਢਾਲ ਲਿਆ।
ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਸਰੀਰਕ ਤੌਰ ’ਤੇ ਬੇਸ਼ੱਕ ਉਮਰ ਦੇ ਉਸ ਪੜਾਅ ’ਤੇ ਵਿਚਰ ਰਹੇ ਸਨ ਜਿਥੇ ਪਹੁੰਚ ਕੇ ਆਮ ਮਨੁੱਖ ਜਿਸਮਾਨੀ ਤੌਰ ’ਤੇ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ ਪਰ ਧੰਨ ਹਨ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਸਦਕਾ ਜੀਵਨ ਵਿਚ ਪੈ ਚੁੱਕੀ ਸ਼ਾਮ ਨੂੰ ਸਿਖ਼ਰ ਦੁਪਹਿਰ ਵਿਚ ਢਾਲ ਲਿਆ। ਉਮਰ ਦੀ ਅਗਲੇਰੀ ਤੇ ਵਡੇਰੀ ਅਵਸਥਾ ’ਚ ਉਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗ ਲੱਗ ਕੇ ਆਪਣੀ ਸੇਵਾ ਨੂੰ ਘਾਲ ਪਾਇਆ। ਭੱਟ ਭੱਲ ਜੀ ਫੁਰਮਾਉਦੇ ਹਨ-
ਘਨਹਰ ਬੂੰਦ, ਬਸੁਅ ਰੋਮਾਵਿਲ,
ਕੁਸਮ ਬਸੰਤ ਗਨੰਤ ਨਾ ਆਵੈ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ,
ਗੰਗ ਤਰੰਗ ਅੰਤੁ ਕੋ ਪਾਵੈ॥
ਰੁਦ੍ਰ ਧਿਆਨ, ਗਿਆਨ ਸਤਿਗੁਰੂ ਕੇ,
ਕਬਿ ਜਨ ਭਲ ਉਨਹੁ ਜੋਗਾਵੈ॥
ਭਲੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਤੋਹਿ ਬਨਿ ਆਵੈ॥
ਗੁਰੂ ਅਮਰਦਾਸ ਜੀ ਦਾ ਜਨਮ ਮਈ ਮਹੀਨੇ ਦੇ ਪੰਜਵੇਂ ਦਿਨ 1479 ਈ. ਨੂੰ ਪਿੰਡ ਬਾਸਰਕੇ (ਅੰਮਿ੍ਰਤਸਰ) ਵਿਖੇ ਪਿਤਾ ਸ੍ਰੀ ਤੇਜ ਭਾਨ ਜੀ ਅਤੇ ਮਾਤਾ ਸੁਲੱਖਣੀ ਦੀ ਕੁੱਖੋਂ ਹੋਇਆ। ਪਿਤਾ ਤੇਜ ਭਾਨ ਜੀ ਦਾ ਜਨਮ ਸਧਾਰਣ ਪਰ ਆਚਰਣ ਬਹੁਤ ਉੱਚਾ ਤੇ ਸੁੱਚਾ ਸੀ। ਮਾਤਾ ਸੁਲੱਖਣੀ ਜੀ ਵੀ ਸਹਿਣਸ਼ੀਲ ਤੇ ਧਾਰਮਿਕ ਸੁਭਾਅ ਦੀ ਖ਼ਵਾਤੀਨ ਸੀ।
ਸਤਿਗੁਰਾਂ ਦਾ ਪਰਿਵਾਰ
ਪਰਿਵਾਰਕ ਪੱਖ ਤੋਂ ਗੁਰੂ ਅਮਰਦਾਸ ਜੀ ਚਾਰ ਭਰਾ ਸਨ, ਜਿਨ੍ਹਾਂ ’ਚ ਭਾਈ ਈਸ਼ਰਦਾਸ ਜੀ (ਪਿਤਾ ਭਾਈ ਗੁਰਦਾਸ ਜੀ) ਭਾਈ ਖੇਮ ਰਾਇ ਜੀ ਤੇ ਭਾਈ ਮਾਣਕ ਚੰਦ (ਕੁੜ੍ਹਮ ਸ੍ਰੀ ਗੁਰੂ ਅੰਗਦ ਦੇਵ ਜੀ) ਸਨ। ਇਹ ਚਾਰੇ ਭਾਈ ਬੜੇ ਹੀ ਭਲੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ।ਇਸ ਪਿਆਰ ਤੇ ਸਤਿਕਾਰ ਸਦਕਾ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁੱਘੜ ਤੇ ਸਿਆਣੀ ਧੀ ਬੀਬੀ ਅਮਰੋ ਦਾ ਨਾਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਭਤੀਜੇ ਭਾਈ ਜੱਸੂ (ਸਪੁੱਤਰ ਮਾਣਕ ਚੰਦ) ਨਾਲ ਜੋੜਿਆ। ਮਾਤਾ ਪਿਤਾ ਦੁਆਰਾ ਗ੍ਰਹਿਸਥ ਧਰਮ ਦੀ ਮਹਿਮਾ ਦਿ੍ਰੜ ਕਰਵਾਉਣ ਸਦਕਾ ਆਪ ਜੀ ਦੀ ਸ਼ਾਦੀ ਸਿਆਲਕੋਟ ਜ਼ਿਲ੍ਹੇ ਵਿਚਲੇ ਪਿੰਡ ਸਨਖੜਾ ਦੇ ਵਸਨੀਕ ਦੇਵੀ ਚੰਦ ਜੀ ਦੀ ਲਾਡਲੀ ਪੁੱਤਰੀ ਬੀਬੀ ਮਨਸ਼ਾ ਦੇਵੀ ਨਾਲ ਹੋਈ। ਬੀਬੀ ਮਨਸ਼ਾ ਦੇਵੀ ਵੀ ਵੱਡੇ ਹੌਂਸਲੇ ਵਾਲੇ ਸਨ। ਗੁਰੂ ਅੰਗਦ ਦੇਵ ਜੀ ਦੇ ਮਿਲਾਪ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਰ ਛਿਮਾਹੀ ਗੰਗਾ ਇਸ਼ਨਾਨ ਕਰਨ ਲਈ ਪੈਦਲ ਹੀ ਜਾਇਆ ਕਰਦੇ ਸਨ। ਸੰਮਤ 1597 ਵਿਚ ਬਾਬਾ ਅਮਰਦਾਸ ਜੀ ਦਾ ਮਿਲਾਪ ਬ੍ਰਹਮਚਾਰੀ ਸਾਧੂ ਨਾਲ ਹੋ ਗਿਆ ।ਉਹ ਉਨ੍ਹਾਂ ਨਾਲ ਬਾਸਰਕੇ ਪਹੁੰਚੇ। ਇੱਕ ਦਿਨ ਸਾਧੂੂ ਨੇ ਕਿਹਾ ਤੁਹਾਡਾ ਗੁਰੂ ਕੌਣ ਹੈ? ਤਾਂ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈਂ ਤਾਂ ਅਜੇ ਤੱਕ ਕੋਈ ਗੁਰੂ ਧਾਰਿਆ ਹੀ ਨਹੀਂ ।
ਬੀਬੀ ਅਮਰੋ ਜੀ ਦੇ ਮੁਖਾਰਬਿੰਦ ਤੋਂ ਸੁਣੀ ਬਾਣੀ
ਅੰਮਿ੍ਰਤ ਵੇਲੇ ਜਦੋਂ ਬੀਬੀ ਅਮਰੋ ਜੀ ਆਪਣੇ ਮੁਖਾਰਬਿੰਦ ’ਚੋਂ ਗੁਰੂ ਨਾਨਕ ਦੇਵ ਜੀ ਦੀ ਮਿੱਠੀ ਤੇ ਰਸੀਲੀ ਬਾਣੀ ਪੜ੍ਹਦੇ ਤਾਂ ਗੁਰੂ ਅਮਰਦਾਸ ਜੀ ਦਿਨ ਚੜ੍ਹਦੇ ਤੱਕ ਸੁਣਦੇ ਰਹਿੰਦੇ। ਇੱਕ ਦਿਨ ਬੀਬੀ ਜੀ ਆਪਣੇ ਪੇਕੇ (ਖਡੂਰ ਸਾਹਿਬ) ਚੱਲੇ ਗਏ। ਉਸ ਦਿਨ ਗੁਰੂ ਅਮਰਦਾਸ ਜੀ ਨੂੰ ਲੱਗਿਆ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਰੂਹ ਪਿਆਸੀ ਹੀ ਰਹਿ ਗਈ ਹੋਵੇ। ਉਨ੍ਹਾਂ ਇਸ ਦਾ ਜ਼ਿਕਰ ਆਪਣੀ ਭਾਬੀ ਭਾਗੋ ਜੀ ਨਾਲ ਕੀਤਾ। ਭਾਬੀ ਭਾਗੋ ਨੇ ਕਿਹਾ ਕਿ ਕਿਉ ਨਹੀਂ ਉਹ ਉਸ ਦੇ ਪਿਤਾ (ਗੁਰੂ ਅੰਗਦ ਦੇਵ ਜੀ) ਪਾਸ ਹੀ ਚਲਾ ਜਾਂਦਾ।ਗੁਰੂ ਅਮਰਦਾਸ ਜੀ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਗਏ। ਆਪ ਜੀ ਨੇ ਆਪਣਾ ਸਿਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਚ ਰੱਖ ਦਿੱਤਾ। ਇਸ ਪੜਾਅ ’ਤੇ ਗੁਰੂ ਅਮਰਦਾਸ ਦੀ ਵਰੇਸ ਛੇਵੇਂ ਦਹਾਕੇ ਨੂੰ ਪਾਰ ਕਰ ਚੁੱਕੀ ਸੀ।
12 ਸਾਲ ਕੀਤੀ ਸੇਵਾ
ਲਗਪਗ 12 ਸਾਲ ਗੁਰੂ ਅਮਰਦਾਸ ਜੀ ਨੇ ਦੂਸਰੇ ਨਾਨਕ (ਗੁਰੂ ਅੰਗਦ ਦੇਵ ਜੀ) ਦੀ ਤਨ ਮਨ ਨਾਲ ਸੇਵਾ ਕੀਤੀ। ਸੇਵਾ ਕਰਦਿਆਂ ਪਾਣੀ ਢੋਂਦਿਆਂ ਹੱਥ ਫੁੱਟ ਗਏ ਪਰ ਆਪ ਧੀਰਜ ਦੀ ਮੂਰਤੀ ਬਣ ਗਏ। ਨਿੱਤ ਦੀ ਕਾਰ ਨਹੀਂ ਬਦਲੀ। ਅੰਮਿ੍ਰਤ ਵੇਲੇ ਉੱਠਣਾ ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਭਰ ਲਿਆਉਣੀ, ਗੁਰੂ ਪਾਤਸ਼ਾਹ ਦਾ ਇਸ਼ਨਾਨ ਕਰਵਾਉਣਾ, ਲੰਗਰ ਲਈ ਬਾਲਣ ਲਿਆਉਣਾ ਤੇ ਜੂਠੇ ਭਾਂਡਿਆਂ ਨੂੰ ਮਾਂਜਣਾ ਆਦਿ। ਇੱਕ ਦਿਨ ਗਾਗਰ ’ਚ ਜਲ ਭਰਦੇ ਸਮੇਂ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਮੈਂ ਬਿਨਾਂ ਇਸ਼ਨਾਨ ਹੀ ਗਾਗਰ ਭਰ ਕੇ ਲੈ ਜਾਂਦਾ ਰਿਹਾ ਹਾਂ। ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਦੀ ਘੋਰ ਬੇਅਦਬੀ ਹੁੰਦੀ ਰਹੀ ਹੈ। ਪਸ਼ਚਾਤਾਪ ਦੇ ਸੇਕ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਕੁਝ ਸਮਾਂ ਇਸ਼ਨਾਨ ਕਰਕੇ ਗਾਗਰ ਕੈ ਲੇ ਜਾਣੀ ਆਰੰਭ ਕਰ ਦਿੱਤੀ ਪਰ ਇਸ ਤਰ੍ਹਾਂ ਕਰਨ ਨਾਲ ਵੀ ਤਸੱਲੀ ਨਾ ਹੋ ਸਕੀ । ਉਨ੍ਹਾਂ ਸੋਚਿਆ, ਇਸ ਤਰ੍ਹਾਂ ਕਰ ਕੇ ਵੀ ਆਪਣੇ ਗੁਰੂ ਤੋਂ ਪਹਿਲਾਂ ਹੀ ਇਸ਼ਨਾਨ ਕਰ ਲਵੇ। ਬਿਰਧ ਸਰੀਰ ਹੋਣ ਦੇ ਬਾਵਜੂਦ ਦੋਚਿੱਤੀ ’ਚੋਂ ਨਿਕਲਣ ਦਾ ਇਹ ਫ਼ੈੈਸਲਾ ਕੀਤਾ ਕਿ ਗਾਗਰ ਸਿਰ ’ਤੇ ਧਰ ਕੇ ਹੀ ਦਰਿਆ ’ਚ ਪ੍ਰਵੇਸ਼ ਕੀਤਾ ਜਾਵੇ ਤੇ ਜਲ ਭਰਿਆ ਜਾਵੇ। ਇਸ ਤਰ੍ਹਾਂ ਨਾਲੇ ਇਸ਼ਨਾਨ ਹੋ ਜਾਵੇ ਤੇ ਨਾਲੇ ਗਾਗਰ ਭਰ ਲਈ ਜਾਵੇਗੀ।
ਪਾਣੀ ਦੀ ਸੇਵਾ
ਪਾਣੀ ਦੀ ਸੇਵਾ ਕਰਦਿਆਂ ਇੱਕ ਦਿਨ ਬੜੇ ਜ਼ੋਰ ਦੀ ਬਾਰਿਸ਼ ਹੋਣ ਲੱਗੀ। ਬਾਰਿਸ਼ ਦੇ ਥੰਮਣ ’ਤੇ ਜਦ ਗੁਰੂ ਅਮਰਦਾਸ ਨੇ ਖਡੂਰ ਸਾਹਿਬ ਨੂੰ ਚਾਲੇ ਪਾਏ ਤਾਂ ਰਸਤੇ ’ਚ ਜੁਲਾਹੇ ਦੀ ਕਿੱਲੀ ਨਾਲ ਠੇਡਾ ਖਾ ਕੇ ਡਿੱਗ ਪਏ ਪਰ ਗਾਗਰ ਨੂੰ ਸੰਭਾਲ ਲਿਆ। ਰਾਤ ਸਮੇਂ ਖੜਾਕ ਸੁਣ ਕੇ ਜੁਲਾਹੇ ਨੇ ਕਿਹਾ ਕਿ ਕੌਣ ਹੈ ਬਈ? ਜੁਲਾਹੀ ਜੋ ਆਵਾਜ਼ ਸੁਣ ਰਹੀ ਸੀ, ਜੁਲਾਹੇ ਨੂੰ ਕਹਿਣ ਲੱਗੀ, ਕਿਉ ਆਪਣੀ ਨੀਂਦ ਖ਼ਰਾਬ ਕਰ ਰਿਹਾ ਹੈਂ। ਇਹ ਅਮਰੀ ਨਿਥਾਵਾਂ ਹੈ,ਜੋ ਕੁੜ੍ਹਮਾਂ ਦੇ ਟੁਕੜੇ ਖਾਣ ਲਈ ਰਾਤ-ਦਿਨ ਇੱਕ ਕਰੀ ਫਿਰਦਾ ਹੈ। ਜੁਲਾਹੀ ਦੇ ਬੋਲਾਂ ਦਾ ਜਵਾਬ ਗੁਰੂ ਅਮਰਦਾਸ ਜੀ ਬੜੇ ਨਿਮਰ ਸ਼ਬਦਾਂ ਨਾਲ ਦਿੰਦਿਆਂ ਕਿਹਾ , ‘ਕਮਲੀਏ ! ਮੈਂ ਨਿਥਾਵਾਂ ਨਹੀਂ ਰਿਹਾ। ਮੇਰੀ ਥਾਂ ਤਾਂ ਉਸ ਦੇ ਚਰਨਾਂ ਵਿਚ ਹੈ ਜੋ ਦੀਨ ਦੁਨੀ ਦਾ ਮਾਲਕ ਹੈ।’ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਮਿਹਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਵਜਦ ’ਚ ਆ ਕੇ ਕਹਿਣ ਲੱਗੇ ਪੁਰਖਾ ਤੂੰ ਸਾਡਾ ਹੀ ਰੂਪ ਹੈਂ।
ਸਮਾਜ ਸੁਧਾਰ ਦੇ ਕਾਰਜ
ਗੁਰੂ ਜੀ ਨੇ ਸਤੀ ਪ੍ਰਥਾ ਤੇ ਪਰਦੇ ਦੀ ਰਸਮ ਨੂੰ ਖ਼ਤਮ ਕੀਤਾ,ਜਾਤ-ਪਾਤ ਦਾ ਵਿਰੋਧ ਤੇ ਵਿਧਵਾ-ਵਿਆਹ ਦੀ ਸ਼ੁਰੂ ਕੀਤਾ । ਗੁਰੂ ਕਾ ਲੰਗਰ ਪੰਗਤ ’ਚ ਬੈਠ ਕੇ ਛਕਣ ਦਾ ਹੁਕਮ ਦਿੱਤਾ। ਬਾਊਲੀ ਸਾਹਿਬ ਨੂੰ ਸਿੱਖੀ ਦਾ ਤੀਰਥ ਬਣਾਇਆ। ਗੁਰੂ ਅਮਰਦਾਸ ਜੀ ਸੰਸਾਰਕ ਯਾਤਰਾ ਨੂੰ ਸੰਪੂਰਨ ਕਰਨ ਤੋਂ ਪਹਿਲਾਂ ਭਾਦੋਂ ਸੁਦੀ 15 ਸੰਮਤ 1631 (1 ਸਤੰਬਰ 1574 ਈ.) ਨੂੰ ਸ੍ਰੀ (ਗੁਰੂ) ਰਾਮਦਾਸ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਚੌਥਾ ਵਾਰਿਸ ਥਾਪ ਕੇ ਜੋਤੀ-ਜੋਤ ਸਮਾ ਗਏ।
ਗੁਰੂ-ਸੇਵਾ ਤੇ ਭਗਤੀ ਦੀ ਮੂਰਤ
ਸੰਨ 1552 ਮਾਰਚ ਮਹੀਨੇ ਦਾ ਆਖ਼ਰੀ ਪੱਖ । ਗੁਰੂ ਅੰਗਦ ਦੇਵ ਜੀ ਅੰਮਿ੍ਰਤ ਵੇਲੇ ਦੇ ਦੀਵਾਨ ਵਿਚ ਬਚਨ ਕੀਤਾ ‘ਤਜਹਿ ਸਰੀਰ ਅਬਹਿ ਚਿਤ ਆਈ।’ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਕੁਝ ਉਦਾਸ ਜਿਹੇ ਹੋ ਗਏ। ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਤੀਸਰਾ ਪਹਿਰੇਦਾਰ ਥਾਪ ਦਿੱਤਾ । ਪਹਿਲਾਂ ਤਾਂ ਗੁਰੂ ਜੀ ਨੇ ਆਪ ਨਮਸਕਾਰ ਕੀਤੀ ਅਤੇ ਫਿਰ ਹਾਜ਼ਰ ਸੰਗਤਾਂ ਨੂੰ ਵੀ ਗੁਰੂ ਅਮਰਦਾਸ ਜੀ ਨੂੰ ਪ੍ਰਣਾਮ ਕਰਨ ਲਈ ਕਿਹਾ। ਗੁਰੂ ਨਾਨਕ ਦੀ ਸੋਚ ਦਾ ਵਾਰਿਸ ਬਣਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 22 ਸਾਲ ਮਨੁੱਖੀ ਭਾਈਚਾਰੇ ਦੀ ਬਰਾਬਰੀ ਤੇ ਬਿਹਤਰੀ ਲਈ ਗੁਜ਼ਾਰੇ । ਵਡੇਰੀ ਉਮਰ ਵਿਚ ਸਿੱਖੀ ਨੂੰ ਧਾਰਨ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਗੁਰੂ-ਸੇਵਾ ਤੇ ਭਗਤੀ ’ਚ ਕਮਾਲ ਕਰ ਦਿੱਤੀ।