ਸਾਹਿਤ ਦੀ ਇਕ ਵਿਧਾ ਹੈ ਗੀਤਕਾਰੀ। ਗੀਤਕਾਰੀ ਬਹੁਤ ਪਿਆਰੀ ਤੇ ਮਸ਼ਹੂਰ ਵਿਧਾ ਹੈ। ਜੇ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਗੀਤ ਇਕ ਐਸੀ ਕਲਾਮਈ ਪੇਸ਼ਕਾਰੀ ਹੁੰਦੀ ਹੈ, ਜਿਸ ਵਿਚ ਸੁਰਾਂ ਦੀ ਇਕ ਲਹਿਰ ਹੁੰਦੀ ਹੈ। ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕਦੇ ਨਾ ਕਦੇ ਗੀਤ ਜਰੂਰ ਗਾਉਂਦਾ ਹੈ ਤੇ ਲਿਖਦਾ ਹੈ।
ਸਾਹਿਤ ਦੀ ਇਕ ਵਿਧਾ ਹੈ ਗੀਤਕਾਰੀ। ਗੀਤਕਾਰੀ ਬਹੁਤ ਪਿਆਰੀ ਤੇ ਮਸ਼ਹੂਰ ਵਿਧਾ ਹੈ। ਜੇ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਗੀਤ ਇਕ ਐਸੀ ਕਲਾਮਈ ਪੇਸ਼ਕਾਰੀ ਹੁੰਦੀ ਹੈ, ਜਿਸ ਵਿਚ ਸੁਰਾਂ ਦੀ ਇਕ ਲਹਿਰ ਹੁੰਦੀ ਹੈ। ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕਦੇ ਨਾ ਕਦੇ ਗੀਤ ਜਰੂਰ ਗਾਉਂਦਾ ਹੈ ਤੇ ਲਿਖਦਾ ਹੈ। ਖ਼ਾਸ ਤੌਰ ’ਤੇ ਭਾਰਤੀ ਉਪ ਮਹਾਦੀਪ ਵਿਚ ਹਿੰਦੀ ਬਾਲੀਵੁੱਡ ਗੀਤ ਬਹੁਤ ਪਸੰਦ ਕੀਤੇ ਜਾਂਦੇ ਹਨ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੀ ਵਸੋਂ ਵੀ ਗੀਤਕਾਰੀ ਤੇ ਗਾਇਕੀ ਨੂੰ ਬਹੁਤ ਪਸੰਦ ਕਰਦੀ ਹੈ। ਕਦੇ ਇਥੋਂ ਦੀ ਜਵਾਨੀ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਗੁਰਦਾਸ ਮਾਨ, ਗੁਲਾਮ ਅਲੀ, ਹਰਭਜਨ ਮਾਨ, ਹੰਸ ਰਾਜ ਹੰਸ, ਹਾਕਮ ਸੂਫ਼ੀ, ਜਗਜੀਤ ਸਿੰਘ, ਕੁਲਦੀਪ ਮਾਣਕ, ਮੁਹੰਮਦ ਰਫੀ, ਨੁਸਰਤ ਫ਼ਤਹਿ ਅਲੀ ਖ਼ਾਨ, ਰੇਸ਼ਮਾ, ਰਣਜੀਤ ਕੌਰ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਪਾਲੀ ਦੇਤਵਾਲੀਆ, ਨਸੀਬੋ ਲਾਲ ਆਦਿ ਨੂੰ ਸੁਣਦੀ ਸੀ ਤੇ ਸੁਣ ਰਹੀ ਹੈ। ਅਜਿਹਾ ਨਹੀਂ ਕਿ ਇਨ੍ਹਾਂ ਦੇ ਗੀਤਾਂ ਵਿਚ ਨੌਜਵਾਨਾਂ ਨੂੰ ਹੁਲਾਰਾ ਦੇਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਸਨ। ਇਨ੍ਹਾਂ ਨੇ ਬਹੁਤ ਸਾਰੇ ਅਜਿਹੇ ਗੀਤ ਵੀ ਗਾਏ, ਜਿਨ੍ਹਾਂ ਨੂੰ ਸੁਣ ਕੇ ਨੌਜਵਾਨ ਖ਼ੁਦ ਨੂੰ ਇਕ ਅਜੀਬ ਜਿਹੇ ਨਸ਼ੇ ਵਿਚ ਮਹਿਸੂਸ ਕਰਦੇ ਸਨ ਅਤੇ ਕਰਦੇ ਹਨ। ਇਨ੍ਹਾਂ ਦੇ ਗੀਤਾਂ ਵਿਚ ਅਜੋਕੀ ਗਾਇਕੀ ਵਾਲੀਆਂ ਨਸ਼ੀਲੀਆਂ ਤੇ ਹਥਿਆਰਬੰਦ ਲਹਿਰਾਂ ਨਹੀਂ ਸਨ। ਮੌਜੂਦਾ ਦੌਰ ਦੀ ਪੰਜਾਬੀ ਗੀਤਕਾਰੀ ਤੇ ਗਾਇਕੀ ਵਿਚ ਨਸ਼ਿਆਂ, ਹਥਿਆਰਾਂ ਤੇ ਫੁਕਰੇਪਣ ਦੀ ਜੋ ਤਾਰੀਫ਼ ਕੀਤੀ ਜਾ ਰਹੀ ਹੈ, ਉਹ ਬਹੁਤ ਮਾੜਾ ਵਰਤਾਰਾ ਹੈ ਅਤੇ ਚਿੰਤਾਜਨਕ ਪੱਧਰ ’ਤੇ ਪਹੁੰਚਿਆ ਹੋਇਆ ਹੈ।
ਅੱਜ ਦੀ ਗਾਇਕੀ ਅਮਲੀ ਹੋਣ ਨੂੰ ਹੀ ਵੱਡੀ ਸ਼ਾਨ ਕਹਿੰਦੀ ਹੈ, ਜਿਸ ਕਾਰਨ ਨੌਜਵਾਨ ਨਸ਼ਿਆਂ ਵੱਲ ਨੂੰ ਵੱਧ ਉਤਾਵਲੇ ਹੁੰਦੇ ਜਾ ਰਹੇ ਹਨ। ਜਦੋਂ ਨੌਜਵਾਨਾਂ ਦੇ ਕੰਨਾਂ ਚ ਦਾਰੂ, ਅਫੀਮ, ਚਿੱਟੇ, ਜਰਦਾ, ਤੰਬਾਕੂ ਆਦਿ ਦੇ ਨਾਂ ਪੈਂਦੇ ਹਨ ਤਾਂ ਉਹ ਵੀ ਇਨ੍ਹਾਂ ਦੀ ਇਕ ਵਾਰੀ ਵਰਤੋਂ ਕਰਨ ਬਾਰੇ ਸੋਚਦੇ ਹਨ। ਬਹੁਤ ਸਾਰੇ ਨੌਜਵਾਨ ਇਨ੍ਹਾਂ ਨਵੇਂ ਗੀਤਾਂ ਦੇ ਬੋਲ ਸੁਣ ਕੇ ਅਤੇ ਫਿਲਮਾਂਕਣ ਦੇਖ ਕੇ ਹੀ ਨਸ਼ੇ ਵਰਤ ਲੈਂਦੇ ਹਨ ਅਤੇ ਫਿਰ ਸਿਵਿਆਂ ਦੇ ਰਾਹ ਪੈ ਜਾਂਦੇ ਹਨ। ਮੌਜੂਦ ਦੌਰ ਦੇ ਗੀਤਾਂ ਵਿਚ ਹਥਿਆਰਾਂ ਦਾ ਬਹੁਤ ਜ਼ਿਕਰ ਮਿਲ ਰਿਹਾ ਹੈ। ਹਥਿਆਰਾਂ ’ਤੇ ਪਹਿਲਾਂ ਵੀ ਗੀਤ ਲਿਖੇ ਤੇ ਗਾਏ ਗਏ ਹਨ। ਉਨ੍ਹਾਂ ਗੀਤਾਂ ਵਿਚ ਜ਼ਿਆਦਾਤਰ ਰਵਾਇਤੀ ਹਥਿਆਰਾਂ ਦੇ ਨਾਲ ਬੰਦੂਕ ਦਾ ਵਰਣਨ ਹੀ ਮਿਲਦਾ ਹੈ। ਅੱਜ-ਕੱਲ੍ਹ ਤਾਂ ਹਥਿਆਰਾਂ ਦੇ ਨਵੇਂ ਨਵੇਂ ਨਾਮ ਸੁਣਨ ਨੂੰ ਮਿਲ ਰਹੇ ਹਨ। ਉਨ੍ਹਾਂ ਨੂੰ ਕੋਲ ਰੱਖਣਾ ਤੇ ਦੁਨੀਆ ’ਤੇ ਰੋਹਬ ਮਾਰਨਾ, ਬਸ ਇਹ ਕੰਮ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਦਾ ਅਸਰ ਇਹ ਹੋ ਰਿਹਾ ਹੈ ਕਿ ਵੱਡੀ ਗਿਣਤੀ ਨੌਜਵਾਨ ਗ਼ੈਰ-ਕਾਨੂੰਨੀ ਹਥਿਆਰ ਖ਼ਰੀਦ ਰਹੇ ਹਨ। ਕੁਝ ਲਾਇਸੈਂਸੀ ਹਥਿਆਰ ਲੈ ਰਹੇ ਹਨ। ਭਾਵੇਂ ਉਨ੍ਹਾਂ ਨੂੰ ਇਸ ਵਾਸਤੇ ਕੁਝ ਵੇਚਣਾ ਹੀ ਕਿਉ ਨਾ ਪਵੇ। ਇਸ ਮਾਮਲੇ ਵਿਚ ਵੀ ਬੇਬੇ ਬਾਪੂ ਦੇ ਗਲ ਗੂਠਾ ਦੇ ਕੇ ਘਰ ਕਲੇਸ਼ ਕੀਤਾ ਜਾ ਰਿਹਾ ਹੈ। ਕਹਿੰਦੇ ਹਨ ਕਿ ਨਸ਼ਾ, ਹਥਿਆਰ ਤੇ ਫੁਕਰਾਪਣ ਹਮੇਸ਼ਾ ਲੜਾਈ ਝਗੜਾ ਅਤੇ ਖ਼ੂਨ-ਖਰਾਬਾ ਹੀ ਭਾਲਦਾ ਹੈ। ਫਿਰ ਕਿਸੇ ਬਦਕਿਸਮਤ ਨੌਜਵਾਨ ਤੋਂ ਕਿਧਰੇ ਹਥਿਆਰ ਚੱਲ ਜਾਂਦਾ ਹੈ ਜਾਂ ਲਹਿਰਾਇਆ ਜਾਂਦਾ ਹੈ। ਉਸ ਤੋਂ ਬਾਅਦ ਉਸ ਬਦਨਸੀਬ ਦੀ ਬੁਢਾਪੇ ਵੱਲ ਜਾਂਦੀ ਜਵਾਨੀ ਬਸ ਕੋਰਟ ਦੀਆਂ ਤਰੀਕਾਂ ਭੁਗਤਦਿਆਂ ਹੀ ਲੰਘ ਜਾਂਦੀ ਹੈ। ਕੋਰਟ ਵਿਚ ਇਕ ਤਰੀਕ ਪੈਣ ਨੂੰ ਹੀ ਨਹੀਂ ਬਲਕਿ ਕਈ ਕਈ ਤਰੀਕਾਂ ਪੈਣ ਨੂੰ ਗੀਤਾਂ ਵਿਚ ਪੱਚੀ ਪਿੰਡਾਂ ਦੀ ਸਰਦਾਰੀ ਦੇ ਬਰਾਬਰ ਸਮਝਿਆ ਜਾਂਦਾ ਹੈ। ਵੈਸੇ ਵੀ ਜ਼ਮੀਨਾਂ, ਕੰਧਾਂ ਕੌਲਿਆਂ ਨੂੰ ਲੈ ਕੇ ਪਿੰਡਾਂ ਦੇ ਲੋਕ ਅਕਸਰ ਕੋਰਟ ਕਚਹਿਰੀਆਂ ਵਿਚ ਘੁੰਮਦੇ ਮਿਲ ਹੀ ਜਾਂਦੇ ਹਨ। ਇਸ ਤੋਂ ਅੱਗੇ ਗੀਤਾਂ ਵਿਚ ਜੇਲ੍ਹ ਜਾਣ ਨੂੰ ਦਿੱਲੀ ਸਰ ਕਰਨ ਦੇ ਬਰਾਬਰ ਗਿਣਿਆ ਜਾਂਦਾ ਹੈ। ਨੌਜਵਾਨ ਗੀਤਾਂ ਰਾਹੀਂ ਇਕ ਦੂਜੇ ਨੂੰ ਬੜੇ ਮਾਣ ਨਾਲ ਮਹਿਫਲਾਂ ਵਿਚ ਇਨ੍ਹਾਂ ਬਾਰੇ ਦੱਸਦੇ ਹਨ।
ਗੀਤਾਂ ਵਿਚ ਫੁਕਰੇਪਣ ਦੀ ਪ੍ਰਵਿਰਤੀ ਦੀ ਵੀ ਘਾਟ ਨਹੀਂ ਹੈ। ਚਾਂਬਲਦਾ ਬੰਦਾ ਬਚਪਨ ਤੋਂ ਹੀ ਹੈ। ਮਨੁੱਖ ਇਕ ਦੂਜੇ ਨੂੰ ਨੀਵਾਂ ਵਿਖਾ ਕੇ ਇਕ ਮਾਨਸਿਕ ਸੁੱਖ ਤੇ ਨਸ਼ਾ ਮਹਿਸੂਸ ਕਰਦਾ ਹੈ ਪਰ ਇਹ ਚਾਂਬਲਣਾ ਕਦੋਂ ਖ਼ਤਰਨਾਕ ਫੁਕਰੇਪਣ ਵਿਚ ਬਦਲ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ। ਪੰਜਾਬੀ ਗਾਇਕੀ ਦੇ ਨਾਲ-ਨਾਲ ਪੂਰਾ ਪੰਜਾਬੀ ਸਮਾਜ ਫੁਕਰੇਪਣ ਦਾ ਸ਼ਿਕਾਰ ਹੋਇਆ ਪਿਆ ਹੈ। ਮਹਿੰਗੇ ਜਨਮਦਿਨ ਮਨਾਉਣੇ, ਖ਼ੁਸ਼ੀ ਮਰਗ ’ਤੇ ਭੋਗ ਪਾਉਣੇ, ਜ਼ਮੀਨਾਂ ਵੇਚ, ਬੈਂਕ ਤੋਂ ਕਰਜ਼ਾ ਲੈ ਕੇ ਵਿਆਹ ਮੰਗਣੇ ਕਰਨੇ, ਕੋਠੀਆਂ ਪਾਉਣੀਆਂ, ਟਰੈਕਟਰਾਂ ਨੂੰ ਚਲਦੇ ਫਿਰਦੇ ਡੀਜੇ ਬਣਾਉਣਾ, ਲਗਜ਼ਰੀ ਜੀਵਨਸ਼ੈਲੀ ਅਪਣਾਉਣੀ, ਲੋੜ ਤੋਂ ਬਿਨਾਂ ਨਵੀਆਂ ਤੇ ਵੱਡੀਆਂ ਗੱਡੀਆਂ ਲੈਣੀਆਂ। ਇਹ ਸਭ ਨਿਘਾਰ ਦੀਆਂ ਨਿਸ਼ਾਨੀਆਂ ਹਨ। ਕਿਧਰੇ ਨਾ ਕਿਧਰੇ ਇਹ ਸਭ ਗੀਤਾਂ ਦੀ ਉਂਗਲ ਫੜ ਕੇ ਹੀ ਚੱਲ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਇਹ ਸਭ ਦੇਖ ਕੇ ਬਾਕੀ ਭਾਰਤ ਦੇ ਲੋਕ ਕਹਿ ਰਹੇ ਸਨ ਕਿ ਇਹ ਗ਼ਰੀਬ ਕਿਸਾਨ ਤਾਂ ਲੱਗਦੇ ਹੀ ਨਹੀਂ। ਬੇਸ਼ੱਕ ਜ਼ਿਆਦਾਤਰ ਦੀਆਂ ਲਿਮਟਾਂ ਤੇ ਕਿਸ਼ਤਾਂ ਟੁੱਟੀਆਂ ਹੋਈਆਂ ਸਨ। ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਫੁਕਰੇਪਣ ਨੂੰ ਦਿਖਾਉਂਦੇ ਪੰਜਾਬੀ ਦਿਖ ਜਾਂਦੇ ਹਨ। ਇਸ ਸਭ ਨੂੰ ਅਜੋਕੇ ਗੀਤ ਹੋਰ ਹੁਲਾਰਾ ਦੇ ਰਹੇ ਹਨ।
ਸਰਕਾਰਾਂ ਭਾਵੇਂ ਅਜਿਹੇ ਗੀਤਾਂ ਨੂੰ ਲੈ ਕੇ ਸੁਚੇਤ ਹੋਈਆਂ ਹਨ ਪਰ ਇਹ ਸਭ ਇਸ ਹੱਦ ਤਕ ਵੱਧ ਚੁੱਕਾ ਹੈ ਕਿ ਇਸ ’ਤੇ ਲਗਾਮ ਕੱਸਣੀ ਨਾਮੁਮਕਿਨ ਪ੍ਰਤੀਤ ਹੁੰਦੀ ਹੈ। ਅਜਿਹੇ ਗੀਤ ਇੰਟਰਨੈੱਟ ’ਤੇ ਪੰਜਾਬ ਦੇ ਬਾਹਰੋਂ ਰਿਲੀਜ਼ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਦਾ ਗਾਇਨ ਵੀ ਭਾਵੇਂ ਪੰਜਾਬੀ ਅਖਾੜਿਆਂ ਵਿਚ ਨਹੀਂ ਕੀਤਾ ਜਾਂਦਾ ਪਰ ਸ਼ੰਭੂ ਤੋਂ ਪਾਰ ਤਾਂ ਕੋਈ ਸਰਕਾਰੀ ਬਾਬੂ ਪਰਚਾ ਦਰਜ ਨਹੀਂ ਕਰ ਸਕਦਾ।
ਤਿੰਨ ਸ਼ਰਾਰਤੀ ਤੱਤ ਪੰਜਾਬੀ ਗੀਤਕਾਰੀ ਤੇ ਗਾਇਕੀ ਨੂੰ ਤੰਗ ਕਰ ਰਹੇ ਹਨ, ਨਸ਼ਾ, ਹਥਿਆਰ ਤੇ ਫੁਕਰਾਪਣ। ਪੰਜਾਬੀ ਲੋਕਾਂ ਦਾ ਵੱਡਾ ਹਿੱਸਾ ਇਨ੍ਹਾਂ ਤਿੰਨਾਂ ਦਾ ਆਦੀ ਹੋ ਚੁੱਕਾ ਹੈ। ਇਹ ਸੱਚਾਈ ਹੈ ਕਿ ਸਾਧਾਰਨ ਸਭਿਆਚਾਰਕ ਸ਼ਬਦਾਵਲੀ ਵਾਲੇ ਗੀਤ ਬਹੁਤ ਘੱਟ ਪਸੰਦ ਕੀਤੇ ਜਾਂਦੇ ਹਨ। ਇਸ ’ਤੇ ਕਾਬੂ ਪਾਉਣ ਲਈ ਭਾਵੇਂ ਸਰਕਾਰੀ ਸੈਂਸਰਸ਼ਿਪ ਦੀ ਵਕਾਲਤ ਕਰਨਾ ਮੂਰਖਤਾ ਹੋਵੇਗੀ। ਸੈਲਫ ਸੈਂਸਰਸ਼ਿਪ ਵੀ ਕਾਰਗਰ ਸਿੱਧ ਨਹੀਂ ਹੋ ਸਕਦੀ। ਇਸ ਮਾਮਲੇ ਵਿਚ ਗਾਇਕਾਂ ਦੇ ਅਲੱਗ ਅਲੱਗ ਗਰੁੱਪ ਹੀ ਆਪਸ ਵਿਚ ਸਲਾਹ ਮਸ਼ਵਰਾ ਕਰ ਕੇ ਕੁਝ ਕਰ ਸਕਦੇ ਹਨ ਜਾਂ ਫਿਰ ਘਰੇਲੂ ਤੇ ਸਕੂਲੀ ਕਾਲਜ ਢਾਂਚੇ ਵਿਚ ਜਾਗਰੂਕਤਾ ਮੁਹਿੰਮਾਂ ਚਲਾ ਕੇ ਕੁਝ ਕੀਤਾ ਜਾ ਸਕਦਾ ਹੈ।
ਨੌਜਵਾਨ ਹਮੇਸ਼ਾ ਆਪਣੇ ਹਾਣ ਦਾ ਸਾਥ ਤੇ ਹਾਣਦੇ ਗੀਤਾਂ, ਕਵਿਤਾਵਾਂ, ਗ਼ਜ਼ਲਾਂ ਨੂੰ ਪਸੰਦ ਕਰਦੇ ਹਨ। ਸਮੇਂ ਨਾਲ ਮਿਲ ਕੇ ਚੱਲਣਾ ਵਧੀਆ ਗੱਲ ਹੈ ਪਰ ਅੱਜ ਦੀ ਪੰਜਾਬੀ ਗਾਇਕੀ ਵਿਚ ਜੋ ਰੁਝਾਨ ਦੇਖਣ ਨੂੰ ਮਿਲ ਰਹੇ ਹਨ, ਜਿਵੇਂ ਨਸ਼ਿਆਂ ਤੇ ਹਥਿਆਰਾਂ ਦੇ ਨਾਮ ਅਤੇ ਉਨ੍ਹਾਂ ਦੀ ਵਰਤੋਂ ਆਦਿ, ਇਹ ਸਿਰਫ਼ ਚਿੰਤਾਜਨਕ ਹੀ ਨਹੀਂ ਹੈ ਬਲਕਿ ਖ਼ਤਰਨਾਕ ਵੀ ਹੈ। ਇਸ ਦੇ ਨਾਲ ਹੀ ਫੁਕਰੇਪਣ ਨੂੰ ਵਡਿਆਉਣਾ ਵੀ ਕੋਈ ਚੰਗਾ ਸੰਕੇਤ ਨਹੀਂ ਹੈ। ਇਸ ਲਈ ਲੋੜ ਹੈ ਵਰਤਮਾਨ ਦੇ ਨਾਲ-ਨਾਲ ਭਵਿੱਖ ਬਾਰੇ ਸੋਚਣ ਦੀ।