ਕੇਜਰੀਵਾਲ ਕਰਨਗੇ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਪ੍ਰਚਾਰ
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਦੇਸ਼ ਦੀ ਸਿਖ਼ਰਲੀ ਅਦਾਲਤ (ਸੁਪਰੀਮ ਕੋਰਟ) ਵੱਲੋਂ ਪੇਸ਼ਗੀ ਜਮਾਨਤ ਦੇਣ ਨਾਲ ਦੇਸ਼ ਖਾਸ ਕਰਕੇ ਪੰਜਾਬ ਦੀ ਚੋਣ ਮੁਹਿੰਮ ਭਖ਼ ਜਾਵੇਗੀ। ਹੁਣ ਤੱਕ ਆਪ ਦੇ ਉਮੀਦਵਾਰ ਅਤੇ ਇੰਡੀਆ ਗਠਜੋੜ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੀ ਜ਼ੁੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ’ਤੇ ਸੀ। ਮੁੱਖ ਮੰਤਰੀ ਇਕੱਲੇ ਹੀ ਵੱਖ-ਵੱਖ ਹਲਕਿਆਂ ‘ਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਜਰੀਏ ਪ੍ਰਚਾਰ ਵਿਚ ਜੁਟੇ ਹੋਏ ਸਨ, ਪਰ ਹੁਣ ਕੇਜਰੀਵਾਲ ਦੇ ਜੇਲ੍ਹ ਵਿਚੋਂ ਬਾਹਰ ਆਉਣ ਨਾਲ ਪਾਰਟੀ ਆਗੂਆਂ ਤੇ ਉਮੀਦਵਾਰਾਂ ਨੂੰ ਹੋਰ ਬਲ ਮਿਲੇਗਾ। ਆਗਾਮੀ ਦਿਨਾਂ ਵਿਚ ਆਪ ਦੀ ਚੋਣ ਮੁਹਿੰਮ ਹੋਰ ਭਖ਼ਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ।ਹੁਣ ਜਦ ਕੇਜਰੀਵਾਲ ਜੇਲ ਵਿੱਚੋਂ ਬਾਹਰ ਆਉਣਗੇ ਤਾਂ ਸੂਬੇ ਵਿਚ ਨਾਮਜ਼ਦਗੀ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਚੋਣ ਪ੍ਰਚਾਰ ਭਖ਼ੇਗਾ। ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਪੰਜਾਬ ਵਿਚ ਚੋਣ ਪ੍ਰਚਾਰ ਦੀ ਵਿਉਂਤਬੰਦੀ ਉਲੀਕੀ ਗਈ ਸੀ, ਪਰ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ਲੱਗੀ ਹੋਣ ਕਰਕੇ ਸੁਨੀਤਾ ਕੇਜਰੀਵਾਲ ਦਾ ਪੰਜਾਬ ਦੌਰਾ ਟਾਲ ਦਿੱਤਾ ਗਿਆ ਸੀ। ਹੁਣ ਜਦੋਂ ਕੇਜਰੀਵਾਲ ਜੇਲ੍ਹ ਵਿਚੋਂ ਬਾਹਰ ਆਉਣਗੇ ਤਾਂ ਆਮ ਆਦਮੀ ਪਾਰਟੀ ਦੇ ਦੂਜੀ ਕਤਾਰ ਦੇ ਲੀਡਰ ਤੇ ਪਾਰਟੀ ਦੇ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਸੂਬੇ ਦੇ ਕੈਬਨਿਟ ਮੰਤਰੀ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਹੁਣ ਤੱਕ ਕੈਬਨਿਟ ਮੰਤਰੀ ਆਪਣੇ ਹਲਕਿਆਂ ‘ਚ ਹੀ ਪ੍ਰਚਾਰ ਕਰ ਰਹੇ ਸਨ।ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਦੇ ਕੌਮੀ ਪੱਧਰ ਦੇ ਆਗੂ ਸੂਬੇ ਵਿਚ ਚੋਣ ਪ੍ਰਚਾਰ ਕਰਨ, ਮੀਟਿੰਗਾਂ ਕਰਨ ਵਿਚ ਰੁੱਝੇ ਹੋਏ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪੱਧਰ ਦੇ ਕਈ ਆਗੂ ਅੱਜ ਪਾਰਟੀ ਉਮੀਦਵਾਰਾਂ ਵਲੋਂ ਨਾਮਜ਼ਦਗੀ ਕਰਨ ਮੌਕੇ ਹਾਜ਼ਰ ਸਨ। ਆਮ ਆਦਮੀ ਪਾਰਟੀ ਲਈ ਇਹ ਚੋਣ ਬਹੁਤ ਮਾਅਨੇ ਰੱਖਦੀ ਹੈ ਕਿਉੰਕਿ ਮੁੱਖ ਮੰਤਰੀ ਪੰਜਾਬ ਵਿਚ 13-0 ਨਤੀਜਾ ਆਉਣ ਦਾ ਐਲਾਨ ਕਰ ਚੁੱਕੇ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੇਜਰੀਵਾਲ ਚੋਣ ਪ੍ਰਚਾਰ ਵਿਚ ਕਦੋਂ ਤੇ ਕਿੰਨਾ ਹਿੱਸਾ ਲੈਣਗੇ ਅਤੇ ਉਹ ਕਿਹੋ ਜਿਹੀ ਤਕਰੀਰ ਦਿੰਦੇ ਹਨ।