ਇਸ ਸਬੰਧੀ ਡੀਸੀ ਸੰਗਰੂਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਿਆ ਹੈ ਅਤੇ ਇਸ ਸਬੰਧੀ ਟੀਮ ਗਠਿਤ ਕੀਤੀ ਗਈ ਹੈ…
ਅਨਾਜ ਮੰਡੀਆਂ ’ਚੋਂ ਖਰੀਦੀ ਕਣਕ ਦੀਆਂ ਬੋਰੀਆਂ ਨੂੰ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਭੇਜਣ ਲਈ ਮਾਲ ਗੱਡੀਆਂ ਵਿਚ ਲੱਦਣ ਸਮੇਂ ਕਣਕ ਦੀ ਥਾਂ ਝਾੜ-ਫੂਸ ਨਿਕਲਣ ਅਤੇ ਘੱਟ ਵਜ਼ਨ ਦੀਆਂ ਬੋਰੀਆਂ ਭਰ ਕੇ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਦੋਂ ਅਨਾਜ ਮੰਡੀਆਂ ਵਿੱਚੋਂ ਕਣਕ ਦੀਆਂ ਬੋਰੀਆਂ ਟਰੱਕਾਂ ਰਾਹੀਂ ਲੱਦ ਕੇ ਮਾਲ ਗੱਡੀ ਰਾਹੀਂ ਦੂਜੇ ਸੂਬਿਆਂ ਵਿਚ ਭੇਜੀਆਂ ਜਾ ਰਹੀਆਂ ਸਨ ਤਾਂ ਲੇਬਰ ਨੂੰ ਮੌਕੇ ’ਤੇ ਕਣਕ ਦੀਆਂ ਬੋਰੀਆਂ ਦਾ ਵਜ਼ਨ ਘੱਟ ਲੱਗਣ ’ਤੇ ਉਨ੍ਹਾਂ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਬੋਰੀਆਂ ਦੀ ਚੈਕਿੰਗ ਕੀਤੀ ਤਾਂ ਬੋਰੀਆਂ ਵਿਚ ਕਣਕ ਦੀ ਥਾਂ ਝਾੜ-ਫੂਸ ਤੇ ਤੂੜੀ ਭਰੀ ਹੋਈ ਸੀ। ਅਧਿਕਾਰੀਆਂ ਨੇ ਮਾਲ ਗੱਡੀ ਵਿਚ ਲੋਡ ਕੀਤੀਆਂ ਕਣਕ ਦੀਆਂ ਬੋਰੀਆਂ ਨੂੰ ਮੁੜ ਟਰੱਕਾਂ ਰਾਹੀਂ ਵਾਪਸ ਵੱਖ-ਵੱਖ ਮੰਡੀਆਂ ਵਿਚ ਭੇਜ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਸ ਸਬੰਧੀ ਰਜੇਸ਼ ਬਾਂਸਲ ਇੰਸਪੈਕਟਰ ਪਨਗਰੇਨ ਇੰਚਾਰਜ ਨੇ ਦੱਸਿਆ ਕਿ ਅੱਜ ਇਹ ਸੱਤ ਮੰਡੀਆਂ ਵਿੱਚੋਂ ਸਿੱਧੀ ਸਪੈਸ਼ਲ ਭਰਤੀ ਕੀਤੀ ਜਾ ਰਹੀ ਸੀ। ਇਸ ਸਬੰਧੀ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਟਰੱਕਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਅਨਾਜ ਮੰਡੀ ਸੰਗਰੂਰ ਤੋਂ ਟਰੱਕ ਭਰ ਕੇ ਭੇਜੇ ਗਏ ਹਨ। ਇਨ੍ਹਾਂ ਟਰੱਕਾਂ ਨੂੰ ਵਾਪਸ ਮੰਗਵਾ ਕੇ ਸਬੰਧਤ ਆੜ੍ਹਤੀਆਂ ਕੋਲ ਭੇਜ ਦਿੱਤਾ ਗਿਆ। ਇੰਸਪੈਕਟਰ ਬਾਂਸਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਡੀਸੀ ਸੰਗਰੂਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਿਆ ਹੈ ਅਤੇ ਇਸ ਸਬੰਧੀ ਟੀਮ ਗਠਿਤ ਕੀਤੀ ਗਈ ਹੈ। ਮਾਮਲੇ ਦੀ ਪੜਤਾਲ ਕਰਵਾ ਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ ਨੂੰ ਸਰਕਾਰ ਦੇ ਮਾਪਦੰਡਾਂ ਤੋਂ ਘੱਟ ਅਨਾਜ ਦੀ ਸਪਲਾਈ ਦੂਸਰੇ ਰਾਜਾਂ ਨੂੰ ਨਹੀਂ ਭੇਜਣ ਦਿੱਤੀ ਜਾਵੇਗੀ।