ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਸ਼ਹੀਦ ਬੇਅੰਤ ਸਿੰਘ ਨੇ ਕਾਂਗਰਸ ਪਾਰਟੀ ਲਈ ਸ਼ਹਾਦਤ ਨਹੀਂ ਦਿੱਤੀ ਸੀ ਸਗੋਂ ਉਨ੍ਹਾਂ ਨੇ ਪੰਜਾਬ ਵਿੱਚੋਂ ਅੱਤਵਾਦ ਦਾ ਖ਼ਾਤਮਾ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ।
ਐੱਮਪੀ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਤੇ ਦਿੱਲੀ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਡਿੱਗ ਜਾਣਗੀਆਂ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿਚ ਹਨ ਅਤੇ ‘ਆਪ’ ਦਾ ਰਾਜ ਸਭਾ ਮੈਂਬਰ ਰਾਘਵ ਚੱਢਾ ਭਗੌੜਾ ਹੋ ਗਿਆ ਹੈ ਜੋ ਕਿਤੇ ਵੀ ਨਜ਼ਰ ਨਹੀਂ ਆਉਂਦਾ। ਬਿੱਟੂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ, ਕਈ ਮੌਜੂਦਾ ਕੌਂਸਲਰ ਤੇ ਸਾਬਕਾ ਕੌਂਸਲਰ ਉਨ੍ਹਾਂ ਦੇ ਸੰਪਰਕ ਵਿਚ ਹਨ ਜਿਨ੍ਹਾਂ ਨੂੰ ਲੋੜ ਪੈਣ ’ਤੇ ਭਾਜਪਾ ਵਿਚ ਸ਼ਾਮਲ ਕਰਵਾਇਆ ਜਾਵੇਗਾ।
ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਸ਼ਹੀਦ ਬੇਅੰਤ ਸਿੰਘ ਨੇ ਕਾਂਗਰਸ ਪਾਰਟੀ ਲਈ ਸ਼ਹਾਦਤ ਨਹੀਂ ਦਿੱਤੀ ਸੀ ਸਗੋਂ ਉਨ੍ਹਾਂ ਨੇ ਪੰਜਾਬ ਵਿੱਚੋਂ ਅੱਤਵਾਦ ਦਾ ਖ਼ਾਤਮਾ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦਾਦਾ ਜੀ ਵਾਂਗ ਉਨ੍ਹਾਂ ਨੂੰ ਵੀ ਪਾਰਟੀਆਂ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਪਿਆਰੇ ਹਨ ਜਿਨ੍ਹਾਂ ਦੀ ਪੂਰਤੀ ਲਈ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਦਾ ਮਕਸਦ ਭਾਜਪਾ ਵਿਚ ਸ਼ਾਮਲ ਹੋ ਕੇ ਕਾਂਗਰਸ ਨੂੰ ਨਿੰਦਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਖ਼ਾਸ ਕਰ ਕੇ ਲੁਧਿਆਣਾ ਨੂੰ ਉਚਾਈਆਂ ’ਤੇ ਦੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਲੁਧਿਆਣਾ ਦੇ ਲੋਕਾਂ ਦੀਆ ਭਾਵਨਾਵਾਂ ਨੂੰ ਮਹਿਸੂਸ ਕੀਤਾ ਕਿ ਉਹ ਚਾਹੁੰਦੇ ਹਨ ਕਿ ਲੁਧਿਆਣਾ ਦੀ ਤਰੱਕੀ ਵਿਚ ਭਾਰਤ ਸਰਕਾਰ ਦਾ ਸਿੱਧਾ ਸਹਿਯੋਗ ਹੋਵੇ।
ਬਿੱਟੂ ਨੇ ਕਿਹਾ ਕਿ ਜਦੋਂ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਇਹ ਵਿਸ਼ਵਾਸ ਦੁਆਇਆ ਕਿ ਉਹ ਪੰਜਾਬ ਤੇ ਲੁਧਿਆਣਾ ਨੂੰ ਅੱਗੇ ਲੈ ਕੇ ਜਾਣਗੇ ਤਾਂ ਹੀ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ, ਕਿਉਂਕਿ ਦੇਸ਼ ਦਾ ਬੱਚਾ-ਬੱਚਾ ਇਹ ਗੱਲ ਜਾਣਦਾ ਹੈ ਕਿ ਆਉਣ ਵਾਲੀ ਸਰਕਾਰ ਐੱਨਡੀਏ ਦੀ ਬਣੇਗੀ ਅਤੇ ਨਰਿੰਦਰ ਮੋਦੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਪੰਜਾਬ ਤੇ ਲੁਧਿਆਣਾ ਦੇ ਲੋਕਾਂ ਦੇ ਸੁਪਨੇ ਸੱਚ ਹੋਣਗੇ। ਪੰਜਾਬ ਦਾ ਵੀ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ ਵਾਂਗ ਸਰਬਪੱਖੀ ਵਿਕਾਸ ਹੋਵੇਗਾ।