ਆਮ ਆਦਮੀ ਪਾਰਟੀ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ’ਤੇ ਸਿੱਖ ਚਿਹਰੇ ਨੂੰ ਅਹਿਮੀਅਤ ਦਿੰਦੇ ਹੋਏ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਐਲਾਨਿਆ ਹੈ। ਕੰਗ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਇੰਚਾਰਜ ਹੀ ਨਹੀਂ ਸਗੋਂ ਪਾਰਟੀ ਦੇ ਮੁੱਖ ਬੁਲਾਰੇ ਵੀ ਹਨ।
ਆਮ ਆਦਮੀ ਪਾਰਟੀ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ’ਤੇ ਸਿੱਖ ਚਿਹਰੇ ਨੂੰ ਅਹਿਮੀਅਤ ਦਿੰਦੇ ਹੋਏ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਐਲਾਨਿਆ ਹੈ। ਕੰਗ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਇੰਚਾਰਜ ਹੀ ਨਹੀਂ ਸਗੋਂ ਪਾਰਟੀ ਦੇ ਮੁੱਖ ਬੁਲਾਰੇ ਵੀ ਹਨ। ਉਨ੍ਹਾਂ ਨੇ ਪਹਿਲਾਂ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਨਹੀਂ ਲੜੀ, ਹਾਂ, ਉਹ ਵਿਦਿਆਰਥੀ ਰਾਜਨੀਤੀ ਵਿੱਚ ਬਹੁਤ ਸਰਗਰਮ ਰਹੇ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਵਾਰ ਪ੍ਰਧਾਨ ਵੀ ਰਹੇ ਹਨ। ਬੁਲਾਰੇ ਦੇ ਤੌਰ ’ਤੇ 45 ਸਾਲਾ ਕੰਗ ਹਮੇਸ਼ਾ ਹਮਲਾਵਰ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਕੰਗ ਜੁਲਾਈ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ’ਆਪ’ ’ਚ ਸ਼ਾਮਲ ਹੋਣ ਤੋਂ ਪਹਿਲਾਂ ਕੰਗ ਨੇ ਭਾਜਪਾ ’ਚ ਸੂਬਾ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ। ਮਾਲਵਿੰਦਰ ਸਿੰਘ ਕੰਗ ਅਨੁਸਾਰ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਛੱਡੀ ਸੀ। ਉਹ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਰਹਿਣਗੇ। ਹੁਣ ਤੱਕ ਆਮ ਆਦਮੀ ਪਾਰਟੀ ਦੋ ਵਾਰ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਚੋਣ ਲੜ ਚੁੱਕੀ ਹੈ। 2014 ਵਿੱਚ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਿਨਾਂ ਨੇ ਰਵਾਇਤੀ ਪਾਰਟੀਆਂ ਨੂੰ ਸਖ਼ਤ ਟੱਕਰ ਦਿੱਤੀ ਸੀ। ਐਡਵੋਕੇਟ ਸ਼ੇਰਗਿੱਲ ਨੇ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਤੋਂ ਬਾਅਦ ਤੀਜਾ ਸਥਾਨ ਹਾਸਲ ਕੀਤਾ ਸੀ। ਉਦੋਂ ਬਸਪਾ ਉਮੀਦਵਾਰ ਕੇਐਸ ਮੱਖਣ ਨੂੰ ਸਿਰਫ਼ 69124 ਵੋਟਾਂ ਮਿਲੀਆਂ ਸਨ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਨਰਿੰਦਰ ਸਿੰਘ ਸ਼ੇਰਗਿੱਲ ’ਤੇ ਆਪਣਾ ਦਾਅ ਲਗਾਇਆ ਸੀ। ਇਸ ਵਾਰ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਹੀ ਹੱਥ ਲੱਗੀ। ਨਰਿੰਦਰ ਸਿੰਘ ਸ਼ੇਰਗਿੱਲ ਕਮਾਲ ਨਹੀਂ ਕਰ ਸਕੇ ਅਤੇ ਚੌਥੇ ਸਥਾਨ ’ਤੇ ਰਹਿ ਕੇ ਸੰਤੁਸ਼ਟ ਹੋਣਾ ਪਿਆ। ਇਸ ਚੋਣ ਵਿੱਚ ਤੀਜਾ ਸਥਾਨ ਬਸਪਾ ਦੇ ਸੋਢੀ ਵਿਕਰਮ ਸਿੰਘ ਨੇ ਹਾਸਲ ਕੀਤਾ। ਐਡਵੋਕੇਟ ਸ਼ੇਰਗਿੱਲ ਨੂੰ ਸਾਲ 2014 ਵਿੱਚ ਤਿੰਨ ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ ਅਤੇ ਸਾਲ 2019 ਵਿੱਚ ਨਰਿੰਦਰ ਸ਼ੇਰਗਿੱਲ ਨੂੰ 53 ਹਜ਼ਾਰ ਵੋਟਾਂ ਨਾਲ ਸੰਤੋਖ ਕਰਨਾ ਪਿਆ ਸੀ।