ਜ਼ਿਆਦਾ ਖ਼ਰਾਬ ਹਾਲਤ ਨੂੰ ਭਾਂਪਦਿਆਂ ਡਾਕਟਰਾਂ ਨੇ ਉਸ ਨੂੰ ਅਗਲੇਰੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੁਹਾਲੀ ਦੇ ਨੇੜਲੇ ਪਿੰਡ ਬੜਮਾਜਰਾ ਵਿਖੇ ਮੰਗਲਵਾਰ ਸ਼ਾਮ ਵੇਲੇ ਕਰੰਟ ਲੱਗਣ ਨਾਲ 8 ਸਾਲਾ ਬੱਚੀ ਬੁਰੀ ਤਰ੍ਹਾਂ ਝੁਲ਼ਸ ਗਈ। ਕੁੜੀ ਦੀ ਪਛਾਣ ਸੌਮਯਾ ਵਜੋਂ ਹੋਈ ਹੈ ਜਿਸ ਨੂੰ ਇਲਾਜ ਲਈ ਦੇਰ ਸ਼ਾਮ ਮੋਹਾਲੀ ਦੇ ਜ਼ਲ੍ਹਿਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਂਦਾ ਗਿਆ। ਸਿਵਲ ਹਸਪਤਾਲ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸੌਮਯਾ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ਵਿਚ ਆਈ ਸੀ ਜਿਸ ਦੇ ਕਰੰਟ ਨਾਲ ਉਸ ਦਾ 80 ਫ਼ੀਸਦੀ ਸਰੀਰ ਝੁਲਸ ਗਿਆ। ਜ਼ਿਆਦਾ ਖ਼ਰਾਬ ਹਾਲਤ ਨੂੰ ਭਾਂਪਦਿਆਂ ਡਾਕਟਰਾਂ ਨੇ ਉਸ ਨੂੰ ਅਗਲੇਰੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਸੌਮਯਾ ਦਾ ਪਰਿਵਾਰਕ ਪਿਛੋਕੜ ਨੇਪਾਲ ਦਾ ਹੈ ਜੋ ਕਿ ਮੌਜੂਦਾ ਸਮੇਂ ਵਿਚ ਹੁਣ ਬੜਮਾਜਰਾ ਵਿਖੇ ਰਹਿ ਰਿਹਾ ਹੈ। ਬਾਅਦ ਦੁਪਹਿਰ ਉਹ ਆਪਣੇ ਘਰ ਦੀ ਛੱਤ ’ਤੇ ਖੇਡ ਰਹੀ ਸੀ ਜਿੱਥੇ ਉਸ ਦੇ ਹੱਥ ਵਿਚ ਫੜਿਆ ਲੋਹੇ ਦਾ ਡੰਡਾ ਘਰ ਦੇ ਉਤੋਂ ਲੰਘਦੀ ਹਾਈਟੈਂਸ਼ਨ ਤਾਰ ਨਾਲ ਛੋਹ ਗਿਆ। ਇਸ ਦੌਰਾਨ ਬੱਚੀ ਨੂੰ ਕਰੰਟ ਦੇ ਵੱਡੇ ਝਟਕੇ ਲੱਗੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਮੋਹਾਲੀ ਦੇ ਸਰਕਾਰੀ ਹਸਪਤਾਲ ਲਿਆਂਦਾ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਮਕਾਨ ਦੀ ਛੱਤ ’ਤੇ ਇਹ ਹਾਦਸਾ ਵਾਪਰਿਆ ਹੈ ਉਹ ਚਾਰ ਮੰਜ਼ਲਾ ਛੱਤਿਆ ਹੋਇਆ ਹੈ। ਸਵਾਲ ਇਹ ਖੜ੍ਹੇ ਹੋ ਰਹੇ ਹਨ ਕਿ ਹਾਈਟੈਨਸ਼ਨ ਤਾਰਾਂ ਦੇ ਐਨੇ ਨਜ਼ਦੀਕ ਉਸਾਰੀ ਕਿਵੇਂ ਹੋਈ। ਇਹੀ ਨਹੀਂ ਜਦੋਂ ਐਨੀਆਂ ਮੰਜ਼ਲਾਂ ਬਣਾਉਣ ’ਤੇ ਪਾਬੰਦੀ ਹੈ ਤਾਂ ਇਨ੍ਹਾਂ ਖੇਤਰਾਂ ਵਿਚ ਚਾਰ ਮੰਜ਼ਲਾਂ ਕਿਵੇਂ ਬਣ ਗਈਆਂ। ਪਤਾ ਚੱਲਿਆ ਹੈ ਕਿ ਬੜਮਾਜਰਾ ਤੋਂ ਇਲਾਵਾ ਬਲੌਂਗੀ ਤੇ ਨਾਲ ਲੱਗਦੇ ਹੋਰ ਖੇਤਰਾਂ ਵਿਚ ਹਾਈਟੈਨਸ਼ਨ ਤਾਰਾਂ ਦੇ ਹੇਠਾਂ ਘਰ ਬਣੇ ਹੋਏ ਹਨ ਜਿਸ ਦਾ ਨਤੀਜਾ ਲੋਕ ਗੰਭੀਰ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।