2009 ਵਿਚ ਬਣੇ ਨਵੇਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੇ ਹੁਣ ਤੱਕ ਹਲਕੇ ਦੇ ਬਾਹਰੀ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਹੈ, ਜਿਨ੍ਹਾਂ ਦਾ ਪਿਛੋਕੜ ਇਸ ਲੋਕ ਸਭਾ ਹਲਕੇ ਨਾਲ ਨਹੀਂ ਸੀ।
2009 ਵਿਚ ਬਣੇ ਨਵੇਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੇ ਹੁਣ ਤੱਕ ਹਲਕੇ ਦੇ ਬਾਹਰੀ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਹੈ, ਜਿਨ੍ਹਾਂ ਦਾ ਪਿਛੋਕੜ ਇਸ ਲੋਕ ਸਭਾ ਹਲਕੇ ਨਾਲ ਨਹੀਂ ਸੀ। ਭਾਵੇਂ ਉਨ੍ਹਾਂ ਨੇ ਆਪਣੀਆਂ ਰਿਹਾਇਸ਼ਾਂ ਕੀਤੀਆਂ ਹੋਈਆਂ ਹਨ, ਪ੍ਰੰਤੂ ਇਸ ਵਾਰ ਰਵਾਇਤ ਤੋਂ ਉਲਟ ਸਿਆਸੀ ਪਾਰਟੀਆਂ ਵੋਟਰ ਦੀ ਨਬਜ਼ ਨੂੰ ਪਛਾਣ ਕੇ ਲੋਕਲ ਉਮੀਦਵਾਰ ਦੀ ਤਲਾਸ਼ ਵਿਚ ਹਨ ਕਿਉਂਕਿ 2022 ਦੀਆਂ ਵਿਧਾਨ ਸਭਾ ਵੋਟਾਂ ਵਿਚ ‘ਆਪ’ ਪਾਰਟੀ ਦੀ ਹੋਈ ਵੱਡੀ ਜਿੱਤ ਨੇ ਰਵਾਇਤੀਆਂ ਪਾਰਟੀਆਂ ਦੇ ਸਿਆਸੀ ਕਿਲ੍ਹੇ ਢਾਹ ਦਿੱਤੇ ਸਨ। ਹੁਣ ਸਾਰੀਆਂ ਹੀ ਪਾਰਟੀਆਂ ਆਪਣੇ ਰਾਜਸੀ ਪੈਰ ਮਜ਼ਬੂਤ ਕਰਨ ਲਈ ਹਰੇਕ ਕਦਮ ਪੁੱਟਣ ਤੋਂ ਪਹਿਲਾਂ ਲੋਕਾਂ ਦੀ ਆਵਾਜ਼ ਸੁਣਨ ਵਿਚ ਲੱਗੀਆਂ ਹੋਈਆਂ ਹਨ।
ਜਾਣਕਾਰੀ ਅਨੁਸਾਰ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ, ਦੀਪਕ ਪਾਲੀ, ਕੈਬਨਿਟ ਮੰਤਰੀ ਹਰਜੋਤ ਬੈਂਸ, ਰੂਪਨਗਰ ਦੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਉਮੀਦਵਾਰਾਂ ਦੀ ਲਾਈਨ ਵਿਚ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵਿਚ ਦਾਅਵੇਦਾਰਾਂ ਵਿਚ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਾਣਾ ਗੁਰਜੀਤ ਸਿੰਘ, ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸੈਣੀ, ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ, ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੱਸੇ ਜਾ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਹੀ ਨਾਂ ਸਾਹਮਣੇ ਆ ਰਿਹਾ ਹੈ।
ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ, ਬੀਜੇਪੀ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਂ ਪ੍ਰਮੁੱਖ ਹੈ। ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਬਣਨ ਉਪਰੰਤ 2009 ਵਿਚ ਰਵਨੀਤ ਸਿੰਘ ਬਿੱਟੂ, 2014 ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ 2019 ਵਿਚ ਮਨੀਸ਼ ਤਿਵਾੜੀ ਜਿੱਤੇ ਹਨ।
ਰਾਜਸੀ ਸੂਤਰ ਦੱਸਦੇ ਹਨ ਕਿ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਜਿਵੇਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਹਲਕਾ ਮੁਹਾਲੀ, ਖਰੜ, ਰੂਪਨਗਰ ਜ਼ਿਲ੍ਹੇ ਦੇ ਸ੍ਰੀ ਚਮਕੌਰ ਸਾਹਿਬ, ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਹਲਕਾ ਬਲਾਚੌਰ, ਬੰਗਾ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਰਾਜਸੀ ਪਾਰਟੀਆਂ ਆਪਣੇ ਪੱਧਰ ’ਤੇ ਵੀ ਵੋਟਰ ਦੀ ਨਬਜ਼ ਟੋਲ ਰਹੀਆ ਹਨ। ਖਾਸ ਤੌਰ ’ਤੇ ਕਾਂਗਰਸ ਤੇ ਅਕਾਲੀ ਦਲ ਕਿਉਂਕਿ ਵਿਧਾਨ ਸਭਾ ਵਿਚ ਲੱਗਿਆ ਰਾਜਸੀ ਖੋਰੇ ਨੂੰ ਅੱਬਲ ਵਿਚ ਬਦਲਣ ਦੀ ਤਾਂਘ ਵਿਚ ਹਨ।
ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਦਾ ਜੇਕਰ ਗੱਠਜੋੜ ਹੁੰਦਾ ਹੈ ਤਾਂ ਹਲਕੇ ਦੀ ਤਸਵੀਰ ਕੁਝ ਹੋਰ ਹੋਵੇਗੀ। ਸੂਤਰਾਂ ਦਾ ਮੰਨਣਾ ਹੈ ਕਿ ਭਾਜਪਾ ਇਸ ਹਲਕੇ ਨੂੰ ਲੈਣ ਲਈ ਜ਼ੋਰ ਲਗਾਵੇਗੀ ਤੇ ਕਿਸੇ ਵੱਡੇ ਸਿੱਖ ਚਿਹਰੇ ਨੂੰ ਉਮੀਦਵਾਰ ਬਣਾ ਸਕਦੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਮਨੀਸ਼ਾ ਤਿਵਾੜੀ ਬਾਰੇ ਕਈ ਪ੍ਰਕਾਰ ਦੀਆਂ ਸਿਆਸੀ ਕਿਸਾਅਰਾਈਆ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਸਿਆਸੀ ਪਿਛੋਕੜ ਰੱਖਣ ਵਾਲੇ ਨੌਜਵਾਨ ਆਗੂ ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਵੀ ਦਾਅਵੇਦਾਰਾਂ ਵਿਚ ਭਾਰੀ ਹਨ, ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸੈਣੀ ਵੋਟ ਢਾਈ ਲੱਖ ਤੋਂ ਵੱਧ ਦੱਸੀ ਜਾ ਰਹੀ ਹੈ, ਇਹ ਅੰਗਦ ਸੈਣੀ ਦੀ ਦਾਅਵੇਦਾਰੀ ਦਾ ਪਲੱਸ ਪੁਆਇੰਟ ਹੈ।
ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ, ਅਕਾਲੀ ਦਲ ਅੰਮ੍ਰਿਤਸਰ, ਸੀਪੀਆਈ ਐੱਮ ਤੇ ਸੀਪੀਆਈ ਵੱਲੋਂ ਵੀ ਉਮੀਦਵਾਰ ਉਤਾਰੇ ਜਾਣਗੇ। ਇਨ੍ਹਾਂ ਪਾਰਟੀਆਂ ਵਿਚ ਵੀ ਕਈ ਦਾਅਵੇਦਾਰ ਹਨ।