ਪੰਜਾਬ ਬਚਾਓ ਯਾਤਰਾ ਦੀ ਗੱਲ ਕਰਦਿਆਂ ਬਾਦਲ ਨੇ ਪੰਜਾਬੀਆਂ ਨੂੰ ਇਸ ਯਾਤਰਾ ਨੂੰ ਤੂਫਾਨ ਵਿਚ ਬਦਲਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਤੂਫਾਨ ਪੰਜਾਬ ਭਰ ਵਿਚ ਫੈਲ ਜਾਵੇਗਾ ਤੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਜੜ੍ਹੋਂ ਪੁੱਟ ਦੇਵੇਗਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਲੋਕ ਸਭਾ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਪੰਜ ਮੰਤਰੀ ਜਨਤਕ ਹਿੱਤ ਵਿਚ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ। ਉਹ ਪੰਜਾਬ ਬਚਾਓ ਯਤਾਰਾ ਦੌਰਾਨ ਬੀਬੀ ਵਾਲਾ ਚੌਕ ਵਿਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫ਼ਤਰਾਂ ਵਿਚੋਂ ਗ਼ੈਰ-ਹਾਜ਼ਰ ਰਹਿਣ ਕਾਰਨ ਪ੍ਰਸ਼ਾਸਕੀ ਅਧਰੰਗ ਨਹੀਂ ਸਹਿ ਸਕਦਾ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਵਾਲੇ ਸਾਰੇ ਮੰਤਰੀਆਂ ਕੋਲ ਪ੍ਰਮੁੱਖ ਵਿਭਾਗ ਹਨ ਜਿਨ੍ਹਾਂ ਵਿਚ ਖੇਤੀਬਾੜੀ, ਟਰਾਂਸਪੋਰਟ, ਸਿਹਤ ਆਦਿ ਮੰਤਰਾਲੇ ਸ਼ਾਮਲ ਹਨ, ਇਸ ਲਈ ਮੰਤਰੀ ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਉਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਧੋਖਾ ਕਰਨ ਤੋਂ ਬਾਅਦ ਇਸ ਨੇ ਸੂਬੇ ਵਿਚ ਆਪਣਾ ਸਿਆਸੀ ਆਧਾਰ ਗੁਆ ਲਿਆ ਹੈ। ਹੁਣ ਇਹ ਵੋਟਾਂ ਹਾਸਲ ਕਰਨ ਦੇ ਮਾਰੇ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਮਜਬੂਰ ਹੋ ਗਈ ਹੈ। ਉਨ੍ਹਾਂ ਪੰਜਾਬੀਆਂ ਨੂੰ ਆਖਿਆ ਕਿ ਉਹ ਅਜਿਹੀਆਂ ਕੋਝੀਆਂ ਤਰਕੀਬਾਂ ਦੇ ਝਾਂਸੇ ਵਿਚ ਨਾ ਆਉਣ। ਲੋਕਾਂ ਨੂੰ ਇਨ੍ਹਾਂ ਮੰਤਰੀਆਂ ਕੋਲੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਬੀਤੇ ਦੋ ਸਾਲਾਂ ਵਿਚ ਲੋਕਾਂ ਦੀ ਭਲਾਈ ਵਾਸਤੇ ਕੀ ਕੰਮ ਕੀਤਾ ਹੈ।
ਪੰਜਾਬ ਬਚਾਓ ਯਾਤਰਾ ਦੀ ਗੱਲ ਕਰਦਿਆਂ ਬਾਦਲ ਨੇ ਪੰਜਾਬੀਆਂ ਨੂੰ ਇਸ ਯਾਤਰਾ ਨੂੰ ਤੂਫਾਨ ਵਿਚ ਬਦਲਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਤੂਫਾਨ ਪੰਜਾਬ ਭਰ ਵਿਚ ਫੈਲ ਜਾਵੇਗਾ ਤੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਜੜ੍ਹੋਂ ਪੁੱਟ ਦੇਵੇਗਾ। ਅਕਾਲੀ ਦਲ ਸੂਬੇ ਵਿਚ 13 ਦੀਆਂ 13 ਸੀਟਾਂ ਜਿੱਤਣ ਦੇ ਰਾਹ ’ਤੇ ਹੈ। ਕਾਂਗਰਸ ਤੇ ‘ਆਪ’ ਨੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਅਤੇ ਇਸ ਦੇ ਅਰਥਚਾਰੇ ਨੂੰ ਤਬਾਹ ਕੀਤਾ ਹੈ। ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਇਕ ਵੀ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਲਿਆਂਦਾ। ਸਰਕਾਰ ਨੇ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ ਤੇ ਇਸ ਪੈਸੇ ਵਿਚੋਂ ਬਹੁਤਾ ਆਪ ਦਾ ਹੋਰ ਸੂਬਿਆਂ ਵਿਚ ਪਸਾਰ ਕਰਨ ’ਤੇ ਖਰਚ ਕੀਤਾ ਗਿਆ ਹੈ। ਅਕਾਲੀ ਦਲ ਦੀ ਸਰਕਾਰ ਨੇ ਇਥੇ ਏਮਜ਼ ਬਠਿੰਡਾ ਲਿਆਉਣ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਵੀ ਲਿਆਂਦੀ ਹੈ। ਬਠਿੰਡਾ ਅਤੇ ਸਮੁੱਚੇ ਪਾਰਲੀਮਾਨੀ ਹਲਕੇ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਆਧੁਨਿਕ ਹਲਕੇ ਵਿਚ ਬਦਲਿਆ ਗਿਆ ਤੇ ਹੁਣ ਇਥੇ ਵਿਸ਼ਵ ਪੱਧਰੀ ਸੜਕਾਂ, ਪੁੱਲ ਅਤੇ ਹੋਰ ਬੁਨਿਆਦੀ ਢਾਂਚੇ ਉਸਰੇ ਹੋਏ ਹਨ।
ਇਸ ਮੌਕੇ ਬਲਕਾਰ ਸਿੰਘ ਬਰਾੜ, ਜਗਸੀਰ ਸਿੰਘ ਜੱਗਾ ਕਲਿਆਣ, ਮਾਨ ਸਿੰਘ ਗੁਰੂ, ਬਬਲੀ ਢਿੱਲੋਂ, ਬੀਬੀ ਹਰਗੋਬਿੰਦ ਕੌਰ, ਕਮਲਦੀਪ ਸਿੰਘ, ਮੋਹਿਤ ਗੁਪਤਾ ਤੇ ਹਸਰਤ ਮਿੱਡੂਖੇੜਾ ਵੀ ਮੌਜੂਦ ਸਨ।