ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸਟਾਫ ਦੀ ਪੁਲਿਸ ਨੇ ਜਾਅਲੀ ਸੀਬੀਐੱਸਈ ਅਤੇ ਓਪਨ ਸਕੂਲ ਸਰਟੀਫਿਕੇਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ’ਚ ਸ਼ਾਮਲ ਨਿੱਜੀ ਸਕੂਲ ਦੇ ਪਿ੍ਰੰਸੀਪਲ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਸੀਬੀਐੱਸਆਈ ਤੇ ਓਪਨ ਸਕੂਲ ਦੇ ਜਾਅਲੀ ਸਰਟੀਫਿਕੇਟ ਬਰਾਮਦ ਕੀਤੇ ਗਏ ਹਨ, ਜੋ ਉਹ ਮਹਿੰਗੀ ਕੀਮਤ ’ਤੇ ਵੇਚ ਕੇ ਮੋਟੀ ਕਮਾਈ ਕਰਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸਪੈਸ਼ਲ ਸਟਾਫ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਸੂਹ ਮਿਲੀ ਸੀ ਕਿ ਸ਼ਹਿਰ ’ਚ ਇਕ ਗਿਰੋਹ ਚੱਲ ਰਿਹਾ ਹੈ ਜੋ ਜਾਅਲੀ ਸੀਬੀਐੱਸਈ ਅਤੇ ਓਪਨ ਸਕੂਲ ਸਰਟੀਫਿਕੇਟ ਬਣਾਉਣ ’ਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਇੰਦਰਜੀਤ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਮੇਤ ਮਿਲੀ ਸੂਹ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਦੋ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਅਨੁਰਾਗ ਡਾਬਰ ਵਾਸੀ ਨਿਊ ਵਿਨੈ ਨਗਰ ਲੰਮਾ ਪਿੰਡ ਤੇ ਰਾਘਵ ਚੱਢਾ ਵਾਸੀ ਮੁਹੱਲਾ ਫਤਿਹਪੁਰੀ ਟਾਂਡਾ ਰੋਡ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ’ਚੋਂ 600 ਤੋਂ ਵੱਧ ਜਾਅਲੀ ਸਰਟੀਫਿਕੇਟ, ਇਕ ਕੰਪਿਊਟਰ ਤੇ ਪਿ੍ਰੰਟਰ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ 8 ਜਲੰਧਰ ਵਿਖੇ ਧਾਰਾ 465,467,468,471,420 ਆਈਪੀਸੀ, 66 ਡੀ ਆਈਟੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਦੋਵਾਂ ਕੋਲੋਂ ਪੁੱਛਗਿੱਛ ਲਈ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਗਿਆ ਹੈ।