ਵੀਰਵਾਰ ਤੜਕੇ ਸਕੂਲ ਬੱਸ ਦੇ ਸ਼ਰਾਬੀ ਡਰਾਈਵਰ ਨੇ ਸ਼ਰਾਬ ਪੀ ਕੇ ਬੱਚਿਆਂ ਦੀ ਜਾਨ ਖ਼ਤਰੇ ‘ਚ ਪਾ ਦਿੱਤੀ। ਸ਼ਰਾਬ ਨਾਲ ਟੱਲੀ ਹੋਇਆ ਡਰਾਈਵਰ ਬੱਸ ‘ਤੇ ਕਾਬੂ ਨਹੀਂ ਪਾ ਰਿਹਾ ਸੀ, ਇਸ ਲਈ ਬੱਚੇ ਡਰ ਗਏ। ਕੁਝ ਬੱਚਿਆਂ ਨੇ ਹਿੰਮਤ ਕਰ ਕੇ ਆਪ ਬੱਸ ਰੋਕ ਲਈ। ਨੇੜਲੇ ਪਿੰਡ ਤੇਹਿੰਗ ਦੇ ਲੋਕ ਮੌਕੇ ‘ਤੇ ਪੁੱਜੇ ਤੇ ਬੱਚਿਆਂ ਨੂੰ ਬੱਸ ਤੇ ਸ਼ਰਾਬੀ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਸ਼ਰਾਬੀ ਡਰਾਈਵਰ ਬੱਸ ਦੀ ਸੀਟ ‘ਤੇ ਸੌਂ ਗਿਆ। ਲੋਕਾਂ ਨੇ ਪੁਲਿਸ ਨੂੰ ਮੌਕੇ ‘ਤੇ ਸੱਦਿਆ। ਇਸ ਦਾ ਪਤਾ ਜਦੋਂ ਬੱਚਿਆਂ ਦੇ ਮਾਪਿਆਂ ਨੂੰ ਲੱਗਾ, ਤਾਂ ਉਹ ਡਰ ਗਏ ਪਰ ਬੱਚੇ ਸੁਰੱਖਿਅਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਜਾਨ ‘ਚ ਜਾਨ ਆਈ।
ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 10 ਵਜੇ ਨੇੜਲੇ ਪਿੰਡ ਚੱਕ ਦੇਸਰਾਜ ਵਿਖੇ ਸਥਿਤ ਅਕਾਲ ਅਕੈਡਮੀ ਦੇ ਬੱਸ ਡਰਾਈਵਰ ਸੋਮੇ ਨੇ ਸ਼ਰਾਬ ਪੀ ਕੇ ਪਿੰਡ ਧੱਲੇਵਾਲ ‘ਚ ਬੱਸ ਭਜਾ ਦਿੱਤੀ। ਉਹ ਉਥੋਂ ਬੱਚਿਆਂ ਨੂੰ ਪਿੰਡ ਕੁਤਬੇਵਾਲ ਲੈ ਕੇ ਗਿਆ ਤੇ ਸ਼ਾਹਪੁਰ ਤੋਂ ਹੋਰ ਬੱਚਿਆਂ ਨੂੰ ਚੁੱਕ ਕੇ ਪਿੰਡ ਤੇਹਿੰਗ ਵੱਲ ਜਾ ਰਿਹਾ ਸੀ, ਤਾਂ ਉਸ ਨੇ ਪਹਿਲਾਂ ਸ਼ਰਾਬ ਦੀ ਲੋਰ ‘ਚ ਬੋਲਣਾ ਸ਼ੁਰੂ ਕੀਤਾ। ਬੱਸ ‘ਚ 6ਵੀਂ ਤੇ 7ਵੀਂ ਜਮਾਤ ਦੇ ਬੱਚੇ ਸਨ।
ਸੰਘਣੀ ਧੁੰਦ ‘ਚ ਜਦੋਂ ਬੱਸ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਤਾਂ ਬੱਸ ਇੱਧਰ-ਉੱਧਰ ਸੜਕ ‘ਤੇ ਜਾਣ ਲੱਗੀ। ਪਹਿਲਾਂ ਤਾਂ ਬੱਚਿਆਂ ਨੇ ਸੋਚਿਆ ਕਿ ਧੁੰਦ ‘ਚ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਜਦੋਂ ਬੱਚਿਆਂ ਨੇ ਉਸਨੂੰ ਬੱਸ ਹੌਲੀ ਕਰਨ ਲਈ ਕਿਹਾ ਤਾਂ ਉਸ ਦੀ ਬੱਚਿਆਂ ਨਾਲ ਬਹਿਸਬਾਜ਼ੀ ਹੋ ਗਈ। ਉਹ ਉਨਾਂ੍ਹ ਨੂੰ ਚੁੱਪਚਾਪ ਬੱਸ ‘ਚ ਬੈਠਣ ਲਈ ਆਖਣ ਲੱਗਾ। ਇਸੇ ਦੌਰਾਨ ਕੋਲੋਂ ਲੰਘਦਾ ਆਟੋ ਵੀ ਟੱਕਰ ਹੋਣ ਤੋਂ ਮਸਾਂ ਬਚਿਆ ਤਾਂ ਬੱਚਿਆਂ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬੱਸ ‘ਚ ਬੈਠੇ ਕੁਝ ਵੱਡੇ ਬੱਚਿਆਂ ਨੇ ਹਿੰਮਤ ਕਰ ਕੇ ਬੱਸ ਨੂੰ ਰੋਕ ਲਿਆ। ਹਾਲਾਂਕਿ ਇਸ ਦੌਰਾਨ ਵੀ ਡਰਾਈਵਰ ਬੋਲਦਾ ਰਿਹਾ ਤੇ ਥੋੜ੍ਹੀ ਦੂਰ ਜਾ ਕੇ ਬੱਸ ਸੜਕ ਤੋਂ ਉਤਰ ਕੇ ਰੁੱਖ ਨਾਲ ਲੱਗਣ ਤੋਂ ਬਾਅਦ ਰੁਕ ਗਈ। ਪਿੱਛੇ ਆ ਰਹੇ ਆਟੋ ਚਾਲਕ ਨੇ ਪਿੰਡ ਵਾਸੀਆਂ ਨੂੰ ਉਕਤ ਘਟਨਾ ਬਾਰੇ ਦੱਸਿਆ।
ਮੌਕੇ ‘ਤੇ ਲੋਕ ਪੁੱਜੇ, ਤਾਂ ਨੀਮ ਬੇਹੋਸ਼ੀ ‘ਚ ਪਿਆ ਡਰਾਈਵਰ ਨਾ ਜਾਗਿਆ। ਪਿੰਡ ਵਾਸੀਆਂ ਨੇ ਤੁਰੰਤ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ, ਜਿਸ ‘ਤੇ ਐੱਸਐੱਚਓ ਵਿਜੇ ਕੁਮਾਰ ਮੌਕੇ ‘ਤੇ ਪੁੱਜੇ। ਬੱਸ ਨੂੰ ਕਬਜ਼ੇ ‘ਚ ਲੈ ਕੇ ਸ਼ਰਾਬੀ ਡਰਾਈਵਰ ਨੂੰ ਗਿ੍ਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਪਿੰ੍ਸੀਪਲ ਹੇਮ ਲਤਾ ਨਾਲ ਗੱਲ ਕਰਨੀ ਚਾਹੀ, ਤਾਂ ਉਨ੍ਹਾਂ ਨੇ ਇਹ ਕਹਿ ਕੇ ਫ਼ੋਨ ਬੰਦ ਕਰ ਦਿੱਤਾ ਕਿ ਉਹ ਖ਼ੁਦ ਹਸਪਤਾਲ ਆਈ ਹੈ। ਜਦੋਂ ਫੋਨ ਕੀਤਾ, ਤਾਂ ਉਸ ਨੇ ਫੋਨ ਵੀ ਨਹੀਂ ਚੁੱਕਿਆ।