ਗਰਮੀਆਂ ਆਉਂਦਿਆਂ ਹੀ ਮੱਛਰ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। ਆਮ ਤੌਰ ’ਤੇ ਲੋਕਾਂ ਨੂੰ ਮੱਛਰਾਂ ਬਾਰੇ ਇਹੀ ਪਤਾ ਹੈ ਕਿ ਇਹ ਇੱਕੋ ਕਿਸਮ ਦੇ ਹੁੰਦੇ ਹਨ ਜਾਂ ਫਿਰ ਮੱਛਰਾਂ ਦੀਆਂ ਦੋ ਪ੍ਰਜਾਤੀਆਂ ਐਨਾਫਲੀਜ਼ ਤੇ ਏਡੀਜ਼ ਅਜਿਪਟੀ ਬਾਰੇ ਸੁਣਿਆ ਜਾਂ ਪੜ੍ਹਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਧਰਤੀ ’ਤੇ ਮੱਛਰਾਂ ਦੀਆਂ ਲਗਭਗ 3000 ਕਿਸਮਾਂ ਮੌਜੂਦ ਹਨ।
ਗਰਮੀਆਂ ਆਉਂਦਿਆਂ ਹੀ ਮੱਛਰ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। ਆਮ ਤੌਰ ’ਤੇ ਲੋਕਾਂ ਨੂੰ ਮੱਛਰਾਂ ਬਾਰੇ ਇਹੀ ਪਤਾ ਹੈ ਕਿ ਇਹ ਇੱਕੋ ਕਿਸਮ ਦੇ ਹੁੰਦੇ ਹਨ ਜਾਂ ਫਿਰ ਮੱਛਰਾਂ ਦੀਆਂ ਦੋ ਪ੍ਰਜਾਤੀਆਂ ਐਨਾਫਲੀਜ਼ ਤੇ ਏਡੀਜ਼ ਅਜਿਪਟੀ ਬਾਰੇ ਸੁਣਿਆ ਜਾਂ ਪੜ੍ਹਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਧਰਤੀ ’ਤੇ ਮੱਛਰਾਂ ਦੀਆਂ ਲਗਭਗ 3000 ਕਿਸਮਾਂ ਮੌਜੂਦ ਹਨ। ਮੱਛਰਾਂ ਨਾਲ ਹੋਣ ਵਾਲੀ ਬਿਮਾਰੀਆਂ ਵਿੱਚੋਂ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਦੇ ਮਰੀਜ਼ ਸਭ ਤੋਂ ਵੱਧ ਹਨ। ਮਾਦਾ ਮੱਛਰ ਐਨਾਫਲੀਜ਼ ਮਲੇਰੀਆ ਫੈਲਾਉਂਦਾ ਹੈ, ਜਦੋਂਕਿ ਮਾਦਾ ਮੱਛਰ ਏਡੀਜ਼ ਅਜਿਪਟੀ ਡੇਂਗੂ ਤੇ ਚਿਕਨਗੁਨੀਆ ਫੈਲਾਉਂਦਾ ਹੈ। ਇਨ੍ਹਾਂ ਬਿਮਾਰੀਆਂ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਐਲਾਨਿਆ ਹੈ। ਹਰ ਸਾਲ ਇਸ ਦਿਨ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਮੀਟਿੰਗਾਂ, ਸੈਮੀਨਾਰ ਤੇ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਸਿਹਤ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਵਿੱਢੀ ਗਈ ਨਿਵੇਕਲੀ ਮੁਹਿੰਮ ‘ਹਰ ਸ਼ੱੁਕਰਵਾਰ-ਡੇਂਗੂ ’ਤੇ ਵਾਰ’ ਤਹਿਤ ਮੱਛਰਾਂ ਦੇ ਖ਼ਾਤਮੇ ਲਈ ਫੀਲਡ ’ਚ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ’ਚ ਹੋਰ ਵਿਭਾਗਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਸਰਕਾਰੀ ਦਫ਼ਤਰਾਂ, ਬੱਸ ਸਟੈਂਡ, ਪੁਲਿਸ ਸਟੇਸ਼ਨ ਅਤੇ ਦੁਕਾਨਾਂ ’ਤੇ ਖ਼ਾਸ ਧਿਆਨ ਦਿੱਤਾ ਗਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਸਾਫ਼-ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਹਰ ਵਰ੍ਹੇ ਵਿਸ਼ਵ ਸਿਹਤ ਸੰਸਥਾ ਵੱਲੋਂ ਇਕ ਥੀਮ ਦਿੱਤਾ ਜਾਂਦਾ ਹੈ, ਜਿਸ ਦੇ ਆਧਾਰ ’ਤੇ ਸਾਰੇ ਮੁਲਕ ਆਪਣੀਆਂ ਕਾਰਵਾਈਆਂ ਕਰਦੇ ਹਨ। ਇਸ ਵਾਰ ਵੀ ਵਿਸ਼ਵ ਮਲੇਰੀਆ ਦਿਵਸ-2024 ‘ਵਧੇਰੇ ਬਰਾਬਰੀ ਵਾਲੇ ਸੰਸਾਰ ਲਈ ਮਲੇਰੀਆ ਵਿਰੁੱਧ ਲੜਾਈ ਨੂੰ ਤੇਜ਼ ਕਰਨਾ’ ਥੀਮ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਸੰਸਾਰ ਨੂੰ 2030 ਤਕ ਮਲੇਰੀਆ-ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਲੋੜ ਹੈ ਕਿ ਲੋਕ ਜਾਗਰੂਕ ਹੋਣ ਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ।
ਮਲੇਰੀਆ ਦੇ ਸ਼ੁਰੂਆਤੀ ਲੱਛਣ ਹਨ ਬੁਖ਼ਾਰ, ਸਿਰ ਦਰਦ ਤੇ ਠੰਢ ਲੱਗਣਾ। ਲੱਛਣ ਆਮ ਤੌਰ ’ਤੇ ਲਾਗ ਵਾਲੇ ਮੱਛਰ ਦੇ ਕੱਟਣ ਦੇ 10-15 ਦਿਨਾਂ ਦੇ ਅੰਦਰ ਦਿਸਣੇ ਸ਼ੁਰੂ ਹੋ ਜਾਂਦੇ ਹਨ।
– ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ।
– ਕਮਜ਼ੋਰ ਚੇਤਨਾ।
– ਸਾਹ ਲੈਣ ’ਚ ਔਖ।
– ਗਾੜਾ ਪਿਸ਼ਾਬ ਜਾਂ ਪਿਸ਼ਾਬ ’ਚ ਖ਼ੂਨ ਆਉਣਾ।
– ਪੀਲੀਆ (ਅੱਖਾਂ ਅਤੇ ਚਮੜੀ ਦਾ ਪੀਲਾ ਹੋਣਾ)।
– ਅਸਧਾਰਨ ਖੂਨ ਵਹਿਣਾ।
ਗਰਭ ਅਵਸਥਾ ਦੌਰਾਨ ਮਲੇਰੀਆ ਦੀ ਲਾਗ ਸਮੇਂ ਤੋਂ ਪਹਿਲਾਂ ਜਣੇਪੇ ਜਾਂ ਘੱਟ ਭਾਰ ਵਾਲੇ ਬੱਚੇ ਦੇ ਜਨਮ ਦਾ ਕਾਰਨ ਵੀ ਬਣ ਸਕਦੀ ਹੈ।
ਕਿਵੇਂ ਫੈਲਦਾ ਹੈ ਮਲੇਰੀਆ
ਮਾਦਾ ਐਨਾਫਲੀਜ਼ ਮੱਛਰ ਜਦੋਂ ਕਿਸੇ ਮਲੇਰੀਆ ਦੇ ਰੋਗੀ ਨੂੰ ਕੱਟਦਾ ਹੈ ਤਾਂ ਉਸ ਵਿਅਕਤੀ ਦੇ ਖ਼ੂਨ ਦੇ ਨਾਲ-ਨਾਲ ਉਸ ਦੇ ਸਰੀਰ ’ਚ ਮੌਜੂਦ ਮਲੇਰੀਆ ਦੇ ਪਲਾਜ਼ਮੋਡੀਅਮ ਪ੍ਰਜੀਵੀਆਂ ਨੂੰ ਵੀ ਚੂਸ ਲੈਂਦਾ ਹੈ ਅਤੇ ਖ਼ੁਦ ਸੰਕ੍ਰਮਿਤ ਹੋ ਜਾਂਦਾ ਹੈ। ਮੱਛਰ ਦੇ ਸਰੀਰ ’ਚ ਪਹੁੰਚੇ ਮਲੇਰੀਆ ਦੇ ਪ੍ਰਜੀਵੀ 8 ਤਂੋ 10 ਦਿਨਾਂ ਦੇ ਅੰਦਰ ਮਲੇਰੀਆ ਫੈਲਾਉਣ ਦੇ ਸਮਰੱਥ ਹੋ ਜਾਂਦੇ ਹਨ। ਜਦੋਂ ਇਹ ਸੰਕ੍ਰਮਿਤ ਮੱਛਰ ਕਿਸੇ ਤੰਦਰੁਸਤ ਵਿਅਕਤੀ ਨੂੰ ਕੱਟਦੇ ਹਨ ਤਾਂ ਆਪਣੀ ਲਾਰ ਨਾਲ ਮਲੇਰੀਆ ਪ੍ਰਜੀਵੀ ਉਸ ਵਿਅਕਤੀ ਦੇ ਸਰੀਰ ਵਿਚ ਛੱਡ ਦਿੰਦੇ ਹਨ, ਜਿਸ ਨਾਲ ਉਹ ਵਿਅਕਤੀ ਬਿਮਾਰ ਹੋ ਜਾਂਦਾ ਹੈ। ਪ੍ਰਜੀਵੀ ਤੰਦਰੁਸਤ ਵਿਅਕਤੀ ਦੇ ਲਿਵਰ ਵਿਚ ਪਹੁੰਚ ਕੇ ਤੇਜ਼ੀ ਨਾਲ ਵਧਣ ਲੱਗਦੇ ਹਨ ਅਤੇ ਖ਼ੂਨ ’ਚ ਜਾ ਕੇ ਖ਼ੂਨ ਦੇ ਲਾਲ ਕਣਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਸਮੇਂ ਸਿਰ ਢੁੱਕਵਾਂ ਇਲਾਜ ਨਾ ਹੋਣ ’ਤੇ ਮਲੇਰੀਆ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ।
ਬਚਾਅ ਦੇ ਤਰੀਕੇ
ਮਲੇਰੀਆ ਫੈਲਾਉਣ ਵਾਲਾ ਮੱਛਰ ਗੰਦੇ ਪਾਣੀ ’ਤੇ ਪਲਦਾ ਹੈ। ਇਸ ਲਈ ਆਪਣੇ ਆਸ-ਪਾਸ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਮੱਛਰਾਂ ਦੇ ਪ੍ਰਜਣਨ ਥਾਵਾਂ ਜਿਵੇਂ ਛੱਪੜਾਂ, ਨਾਲੀਆਂ ਆਦਿ ਵਿਚ ਮਿੱਟੀ ਦੇ ਤੇਲ ਜਾਂ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਸਰੀਰ ਨੂੰ ਢਕ ਕੇ ਰੱਖੋ ਜਾਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ। ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਮੱਛਰ ਮਾਰਨ ਵਾਲੀ ਦਵਾਈਆਂ ਦੀ ਵਰਤੋਂ ਕਰੋ। ਮਲੇਰੀਆ ਬੁਖ਼ਾਰ ਦੀ ਜਾਂਚ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਕੀਤਾ ਜਾਂਦਾ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਮਰੀਜ਼ ਬਿਮਾਰੀ ਦੇ ਆਖ਼ਰੀ ਪੜਾਅ ’ਤੇ ਇਲਾਜ ਲਈ ਆਉਂਦਾ ਹੈ, ਜੋ ਠੀਕ ਨਹੀਂ ਹੈ। ਇਸ ਲਈ ਜੇ ਤੁਹਾਨੂੰ ਬੁਖ਼ਾਰ ਹੈ, ਤਾਂ ਤੁਰੰਤ ਜਾਂਚ ਕਰਵਾਓ।
ਖ਼ੁਦ ਤੇ ਸਮਾਜ ਨੂੰ ਬਣਾਈਏ ਸਿਹਤਮੰਦ
ਮਲੇਰੀਆ ਜਾਨਲੇਵਾ ਬੁਖ਼ਾਰ ਹੈ ਤੇ ਇਹ ਇਲਾਜਯੋਗ ਹੈ। ਨਵਜੰਮੇ ਬੱਚੇ, 5 ਸਾਲ ਤੋਂ ਛੋਟੇ ਬੱਚੇ, ਗਰਭਵਤੀ ਔਰਤਾਂ, ਪ੍ਰਵਾਸੀ ਮਜ਼ਦੂਰਾਂ, ਐੱਚਆਈਵੀ/ਏਡਜ਼ ਵਾਲੇ ਲੋਕਾਂ ਨੂੰ ਗੰਭੀਰ ਸੰਕ੍ਰਮਣ ਦਾ ਵਧੇਰੇ ਜੋਖ਼ਮ ਹੁੰਦਾ ਹੈ। ਇਸ ਲਈ ਖ਼ੁਦ ਤੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਆਓ ਇਸ ਦਿਵਸ ’ਤੇ ਮਲੇਰੀਆ ਮੱਛਰ ਦੇ ਖ਼ਾਤਮੇ ਦਾ ਪ੍ਰਣ ਕਰੀਏ ਤੇ ਸਮਾਜ ਨੂੰ ਤੰਦਰੁਸਤ ਤੇ ਖ਼ੁਦ ਨੂੰ ਸਿਹਤਮੰਦ ਬਣਾਈਏ।