ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦੇ ਦਿੱਤਾ ਹੈ। ਸਿੱਧੂ ਪਰਿਵਾਰ ‘ਚ ਗੂੰਜੀਆਂ ਕਿਲਕਾਰੀਆਂ ਦੇ ਬਾਅਦ ਸਿੱਧੂ ਮੂਸੇਵਾਲਾ ਦੇ ਫ਼ੈਨਾਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਦੇ ਚੱਲਦਿਆਂ ਉਹ ਵੱਡੀ ਗਿਣਤੀ ‘ਚ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ।
‘ਵੱਡੇ ਪੈਰੀਂ ਗਿਆ ਸਿੱਧੂ ਮੂਸੇਵਾਲਾ ਨਿੱਕੇ ਪੈਰੀਂ ਪਰਤ ਆਇਆ ਹੈ।’ ਇਹ ਬੋਲ ਸਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਦੇ ਜਦੋਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਖ਼ਬਰ ਨਾਲ ਸਿੱਧੂ ਦੇ ਜਾਣ ਤੋਂ ਬਾਅਦ ਉਦਾਸ ਹੋ ਗਿਆ ਪਿੰਡ ਮੂਸੇਵਾਲਾ, ਸਿੱਧੂ ਦੀ ਹਵੇਲੀ ਤੇ ਸੋਸ਼ਲ ਮੀਡੀਆ ਖ਼ੁਸ਼ੀ ਨਾਲ ਗੁਲਜ਼ਾਰ ਹੋ ਗਿਆ। ਅਕਸਰ ਉਸ ਨੂੰ ਉਦਾਸੀ ਨਾਲ ਯਾਦ ਕਰਨ ਵਾਲੇ ਉਸ ਦੇ ਪ੍ਰਸੰਸਕਾਂ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੇ ‘ਛੋਟੇ ਭਰਾ’ ਦੀ ਤਸਵੀਰ ਸਾਂਝੀ ਕਰ ਕੇ ਖ਼ੁਸ਼ੀ ਜ਼ਾਹਿਰ ਕੀਤੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਫੇਸਬੁੱਕ ’ਤੇ ਪਾਈ ਪੋਸਟ ’ਚ ਉਨ੍ਹਾਂ ਲਿਖਿਆ, ‘ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਹਿਗੁਰੂ ਦੀਆਂ ਬਖ਼ਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।’ ਓਧਰ ਖ਼ਬਰ ਮਿਲਦੇ ਹੀ ਸਿੱਧੂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਪਿੰਡ ਦੇ ਲੋਕ ਪਿੰਡ ਮੂਸੇਵਾਲ ਸਥਿਤ ਸਿੱਧੂ ਦੀ ਹਵੇਲੀ ’ਚ ਪੁੱਜਣੇ ਸ਼ੁਰੂ ਹੋ ਗਏ। ਸੋਸ਼ਲ ਮੀਡੀਆ ’ਤੇ ਖ਼ਬਰ ਫੈਲਦੇ ਹੀ ਵੱਡੀ ਗਿਣਤੀ ’ਚ ਸਿੱਧੂ ਪ੍ਰਸੰਸਕ ਵੀ ਆ ਪੁੱਜੇ। ਲੋਕ ਇਕ ਦੂਜੇ ਨੂੰ ਵਧਾਈ ਦੇਣ ਲੱਗੇ। ਸਿੱਧੂ ਦੇ ਗੀਤ ਲਗਾ ਕੇ ਗਿੱਧੇ ਭੰਗੜੇ ਪਾ ਰਹੇ ਹਨ। ਪ੍ਰਸੰਸਕ ਸਿੱਧੂ ਦੀਆਂ ਗੱਡੀਆਂ ਕੋਲ ਖੜੇ ਹੋ ਕੇ ਤਸਵੀਰਾਂ ਕਰਵਾ ਰਹੇ ਹਨ। ਦੋ ਸਾਲ ਤੋਂ ਉਦਾਸ ਪਈ ਸਿੱਧੂ ਦੀ ਹਵੇਲੀ ’ਚ ਰੌਣਕਾਂ ਪਰਤ ਆਈਆਂ।
ਸਿੱਧੂ ਦੇ ਪਰਿਵਾਰਕ ਮੈਂਬਰ ਸੁਖਪਾਲ ਪਾਲੀ ਨੇ ਦੱਸਿਆ ਕਿ ਬਲੌਕਰ ਸਿੰਘ ਵੱਲੋਂ ਬੱਚੇ ਦੇ ਜਨਮ ਸਬੰਧੀ ਪੋਸਟ ਪਾਉਣ ਤੋਂ ਬਾਅਦ ਸਵੇਰ ਤੋਂ ਲਗਾਤਾਰ ਲੋਕਾਂ ਦੇ ਫੋਨ ਆ ਰਹੇ ਹਨ। ਲੋਕ ਵਧਾਈ ਦੇ ਰਹੇ ਹਨ। ਲੋਕ ਹਵੇਲੀ ’ਚ ਪੁੱਜ ਰਹੇ ਹਨ। ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਹਵੇਲੀ ’ਚ ਉਦਾਸੀ ਛਾ ਗਈ ਸੀ ਪਰ ਇਸ ਖ਼ੁਸ਼ੀ ਦੀ ਖ਼ਬਰ ਨਾਲ ਹਵੇਲੀ ’ਚ ਰੌਣਕ ਪਰਤੀ ਹੈ।
ਸਿੱਧੂ ਦੀ ਦਾਦੀ ਬਲਬੀਰ ਕੌਰ, ਤੇਜ ਕੌਰ, ਅਮਰਜੀਤ ਕੌਰ, ਸੁਖਪਾਲ ਕੌਰ ਤੇ ਚਾਚਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ੰਸ਼ਕਾਂ ਦੀਆਂ ਦੁਆਵਾਂ ਨਾਲ ਇਕ ਵਾਰ ਫਿਰ ਘਰ ’ਚ ਖੁਸ਼ੀ ਪਰਤੀ ਹੈ। ਸਿੱਧੂ ਵੱਡੇ ਪੈਰੀਂ ਗਿਆ ਸੀ ਤੇ ਨਿੱਕੇ ਪੈਰੀਂ ਪਰਤ ਆਇਆ ਹੈ। ਬਜ਼ੁਰਗ ਔਰਤਾਂ ਨੇ ਕਿਹਾ ਕਿ ਜਦੋਂ ਦੀ ਖ਼ਬਰ ਆਈ ਹੈ ਖ਼ੁਸ਼ੀ ਨਾਲ ਉਨ੍ਹਾਂ ਦੇ ਪੈਰ ਧਰਤੀ ’ਤੇ ਨਹੀਂ ਲੱਗ ਰਹੇ। ਇਸ ਤਰ੍ਹਾਂ ਲੱਗ ਰਿਹੈ ਸਾਡਾ ਗੱਗੂ (ਸਿੱਧੂ ਦਾ ਬਚਪਨ ਦਾ ਘਰੇਲੂ ਨਾਂ) ਵਾਪਸ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੁਸ਼ੀ ’ਚ ਉਨ੍ਹਾਂ ਰੋਟੀ ਵੀ ਨਹੀਂ ਖਾਧੀ ਕਿਉਂਕਿ ਇਸ ਖ਼ੁਸ਼ਖ਼ਬਰੀ ਨੇ ਉਨ੍ਹਾਂ ਦਾ ਢਿੱਡ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਹੋ ਗਏ ਸਨ ਹਵੇਲੀ ’ਚ ਆਉਂਦਿਆਂ ਨੂੰ, ਪਰ ਕਦੇ ਏਨੀ ਖ਼ੁਸ਼ੀ ਨਹੀਂ ਦੇਖੀ। ਅੱਜ ਹਰ ਚਿਹਰੇ ’ਤੇ ਖ਼ੁਸ਼ੀ ਹੈ। ਜਦੋਂਕਿ ਸਿੱਧੂ ਦੇ ਜਾਣ ਬਾਅਦ ਹਰ ਪਾਸੇ ਉਦਾਸੀ ਛਾਈ ਹੋਈ ਸੀ।
ਹਵੇਲੀ ਦੇ ਨਾਲ-ਨਾਲ ਪੂਰੇ ਪਿੰਡ ’ਚ ਖ਼ੁਸ਼ੀ ਵਾਲਾ ਮਾਹੌਲ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਹੈ। ਸਿੱਧੂ ਦੇ ਚਾਹੁਣ ਵਾਲਿਆਂ ਨੂੰ ਵੀ ਉਸ ਦੇ ਘਰ ਨਵੇਂ ਬੱਚੇ ਦੇ ਆਉਣ ਦੀ ਬਹੁਤ ਖ਼ੁਸ਼ੀ ਹੈ। ਕਈ ਬਜ਼ੁਰਗ ਤਾਂ ਸਿੱਧੂ ਨੂੰ ਯਾਦ ਕਰਦਿਆਂ ਭਾਵੁਕ ਵੀ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ਵੀ ਸੇਜਲ ਹੋ ਗਈਆਂ। ਓਧਰ ਸਿੱਧੂ ਦੀ ਯਾਦਗਾਰ ’ਤੇ ਵੀ ਵੀ ਲੋਕ ਪੁੱਜ ਰਹੇ ਹਨ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦੇ ਮਾਪੇ ਲਗਾਤਾਰ ਮਾਯੂਸ ਸਨ। ਫਿਰ ਉਨ੍ਹਾਂ ਨੇ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਲਿਆ। ਇਸ ਲਈ ਉਨ੍ਹਾਂ ਆਈਵੀਐੱਫ ਤਕਨੀਕ ਦਾ ਸਹਾਰਾ ਲਿਆ। ਇਸ ਤਰ੍ਹਾਂ 58 ਸਾਲ ਦੀ ਉਮਰ ਸਿੱਧੂ ਦੀ ਮਾਤ ਨੇ ਬੱਚੇ ਨੂੰ ਜਨਮ ਦਿੱਤਾ ਹੈ।