ਵੋਟ ਪਾਉਣ ਦੇ ਸੰਵਿਧਾਨਿਕ ਅਧਿਕਾਰ ਦੀ ਲਾਜ਼ਮੀ ਤੌਰ ’ਤੇ ਅਤੇ ਸਹੀ ਵਰਤੋਂ ਕਰਨੀ ਪਵੇਗੀ। ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਅਤੇ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਏ ਜਾਂਦੇ ਹਨ ਜਿਸ ’ਚ ਲੋਕ ਆਮ ਤੌਰ ’ਤੇ ਡਰ, ਦਬਾਅ ਜਾਂ ਲਾਲਚ ’ਚ ਫਸ ਜਾਂਦੇ ਹਨ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ। ਇੱਥੋਂ ਦੇ ਕਰੋੜਾਂ ਲੋਕ ਵੋਟਾਂ ’ਚ ਆਪਣੀ ਹਿੱਸੇਦਾਰੀ ਪਾਉਂਦੇ ਹਨ। ਹੁਣ ਭਾਰਤ ’ਚ 18ਵੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜੋ ਕਿ 19 ਅਪ੍ਰੈਲ ਤੋਂ ਇਕ ਜੂਨ ਤੱਕ ਚੱਲਣਗੀਆਂ। ਦੇਸ਼ ਦੀ 140 ਕਰੋੜ ਆਬਾਦੀ ’ਚੋਂ ਲਗਪਗ 96 ਕਰੋੜ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਚਾਰ ਜੂਨ ਨੂੰ ਦੇਸ਼ ਭਰ ’ਚ ਸੱਤ ਪੜਾਵਾਂ ’ਚ ਪੈਣ ਵਾਲੀਆਂ ਵੋਟਾਂ ਦੇ ਨਤੀਜੇ ਆ ਜਾਣਗੇ ਜੋ ਕਿ ਭਵਿੱਖ ਦੀ ਸਰਕਾਰ ਦਾ ਫ਼ੈਸਲਾ ਕਰਨਗੇ। ਸੰਵਿਧਾਨ ਨੇ ਹਰ ਇਕ ਬਾਲਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ।
ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਨਾਲ ਹੀ ਇਕ ਕੁਸ਼ਲ, ਇਮਾਨਦਾਰ ਅਤੇ ਵਿਕਾਸਮੁਖੀ ਸਰਕਾਰ ਚੁਣੀ ਜਾ ਸਕਦੀ ਹੈ। ਸਮੱਸਿਆ ਇਹ ਹੈ ਕਿ ਅਮੀਰ ਤੇ ਪੜ੍ਹੇ-ਲਿਖੇ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਬਹੁਤ ਘੱਟ ਕਰਦੇ ਹਨ ਜਦਕਿ ਅਨਪੜ੍ਹ, ਆਰਥਿਕ ਤੌਰ ’ਤੇ ਨਿਮਨ ਵਰਗ ਤੇ ਪੇਂਡੂ ਇਲਾਕੇ ਦੇ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਿਆਦਾ ਕਰਦੇ ਹਨ। ਜਿਸ ਕਾਰਨ ਲਗਪਗ 30-35 ਫ਼ੀਸਦੀ ਲੋਕ ਵੋਟ ਪਾਉਣ ਹੀ ਨਹੀਂ ਜਾਂਦੇ।
ਆਮ ਤੌਰ ’ਤੇ ਵੋਟ ਫ਼ੀਸਦੀ ਵੱਡੇ ਸ਼ਹਿਰਾਂ ’ਚ ਕਾਫ਼ੀ ਘੱਟ ਹੁੰਦੀ ਹੈ। ਭਾਰਤ ’ਚ ਲੋਕ ਸਭਾ ਚੋਣਾਂ 2014 ’ਚ 66.4 ਤੇ 2019 ’ਚ 67 ਵੋਟ ਫ਼ੀਸਦੀ ਰਹੀ। ਜੇ ਜਨਤਾ ਨੇ ਇਕ ਚੰਗੀ ਸਰਕਾਰ ਚੁਨਣੀ ਹੈ, ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣਾ ਹੈ ਤੇ ਵਿਕਾਸ ਦੇ ਰਾਹ ’ਤੇ ਤੁਰਨਾ ਹੈ ਤਾਂ ਵੋਟ ਪਾਉਣ ਪ੍ਰਤੀ ਨੀਰਸਤਾ, ਆਲਸ ਤੇ ਗ਼ੈਰ-ਜ਼ਿੰਮੇਵਾਰਾਨਾ ਵਤੀਰਾ ਛੱਡ ਕੇ ਸਕਾਰਾਤਮਕ ਵਿਹਾਰ ਅਪਨਾਉਣਾ ਪਵੇਗਾ।
ਵੋਟ ਪਾਉਣ ਦੇ ਸੰਵਿਧਾਨਿਕ ਅਧਿਕਾਰ ਦੀ ਲਾਜ਼ਮੀ ਤੌਰ ’ਤੇ ਅਤੇ ਸਹੀ ਵਰਤੋਂ ਕਰਨੀ ਪਵੇਗੀ। ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਅਤੇ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਏ ਜਾਂਦੇ ਹਨ ਜਿਸ ’ਚ ਲੋਕ ਆਮ ਤੌਰ ’ਤੇ ਡਰ, ਦਬਾਅ ਜਾਂ ਲਾਲਚ ’ਚ ਫਸ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਉਹ ਅਜਿਹੀ ਸਰਕਾਰ ਜਾਂ ਉਮੀਦਵਾਰ ਚੁਣ ਲੈਂਦੇ ਹਨ ਜੋ ਨਾ ਤਾਂ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਸਕਦੇ ਹਨ, ਨਾ ਲੋਕਾਈ ਦਾ ਵਿਕਾਸ ਕਰ ਸਕਦੇ ਹਨ ਅਤੇ ਨਾ ਹੀ ਬੇਰੁਜ਼ਗਾਰੀ ਨੂੰ ਘਟਾ ਸਕਦੇ ਹਨ।
ਫਿਰ ਲੋਕਾਂ ਨੂੰ ਗ਼ਲਤ ਥਾਂ ਆਪਣੀ ਵੋਟ ਪਾਉਣ ਦਾ ਅਹਿਸਾਸ ਹੁੰਦਾ ਹੈ। ਉਹ ਮਨ ਹੀ ਮਨ ’ਚ ਪਛਤਾਵਾ ਕਰਦੇ ਹਨ ਪਰ ਉਸ ਸਮੇਂ ਚਿੜੀ ਖੇਤ ਚੁਗ ਚੁੱਕੀ ਹੁੰਦੀ ਹੈ। ਇਕ ਸ਼ਰਾਬ ਦੀ ਬੋਤਲ ਜਾਂ ਚੰਦ ਪੈਸਿਆਂ ਲਈ ਗ਼ਲਤ ਪਾਈ ਵੋਟ ਤੁਹਾਡਾ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਵੱਡਾ ਨੁਕਸਾਨ ਕਰ ਸਕਦੀ ਹੈ।
ਅੱਜ-ਕੱਲ੍ਹ ਝੂਠ, ਫ਼ਰੇਬ, ਠੱਗੀ, ਬੇਈਮਾਨੀ ਅਤੇ ਦਲ-ਬਦਲੀਆਂ ਦਾ ਦੌਰ ਹੈ। ਸੋ ਦੇਸ਼ ਦੇ ਨਾਗਰਿਕਾਂ ਨੂੰ ਚੋਣਾਂ ਦੌਰਾਨ ਫੂਕ-ਫੂਕ ਕੇ ਕਦਮ ਰੱਖਣੇ ਚਾਹੀਦੇ ਹਨ । ਉਨ੍ਹਾਂ ਨੂੰ ਆਪਣੇ ਉਮੀਦਵਾਰਾਂ ਦੇ ਪਿਛੋਕੜ, ਇਮਾਨਦਾਰੀ, ਸੁਭਾਅ, ਨੇਕ-ਨੀਤੀ, ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਆਦਿ ਬਾਰੇ ਚੰਗੀ ਤਰ੍ਹਾਂ ਪੜਤਾਲ ਕਰ ਲੈਣੀ ਚਾਹੀਦੀ ਹੈ। ਉਮੀਦਵਾਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਜਾਂਦੇ ਆਪਣੇ ਦਸਤਾਵੇਜ਼ਾਂ ’ਚ ਆਪਣੀ ਚੱਲ ਤੇ ਅਚੱਲ ਜਾਇਦਾਦ ਦਾ ਵੇਰਵਾ, ਪਰਿਵਾਰ ਬਾਰੇ ਜਾਣਕਾਰੀ, ਅਪਰਾਧਿਕ ਪਿਛੋਕੜ, ਵਿੱਦਿਅਕ ਯੋਗਤਾ ਆਦਿ ਕਾਲਮ ਭਰੇ ਜਾਂਦੇ ਹਨ।
ਲੋਕਾਂ ਨੂੰ ਜਾਗਰੂਕ ਹੁੰਦੇ ਹੋਏ ਇਹ ਦੇਖਣਾ ਚਾਹੀਦਾ ਹੈ ਕਿ ਸੱਤਾ ਸੁੱਖ ਮਾਣ ਚੁੱਕੇ ਉਮੀਦਵਾਰ ਨੇ ਪਿਛਲੀ ਵਾਰ ਲਿਖਵਾਈ ਜਾਇਦਾਦ ਨਾਲੋਂ ਇਸ ਵਾਰ ਜ਼ਮੀਨ-ਜਾਇਦਾਦ ਤੇ ਪੈਸਿਆਂ ਪੱਖੋਂ ਕਿੰਨਾ ਇਜ਼ਾਫ਼ਾ ਕਰ ਲਿਆ ਹੈ। ਭ੍ਰਿਸ਼ਟਾਚਾਰੀ ਉਮੀਦਵਾਰ ਤੋਂ ਜਨਤਾ ਨੂੰ ਭਵਿੱਖ ’ਚ ਭਲਾਈ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਸ ਨੇ ਤਾਂ ਲੋਕਾਂ ਤੇ ਦੇਸ਼ ਦੀ ਤਰੱਕੀ ਲਈ ਕਾਰਜ ਕਰਨ ਨਾਲੋਂ ਆਪਣਾ ਘਰ ਭਰਨ ਵੱਲ ਵਧੇਰੇ ਧਿਆਨ ਦਿੱਤਾ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਤੁਲਨਾ ਕਰ ਕੇ ਹੀ ਉਨ੍ਹਾਂ ਵਿਚੋਂ ਸਭ ਤੋਂ ਵਧੀਆ ਉਮੀਦਵਾਰ ਨੂੰ ਚੁਨਣ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਦਿਲ ਤੇ ਦਿਮਾਗ਼ ਦੀਆਂ ਅੱਖਾਂ ਖੋਲ੍ਹ ਕੇ ਪਾਈ ਤੁਹਾਡੀ ਇਕ-ਇਕ ਵੋਟ ਦੇਸ਼ ਦੀ ਵਿਕਾਸ ਰੂਪੀ ਇਮਾਰਤ ਲਈ ਲੱਗੀ ਇਕ-ਇਕ ਇੱਟ ਸਾਬਤ ਹੋਏਗੀ। ਕਈ ਵਿਅਕਤੀ ਚੋਣਾਂ ਵਾਲੇ ਦਿਨ ਇਹ ਸੋਚ ਕੇ ਹੀ ਵੋਟ ਪਾਉਣ ਨਹੀਂ ਜਾਂਦੇ ਕਿ ਮੇਰੀ ਇਕੱਲੀ ਵੋਟ ਨਾਲ ਕੀ ਹੋ ਜਾਵੇਗਾ ਪਰ ਜਿਵੇਂ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਬੂੰਦ-ਬੂੰਦ ਨਾਲ ਹੀ ਘੜਾ ਭਰਦਾ ਹੈ। ਸੋ ਵੋਟ ਦੇ ਅਧਿਕਾਰ ਦੀ ਚੋਣਾਂ ਦੌਰਾਨ ਲਾਜ਼ਮੀ ਤੌਰ ’ਤੇ ਵਰਤੋਂ ਕਰਨੀ ਚਾਹੀਦੀ ਹੈ ਤੇ ਉਹ ਵੀ ਸਹੀ ਉਮੀਦਵਾਰ ਦੀ ਪਛਾਣ ਕਰਨ ਤੋਂ ਬਾਅਦ। ਇਸ ਸੰਬੰਧੀ ਸਕੂਲਾਂ ਕਾਲਜਾਂ ’ਚ ਲੇਖ, ਭਾਸ਼ਣ, ਪੇਂਟਿੰਗ ਮੁਕਾਬਲੇ ਆਦਿ ਕਰਵਾ ਕੇ ਬੱਚਿਆਂ ’ਚ ਤੇ ਬੱਚਿਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਤੇ ਸਮਾਜ ’ਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਸੱਚੇ ਦਿਲੋਂ ਕੀਤੇ ਅਜਿਹੇ ਯਤਨ ਯਕੀਨਨ ਹੀ ਬਿਹਤਰੀਨ ਸਰਕਾਰ ਦੀ ਚੋਣ ਕਰਨ ’ਚ ਸਹਾਈ ਸਿੱਧ ਹੋਣਗੇ।