ਮਾਨ ਨੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿਚ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਦੱਸਣ। ਅਸੀਂ ਬਹੁਤ ਸਾਰੇ ਕੰਮ ਕੀਤੇ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ
ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਚ ਵਿਧਾਇਕਾਂ, ਚੇਅਰਮੈਨਾਂ ਅਤੇ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿਚ ਉਨ੍ਹਾਂ ਸਾਰਿਆਂ ਤੋਂ ਰਿਪੋਰਟ ਮੰਗੀ ਕਿ ਬਠਿੰਡਾ ਸੰਸਦੀ ਹਲਕੇ ਵਿਚ ਪਾਰਟੀ ਦੀ ਸਥਿਤੀ ਕੀ ਹੈ। ਇਸ ਲਈ ਸਾਰੇ ਆਗੂਆਂ ਨੇ ਭਰੋਸਾ ਪ੍ਰਗਟਾਇਆ ਕਿ ਆਮ ਆਦਮੀ ਪਾਰਟੀ ਬਠਿੰਡਾ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ।
ਮਾਨ ਨੇ ਅਕਾਲੀ-ਭਾਜਪਾ ਦੇ ਸੰਭਾਵੀ ਗੱਠਜੋੜ ’ਤੇ ਚੁਟਕੀ ਲੈਂਦਿਆਂ ਇਕ ਕਹਾਣੀ ਸੁਣਾਈ। ਉਨ੍ਹਾਂ ਕਿਹਾ ਕਿ ਇਕ ਵਾਰ ਚੂਹਾ ਅਤੇ ਕੱਛੂ ਦੀ ਦੋਸਤੀ ਹੋ ਗਈ। ਦੋਸਤਾਂ ਨੇ ਕਦੇ ਵੀ ਵੱਖ ਨਾ ਹੋਣ ਦਾ ਵਾਅਦਾ ਕੀਤਾ। ਇਸ ਦੋਸਤੀ ਕਾਰਨ ਕੱਛੂ ਨੇ ਚੂਹੇ ਦੀ ਪੂਛ ਨੂੰ ਆਪਣੇ ਨਾਲ ਬੰਨ੍ਹ ਲਿਆ ਤਾਂ ਜੋ ਉਹ ਹਰ ਸਮੇਂ ਇਕੱਠੇ ਰਹਿ ਸਕਣ। ਕੁਝ ਸਮੇਂ ਬਾਅਦ ਕੱਛੂ ਨੂੰ ਗਰਮੀ ਮਹਿਸੂਸ ਹੋਈ ਅਤੇ ਉਸ ਨੇ ਨਦੀ ਵਿਚ ਡੁਬਕੀ ਲਗਾ ਲਈ। ਇਸ ਕਾਰਨ ਪੂਛ ਬੰਨ੍ਹੀਂ ਹੋਣ ਕਾਰਨ ਚੂਹਾ ਵੀ ਪਾਣੀ ਵਿਚ ਜਾ ਕੇ ਮਰ ਗਿਆ। ਕੁਝ ਦੇਰ ਬਾਅਦ ਕੱਛੂ ਫਿਰ ਕੰਢੇ ’ਤੇ ਆ ਗਿਆ ਅਤੇ ਬਾਜ਼ ਨੇ ਜਦੋਂ ਚੂਹੇ ਨੂੰ ਉੱਪਰੋਂ ਦੇਖਿਆ ਤਾਂ ਉਸ ’ਤੇ ਝਪਟ ਮਾਰ ਕੇ ਅਸਮਾਨ ’ਚ ਲੈ ਗਿਆ ਜਿਸ ਕਾਰਨ ਕੱਛੂ ਵੀ ਨਾਲ ਹੀ ਚਲਾ ਗਿਆ। ਬਾਅਦ ਵਿਚ ਕੱਛੂ ਉਪਰੋਂ ਹੇਠਾਂ ਡਿੱਗ ਗਿਆ ਅਤੇ ਮਰ ਗਿਆ। ਇਨ੍ਹਾਂ ਦੋਵਾਂ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੋਣ ਵਾਲੀ ਹੈ। ਦੋਵੇਂ ਇਕ-ਦੂਜੇ ਨੂੰ ਮਾਰ ਦੇਣਗੇ।
ਮਾਨ ਨੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿਚ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਦੱਸਣ। ਅਸੀਂ ਬਹੁਤ ਸਾਰੇ ਕੰਮ ਕੀਤੇ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਆਗੂ ਬਾਰੇ ਕੋਈ ਨਕਾਰਾਤਮਕ ਗੱਲ ਕਹਿਣ ਦੀ ਲੋੜ ਨਹੀਂ ਕਿਉਂਕਿ ਲੋਕ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਮੀਟਿੰਗ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਜਗਰੂਪ ਸਿੰਘ ਗਿੱਲ, ਪ੍ਰੋ. ਬਲਜਿੰਦਰ ਕੌਰ, ਗੁਰਪ੍ਰੀਤ ਬਣਾਂਵਾਲੀ, ਪ੍ਰੋ. ਬੁੱਧ ਰਾਮ, ਮਾਸਟਰ ਜਗਸੀਰ ਸਿੰਘ, ਸੁਖਬੀਰ ਮਾਈਸਰਖਾਨਾ, ਚੇਅਰਮੈਨ ਨੀਲ ਗਰਗ, ਨਵਦੀਪ ਜੀਦਾ, ਜਤਿੰਦਰ ਭੱਲਾ, ਅਨਿਲ ਠਾਕੁਰ, ਰਾਕੇਸ਼ ਪੁਰੀ, ਡਾਇਰੈਕਟਰ ਮਨਦੀਪ ਕੌਰ ਰਾਮਗੜ੍ਹੀਆ, ਰਾਜਨ ਅਮਰਦੀਪ ਸਿੰਘ ਆਦਿ ਹਾਜ਼ਰ ਸਨ।