ਪਿਛਲੇ ਕੁਝ ਦਿਨਾਂ ’ਚ ਅਸੀਂ ਵੇਖਿਆ ਕਿ ਕਿਵੇਂ ਤਰਨਤਾਰਨ ’ਚ ਇਕ ਔਰਤ ਦੇ ਕੱਪੜੇ ਪਾੜ ਕੇ ਉਸ ਨੂੰ ਨੰਗਾ ਘੁਮਾਇਆ ਗਿਆ। ਪੰਜਾਬ ਅਰਾਜਕਤਾ ’ਚ ਧੱਸਦਾ ਜਾ ਰਿਹਾ ਹੈ...
ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਤੇ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਲਈ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਦਾ ਅਪਮਾਨ ਕੀਤਾ ਗਿਆ ਹੈ। ਜਿਸ ਕਰਕੇ ਸਮੂਹ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਸਮਰਾਲਾ ਇਲਾਕੇ ’ਚ ਕੀਤਾ। ਸੁਖਬੀਰ ਸਿੰਘ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਗਵੰਤ ਮਾਨ, ਜੋ ਪਹਿਲਾਂ ਸ਼ਹੀਦ ਦੇ ਨਾਂ ’ਤੇ ਸਹੁੰਆਂ ਖਾਂਦੇ ਸਨ, ਹੁਣ ਸ਼ਹੀਦ ਦੇ ਨਾਂ ’ਤੇ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰ ਰਹੇ ਹਨ, ਜਿਸਦਾ ਮਕਸਦ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣਾ ਹੈ ਜਦੋਂਕਿ ਅਦਾਲਤ ਉਹਨਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਰੱਦ ਕਰ ਚੁੱਕੀ ਹੈ।
ਭਗਵੰਤ ਮਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਕ ਵਾਰ ਵੀ ਖੱਟਕੜ ਕਲਾਂ ਨਹੀਂ ਗਏ ਤੇ ਹੁਣ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਵਾਸਤੇ ਰਾਹਤ ਲੈਣ ਲਈ ਇਸ ਥਾਂ ਦੀ ਦੁਰਵਰਤੋਂ ਕਰ ਰਹੇ ਹਨ। ਬਾਦਲ ਨੇ ‘ਆਪ’ ਸਰਕਾਰ ਵੱਲੋਂ ਪਿੰਡ ਵਿਚ ਰੋਸ ਪ੍ਰਦਰਸ਼ਨ ਦੇ ਡਰਾਮੇ ਦੌਰਾਨ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਤੱਕ ਜਾਣ ਤੋਂ ਰੋਕਣ ਵਾਸਤੇ ਅਤੇ ਪਿੰਡ ’ਚ ਆਮ ਲੋਕਾਂ ਦੇ ਇਧਰ ਉਧਰ ਜਾਣ ਤੋਂ ਰੋਕਣ ਵਾਸਤੇ ਸੂਬਾ ਪੁਲਿਸ ਦੀ ਦੁਰਵਰਤੋਂ ਕਰਨ ਦੀ ਵੀ ਨਿਖੇਧੀ ਕੀਤੀ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਹਨ।
ਪਿਛਲੇ ਕੁਝ ਦਿਨਾਂ ’ਚ ਅਸੀਂ ਵੇਖਿਆ ਕਿ ਕਿਵੇਂ ਤਰਨਤਾਰਨ ’ਚ ਇਕ ਔਰਤ ਦੇ ਕੱਪੜੇ ਪਾੜ ਕੇ ਉਸ ਨੂੰ ਨੰਗਾ ਘੁਮਾਇਆ ਗਿਆ। ਪੰਜਾਬ ਅਰਾਜਕਤਾ ’ਚ ਧੱਸਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੇ ਨਾਲ-ਨਾਲ ਸਮਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀਆਂ ਦੇ ਫੋਨ ਆ ਰਹੇ ਹਨ ਅਤੇ ਇਸਦੇ ਨਤੀਜੇ ਵਜੋਂ ਸੂਬੇ ਵਿਚੋਂ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਬਾਹਰ ਚਲਾ ਗਿਆ ਹੈ।
ਪੰਜਾਬੀਆਂ ਨੂੰ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਆਧਾਰਿਤ ਹੋਰ ਪਾਰਟੀਆਂ ਜੋ ਸੰਸਦੀ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰ ਰਹੀਆਂ ਹਨ, ਦੀ ਯੋਜਨਾ ਸਮਝਣ ਦੀ ਅਪੀਲ ਕਰਦਿਆਂ ਬਾਦਲ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਇਹ ਲੋਕ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਕਰਕੇ ਇਸ ਚੋਣ ਦੀ ਵਰਤੋਂ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਰਨੀ ਚਾਹੀਦੀ ਹੈ। ਹੁਣ ਤਜਰਬੇ ਕਰਨ ਦਾ ਸਮਾਂ ਨਹੀਂ।