Thursday, October 17, 2024
Google search engine
HomeDeshਧਰਤੀ ਹੇਠਲਾ ਅਸ਼ੁੱਧ ਪਾਣੀ ਸਿਆਸੀ ਪਾਰਟੀਆਂ ਲਈ ਨਹੀਂ ਹੈ ਗੰਭੀਰ ਮੁੱਦਾ, ਕਈ...

ਧਰਤੀ ਹੇਠਲਾ ਅਸ਼ੁੱਧ ਪਾਣੀ ਸਿਆਸੀ ਪਾਰਟੀਆਂ ਲਈ ਨਹੀਂ ਹੈ ਗੰਭੀਰ ਮੁੱਦਾ, ਕਈ ਕਿਸਮ ਦੀਆਂ ਬਿਮਾਰੀਆਂ ਦੀ ਲਪੇਟ ’ਚ ਹਨ ਮਾਲਵਾ ਖੇਤਰ ਦੇ ਲੋਕ

ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਜਦੋਂ ਕਿ ਫ਼ਸਲਾਂ ਲਈ ਵੀ ਇਹ ਪਾਣੀ ਚੰਗਾ ਨਹੀ ਹੈ। ਧਰਤੀ ਹੇਠਲੇ ਪਾਣੀ ਵਿਚ ਸਿਹਤ ਲਈ ਖ਼ਤਰਨਾਕ ਕਈ ਕਿਸਮ ਦੇ ਤੱਤਾਂ ਦੀ ਬਹੁਤਾਤ ਪਾਈ ਜਾ ਰਹੀ ਹੈ। ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ ਹੈ।

 ਹਰ ਚੋਣ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਸੂਬੇ ਦੇ ਧਰਤੀ ਹੇਠਲੇ ਪੀਣ ਵਾਲੇ ਦੇ ਲਗਾਤਾਰ ਪਲੀਤ ਹੋਣ ਦੀ ਗੱਲ ਤਾਂ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਿਆਸੀ ਪਾਰਟੀਆਂ ਦੇ ਆਗੂ ਚੋਣ ਲੜਨ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਚੋਣ ਖ਼ਤਮ ਹੋਣ ਬਾਅਦ ਮੁੜ ਉਨ੍ਹਾਂ ਮੁੱਦਿਆਂ ’ਤੇ ਚੁੱਪ ਵੱਟ ਲੈਂਦੇ ਹਨ। ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਸਿਰਫ਼ ਲਾਰੇ ਹੀ ਰਹਿ ਜਾਂਦੇ ਹਨ। ਹਾਲਾਤ ਇਹ ਹਨ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗ ਆਮ ਲੋਕ ਵੀ ਨਿੱਜੀ ਸਵਾਰਥਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ ਅਤੇ ਉਹ ਸਿਹਤ ਨਾਲ ਜੁੜੇ ਅਜਿਹੇ ਗੰਭੀਰ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਮਾਲਵਾ ਖੇਤਰ ਵਿਚ ਲੋਕਾਂ ਨੂੰ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਕਿਸਮ ਦੀਆਂ ਗੰਭੀਰ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਹੁਣ ਪੰਜਾਬ ’ਚ ਲੋਕ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਦੇਖਣਾ ਹੋਵੇਗਾ ਕਿ ਪੀਣ ਵਾਲੇ ਸ਼ੁੱਧ ਪਾਣੀ ਦੇ ਇਸ ਮੁੱਦੇ ਨੂੰ ਸਿਆਸੀ ਪਾਰਟੀਆਂ ਕਿਸ ਤਰ੍ਹਾਂ ਲੈਂਦੀਆਂ ਹਨ।

ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਜਦੋਂ ਕਿ ਫ਼ਸਲਾਂ ਲਈ ਵੀ ਇਹ ਪਾਣੀ ਚੰਗਾ ਨਹੀ ਹੈ। ਧਰਤੀ ਹੇਠਲੇ ਪਾਣੀ ਵਿਚ ਸਿਹਤ ਲਈ ਖ਼ਤਰਨਾਕ ਕਈ ਕਿਸਮ ਦੇ ਤੱਤਾਂ ਦੀ ਬਹੁਤਾਤ ਪਾਈ ਜਾ ਰਹੀ ਹੈ। ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ ਹੈ। ਮਾਲਵਾ ਖੇਤਰ ਦੀ ਵੱਡੀ ਗਿਣਤੀ ਵਸੋਂ ਅਜੇ ਵੀ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹੈ। ਇਸ ਦਾ ਹੀ ਨਤੀਜਾ ਹੈ ਕਿ ਮਾਲਵੇ ਦੇ ਲੋਕ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਰਹੇ ਹਨ। ਹਰ ਚੋਣ ਮੌਕੇ ਸਿਆਸੀ ਪਾਰਟੀਆਂ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਗੱਲ ਤਾਂ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਿਆਸੀ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਵਾਅਦੇ ਤਾਂ ਕਰਦੀਆਂ ਹਨ ਪਰ ਪਾਣੀ ਦੇ ਇਸ ਗੰਭੀਰ ਮੁੱਦੇ ’ਤੇ ਕੋਈ ਨਹੀਂ ਬੋਲਦਾ। ਹਾਲਾਤ ਇਹ ਹਨ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗ ਆਮ ਲੋਕ ਵੀ ਆਪਣੇ ਨਿੱਜੀ ਸਵਾਰਥਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਜ਼ਹਿਰ ਬਣਦੇ ਜਾ ਰਹੇ ਧਰਤੀ ਹੇਠਲੇ ਪਾਣੀ ਜਿਹੇ ਗੰਭੀਰ ਮੁੱਦਿਆਂ ’ਤੇ ਵੀ ਚੋਣਾਂ ਸਮੇਂ ਕੋਈ ਬਹੁਤੀ ਚਰਚਾ ਨਹੀਂ ਹੁੰਦੀ। ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਸਮੇਤ ਵੱਡੀ ਗਿਣਤੀ ਬੁੱਧੀਜੀਵੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਪੰਜਾਬ ਦੇ ਇਸ ਗੰਭੀਰ ਮੁੱਦੇ ਦੇ ਹੱਲ ਲਈ ਇਸ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰਨ। ਹੁਣ ਸੀਚੇਵਾਲ ਖ਼ੁਦ ਰਾਜ ਸਭਾ ਵਿਚ ਮੈਂਬਰ ਹਨ ਅਤੇ ਦੇਖਣਾ ਹੋਵੇਗਾ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਉਹ ‘ਆਪ’ ਦੇ ਚੋਣ ਮੈਨੀਫੈਸਟੋ ਵਿਚ ਇਹ ਮੁੱਦਾ ਸ਼ਾਮਲ ਕਰਵਾਉਂਦੇ ਹਨ ਕਿ ਨਹੀਂ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਮਾਲਵਾ ’ਚ ਸ਼ੁੱਧ ਪਾਣੀ ਦੇਣ ਦੇ ਵਾਅਦੇ ਕੀਤੇ ਸਨ ਪਰ ਮੁੜ ਦੋਵਾਂ ਹੀ ਪਾਰਟੀਆਂ ਨੇ ਇਸ ’ਤੇ ਗੌਰ ਨਹੀਂ ਕੀਤਾ। ਭਾਵੇਂ ਮਾਲਵਾ ਖੇਤਰ ’ਚ ਲੋਕਾਂ ਨੇ ਪਾਣੀ ਸ਼ੁੱਧ ਕਰਨ ਲਈ ਘਰਾਂ ਵਿਚ ਆਰਓ ਲਗਾਏ ਹਨ ਪਰ ਯੂਰੇਨੀਅਮ ਦੀ ਜਾਂਚ ਕਰਨ ਵਾਲੀਆਂ ਸੰਸਥਾਵਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਰਓ ਪਾਣੀ ’ਚੋਂ ਯੂਰੇਨੀਅਮ ਨੂੰ ਸਾਫ਼ ਨਹੀਂ ਕਰ ਸਕਦਾ। ਅਸ਼ੁੱਧ ਪਾਣੀ ਦਾ ਹੀ ਸਿੱਟਾ ਹੈ ਕਿ ਮਾਲਵਾ ਦੇ ਲੋਕਾਂ ਨੂੰ ਗੰਭੀਰ ਰੋਗਾਂ ਨੇ ਘੇਰਿਆ ਹੋਇਆ ਹੈ। ਭਾਵੇਂ ਪਾਣੀ ਵਿਚ ਯੂਰੇਨੀਅਮ ਦੇ ਮਾਮਲੇ ਕਈ ਵਾਰ ਜਾਂਚ ਹੋ ਚੁੱਕੀ ਹੈ ਜਿਸ ਦੀ ਰਿਪੋਰਟ ਵੀ ਅਲੱਗ-ਅਲੱਗ ਹੈ। ਸਰਕਾਰ ਵੱਲੋਂ ਯੂਰੇਨੀਅਮ ਦੇ ਸਰੋਤ ਦੀ ਜਾਂਚ ਲਈ ਬਣਾਇਆ ਕੋਰ ਗੁਰੁੱਪ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਵਿਚ ਆਈ ਯੂਰੇਨੀਅਮ ਦੀ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਮਾਤਰਾ ਦੀ ਪੁਸ਼ਟੀ ਕਰ ਚੁੱਕਾ ਹੈ।

ਗਰਾੳਂੂਡ ਵਾਟਰ ਸੈੱਲ ਤੋਂ ਸੇਵਾਮੁਕਤ ਅਧਿਕਾਰੀ ਡਾ. ਬੀਐੱਸ ਬਰਾੜ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ, ਫ਼ਰੀਦਕੋਟ ਤੇ ਜਰਮਨੀ ਦੀ ਮਾਈਕ੍ਰੋਟਰੇਸ ਮਿਨਰਲ ਲੈਬ ਨੇ 149 ਮੰਦਬੁੱਧੀ ਬੱਚਿਆਂ ਦੀ ਜਾਂਚ ਕੀਤੀ ਸੀ ਜਿਨ੍ਹਾਂ ਵਿਚ 82 ਤੋਂ 87 ਫ਼ੀਸਦੀ ਬੱਚਿਆਂ ਦੇ ਸਰੀਰ ’ਚ ਯੂਰੇਨੀਅਮ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਪਾਈ ਗਈ ਸੀ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਿਜ਼ਿਕਸ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਦੀ ਮਾਤਰਾ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਦੱਸੀ ਗਈ ਤੇ ਪਾਣੀ ਵਿਚ ਹੋਰ ਖ਼ਤਰਨਾਕ ਤੱਤਾਂ ਦੀ ਬਹੁਤਾਤ ਦਾ ਵੀ ਪਤਾ ਲੱਗਾ। ਜਾਂਚ ਟੀਮ ਨੇ ਸ਼ਹਿਰ ਦੇ ਦੋ ਥਰਮਲ ਪਲਾਂਟਾਂ ਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨਐੱਫਐੱਲ) ਦੇ ਨਜ਼ਦੀਕੀ ਖੇਤਰਾਂ ’ਚ ਪਾਣੀ ਦੇ 22 ਸੈਂਪਲ ਲਏ ਗਏ, ਜਿਨ੍ਹਾਂ ’ਚੋਂ 12 ਸੈਂਪਲਾਂ ’ਚ ਯੂਰੇਨੀਅਮ ਦੀ ਮਾਤਰਾ ਤੈਅ ਤੋਂ ਜ਼ਿਆਦਾ ਪਾਈ ਗਈ। ਪਿੰਡ ਨੇਹੀਆਂਵਾਲਾ ਦੇ ਨਜ਼ਦੀਕ ਰੇਲਵੇ ਕ੍ਰਾਸਿੰਗ ’ਤੇ ਲੱਗੇ ਹੈਂਡਪੰਪ ਤੋਂ ਭਰੇ ਪਾਣੀ ਦੇ ਨਮੂਨੇ ’ਚ ਯੂਰੇਨੀਅਮ ਦੀ ਸਭ ਤੋਂ ਜ਼ਿਆਦਾ ਮਾਤਰਾ 78 ਪਾਰਟ ਪ੍ਰਤੀ ਬਿਲੀਅਨ ਮਿਲੀ। ਇਸ ਤੋਂ ਬਾਅਦ ਐੱਨਐੱਫਐੱਲ ਦੇ ਨਜ਼ਦੀਕ ਲੱਗੇ ਦੂਜੇ ਨਲਕੇ ਤੋਂ ਭਰੇ ਨਮੂਨੇ ’ਚ ਯੂਰੇਨੀਅਮ ਦੀ ਮਾਤਰਾ 70 ਪੀਪੀਬੀ ਮਿਲੀ ਹੈ। ਇਹ ਹੈਂਡਪੰਪ ਐੱਨਐੱਫਐੱਲ ਦੇ ਰਾਖ ਦੇ ਡੰਪ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਸਥਿਤ ਹਨ। ਇਸ ਤੋਂ ਇਲਾਵਾ ਪਲਾਟਾਂ ਦੇ 100 ਕਿਲੋਮੀਟਰ ਦਾਇਰੇ ’ਚ ਸਥਿਤ ਟਿਊਬਵੈੱਲਾਂ ਤੋਂ ਭਰੇ ਦਸ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ 14 ਤੋਂ 45 ਪੀਪੀਬੀ ਤੱਕ ਮਿਲੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ 15 ਪਾਰਟ ਪ੍ਰਤੀ ਬਿਲੀਅਨ (ਪੀਪੀਬੀ) ਨੂੰ ਸੁਰੱਖਿਅਤ ਮੰਨਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ 2004 ’ਚ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ 15 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੇ ਇੰਟਰਨੈਸ਼ਨਲ ਕਮਿਸ਼ਨ ਆਫ ਰੇਡੀਓਲਾਜਿਕਲ ਪ੍ਰੋਟੈਕਸ਼ਨ (1979) ਨੇ 1.9 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਨੂੰ ਸੁਰੱਖਿਅਤ ਮੰਨਿਆ ਹੈ ਪਰ ਬਠਿੰਡਾ ਦੇ 22 ਪਿੰਡਾਂ ਦੇ ਪਾਣੀ ਵਿਚ ਯੂਰੇਨੀਅਮ (ਮਾਈਕ੍ਰੋਗ੍ਰਾਮ ਪ੍ਰਤੀ ਲੀਟਰ) ਦੀ ਮਾਤਰਾ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ। ਜੱਜਲ, ਗਿਆਨਾ, ਮਲਕਾਨਾ ’ਚ ਸਭ ਤੋਂ ਜ਼ਿਆਦਾ ਯੂਰੇਨੀਅਮ ਦੀ ਮਾਤਰਾ ਮਿਲੀ ਹੈ। ਇਨ੍ਹਾਂ ਪਿੰਡਾਂ ਵਿਚ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਹੈ। ਇਸ ਖੇਤਰ ਦੇ ਪਿੰਡ ਸ਼ੇਖਪੁਰਾ ’ਚ ਬਹੁਤੇ ਬੱਚੇ ਅਜੀਬ ਕਿਸਮ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਪਿੰਡ ਜੱਜਲ ਤਾਂ ਕੈਂਸਰ ਕਾਰਨ ਦੁਨੀਆਂ ਵਿਚ ਜਾਣਿਆ ਜਾਣ ਲੱਗਾ ਹੈ।

ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਨੇ ਬਠਿੰਡਾ ਜ਼ਿਲ੍ਹੇ ਦੇ ਚਾਰ ਪਿੰਡਾਂ ਕਰਮਗੜ੍ਹ ਸੱਤਰਾਂ, ਢਿੱਲਵਾਂ, ਗਿਆਨਾ ਤੇ ਘੁੱਦਾ ਦੇ ਪਾਣੀ ’ਚ ਯੂਰੇਨੀਅਮ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਵੀ ਤੈਅ ਮਾਤਰਾ ਤੋਂ ਪੰਜ ਗੁਣਾ ਵੱਧ ਯੂਰੇਨੀਅਮ ਵਾਲਾ ਪਾਣੀ ਰਾਹੀ ਪੀ ਰਹੇ ਹਨ। ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਦੁੱਧ, ਦਾਲਾਂ ਤੇ ਸਬਜ਼ੀਆਂ ਵਿਚ ਵੀ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਯੂਰੇਨੀਅਮ ਦੀ ਮਾਤਰਾ ਪਾਣੀ ’ਚ ਕਿਵੇਂ ਵਧੀ, ਇਹ ਜਾਂਚ ਅਜੇ ਵੀ ਜਾਰੀ ਹੈ। 2010 ਵਿਚ ਬੁੱਢੇ ਨਾਲੇ ਵਿਚੋਂ ਲਏ ਗਏ ਪਾਣੀ ਦੇ ਨਮੂਨਿਆਂ ਵਿਚ ਭਾਰੀ ਧਾਤਾਂ ਅਤੇ ਯੂਰੇਨੀਅਮ ਵੱਡੀ ਮਾਤਰਾ ਵਿਚ ਪਾਏ ਗਏ। ਇਨ੍ਹਾਂ ਤੋਂ ਇਲਾਵਾ ਅਮੋਨੀਆ, ਫਾਸਫੇਟ, ਕਲੋਰਾਈਡ, ਕਰੋਮੀਅਮ, ਆਰਸੈਨਿਕ ਅਤੇ ਕੀਟਨਾਸ਼ਕ ਵੀ ਇਨ੍ਹਾਂ ਨਮੂਨਿਆਂ ਵਿਚੋਂ ਮਿਲੇ ਸਨ। ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਪਿੰਡ ਗਿਆਨਾ ’ਚ ਪ੍ਰਤੀ ਦਿਨ ਯੂਰੇਨੀਅਮ ਦਾ ਸੇਵਨ (ਬਿਨ੍ਹਾਂ ਪਾਣੀ ਦੇ) 41.09 ਮਾਈਕ੍ਰੋਗ੍ਰਾਮ ਤੱਕ ਪਹੁੰਚ ਚੁੱਕਿਆ ਹੈ, ਜਦੋਂਕਿ ਪਾਣੀ ਦੇ ਨਾਲ ਇਹ ਮਾਤਰਾ 138.41 ਮਾਈਕ੍ਰੋਗ੍ਰਾਮ ਪ੍ਰਤੀ ਦਿਨ ਹੈ।

ਭਾਰਤ ’ਚ ਨਾ ਕਦੇ ਯੂਰੇਨੀਅਮ ਦਾ ਉਪਯੋਗ ਹੋਇਆ ਤੇ ਨਾ ਹੀ ਕੋਈ ਐਟਮੀ ਪਲਾਂਟ ਹੈ। ਸਟੱਡੀ ’ਚ ਯੂਰੇਨੀਅਮ ਪਾਏ ਜਾਣ ਦਾ ਮੁੱਖ ਕਾਰਨ ਇਰਾਕ, ਈਰਾਨ ਤੇ ਅਫਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਕੀਤੇ ਹਮਲੇ ਵਿਚ ਵਰਤੀ ਗਈ ਡੈਪਲੀਟਡ ਯੂਰੇਨੀਅਮ ਨੂੰ ਠਹਿਰਾਇਆ ਗਿਆ, ਜੋ ਇਕ ਹਜ਼ਾਰ ਕਿਲੋਮੀਟਰ ਤਕ ਬੁਰਾ ਪ੍ਰਭਾਵ ਪਾਉਂਦੀ ਹੈ। ਖੇਤੀ ਮਾਹਰ ਡਾ. ਬਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਈਰਾਨ ਤੋਂ ਪੰਜਾਬ ਦੀ ਦੂਰੀ 932 ਕਿਲੋਮੀਟਰ, ਅਫ਼ਗਾਨਿਸਤਾਨ ਤੋਂ 332 ਕਿਲੋਮੀਟਰ ਹੈ। ਇਸ ਲਈ ਪੰਜਾਬ, ਹਰਿਆਣਾ, ਦਿੱਲੀ ਤੇ ਜੰਮੂ -ਕਸ਼ਮੀਰ ਇਸ ਦੇ ਬੁਰੇ ਪ੍ਰਭਾਵ ਦੇ ਦਾਇਰੇ ’ਚ ਆ ਗਏ ਜਦਕਿ ਜੀਐੱਨਯੂ ਨੇ ਮਾਲਵਾ ਦੇ ਪਾਣੀ ’ਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਦਾ ਕਾਰਨ ਗੁਆਂਢੀ ਸੂਬੇ ਹਰਿਆਣਾ ਦੇ ਭਵਾਨੀ ਜ਼ਿਲ੍ਹੇ ’ਚ ਸਥਿਤ ਤੋਮਾਸ਼ ਦੀਆਂ ਪਹਾੜੀਆਂ ਨੂੰ ਦੱਸਿਆ ਹੈ। ਡੀਏਵੀ ਕਾਲਜ ਜਲੰਧਰ ਦੇ ਫਿਜ਼ਿਕਸ ਵਿਭਾਗ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਿਜ਼ਿਕਸ ਤੇ ਕੈਮਿਸਟਰੀ ਵਿਭਾਗ ਦੀ ਰਿਪੋਰਟ ਅਨੁਸਾਰ ਰਾਜਸਥਾਨ ਵਿਚ ਜਿਪਸਮ, ਲਾਈਸਟੋਨ ਤੇ ਫਾਸਫੇਟ ਦੀਆਂ ਚੱਟਾਨਾਂ ’ਚ ਯੂਰੇਨੀਅਮ ਦੀ ਮਾਤਰਾ 100 ਤੋਂ 140 ਪਾਰਟ ਪ੍ਰਤੀ ਬਿਲੀਅਨ ਮਿਲੀ ਹੈ। ਉੱਤਰ-ਪੱਛਮ ਰਾਜਸਥਾਨ ਵਿਚ ਪਾਣੀ ਦਾ ਪ੍ਰਵਾਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਿਰੋਜ਼ਪੁਰ ਤੇ ਫ਼ਰੀਦਕੋਟ ਵੱਲ ਹੈ। ਇਸ ਲਈ ਟੀਮ ਨੇ ਰਾਜਸਥਾਨ ’ਚ ਸਥਿਤ ਚੱਟਾਨਾਂ ਨੂੰ ਹੀ ਮਾਲਵਾ ਦੇ ਪਾਣੀ ਵਿਚ ਯੂਰੇਨੀਅਮ ਦਾ ਸ੍ਰੋਤ ਮੰਨਿਆ ਹੈ। ਇਸ ਤੋਂ ਇਲਾਵਾ ਮਾਲਵਾ ਖੇਤਰ ਵਿਚ ਕੀੜੇਮਾਰ ਦਵਾਈਆਂ ਤੇ ਖਾਦਾਂ ਦੀ ਵਰਤੋਂ ਨੂੰ ਵੀ ਪਾਣੀ ਦੂਸ਼ਿਤ ਕਰਨ ਦਾ ਇਕ ਕਾਰਨ ਮੰਨਿਆ ਗਿਆ ਹੈ। ਹੁਣ ਤੱਕ ਹੋਈ ਜਾਂਚ ਵਿਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਾਲਵਾ ਖੇਤਰ ਦਾ ਪੀਣ ਵਾਲਾ ਪਾਣੀ ਐਨਾ ਕਿਸ ਤਰ੍ਹਾਂ ਦੂਸ਼ਿਤ ਹੋ ਗਿਆ ਹੈ।

ਹੁਣ ਫਿਰ ਛੇ ਮੈਂਬਰੀ ਵਿਗਿਆਨੀਆਂ ਦੀ ਕਮੇਟੀ ਇਸ ਸਬੰਧੀ ਖੋਜ ਕਰੇਗੀ। ਇਸ ਸਬੰਧੀ ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਨਾਲ ਸਾਂਝੀ ਗੱਲਬਾਤ ਤੋਰੀ ਹੈ। ਇਹ ਕਮੇਟੀ ਪਾਣੀ ’ਚ ਮੌਜੂਦ ਭਾਰੀ ਧਾਤਾਂ ਅਤੇ ਯੂਰੇਨੀਅਮ ਦੀ ਪਾਣੀ ਵਿਚ ਮੌਜੂਦਗੀ ਤੇ ਇਸੇ ਦੇ ਹੱਲ ਦਾ ਯਤਨ ਕਰੇਗੀ। ਹਾਸਲ ਹੋਏ ਵੇਰਵਿਆਂ ਮੁਤਾਬਕ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਐਟੋਮਿਕ ਮਿਨਰਲ ਡਾਇਰੈਕਟੋਰੇਟ ਫਾਰ ਐਕਸਪਲੋਰੈਂਸ ਐਂਡ ਰਿਸਰਚ ਹੈਦਰਾਬਾਦ (ਏਐੱਮਡੀਈਆਰ) ਅਤੇ ਭਾਭਾ ਐਟੋਮਿਕ ਰਿਸਰਚ ਸੈਂਟਰ ਮੁੰਬਈ (ਬੀਏਆਰਸੀ) ਦੇ ਖੋਜੀਆਂ ਲਈ ਸਾਂਝਾ ਪਲੇਟਫਾਰਮ ਸਥਾਪਤ ਕੀਤਾ ਹੈ। ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ ਤਿਵਾੜੀ, ਏਐੱਮਡੀਈਆਰ ਦੇ ਡਾਇਰੈਕਟਰ ਡਾ. ਡੀਕੇ ਸਿਨਹਾ, ਬੀਏਆਰਸੀ ਦੇ ਸਿਹਤ ਸੁਰੱਖਿਆ ਅਤੇ ਵਾਤਾਵਰਨ ਸਮੂਹ ਦੇ ਸਮੂਹ ਡਾਇਰੈਕਟਰ ਆਰਐੱਮ ਸੁਰੇਸ਼ ਬਾਬੂ ਦੇ ਨਾਲ ਵਿਗਿਆਨੀ ਡਾ. ਐੱਮ ਕੁਲਕਰਨੀ, ਡਾ. ਸੰਜੇ ਝਾਅ, ਪ੍ਰੋ. ਵੀਕੇ ਗਰਗ (ਸੀਯੂਪੀਬੀ), ਡਾ. ਸੁਨੀਲ ਮਿੱਤਲ (ਸੀਯੂਪੀਬੀ) ਅਨੁਸਾਰ ਕਮੇਟੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਭਾਰੀ ਧਾਤਾਂ ਅਤੇ ਯੂਰੇਨੀਅਮ ਦੇ ਪ੍ਰਦੂਸ਼ਣ ਦਾ ਹੱਲ ਲੱਭਣ ਦਾ ਯਤਨ ਕਰ ਰਹੀ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਅਤੇ ਭਾਰੀ ਧਾਤੂ ਦੀ ਪ੍ਰਦੂਸ਼ਣ ਦੇ ਵਿਸ਼ੇ ’ਤੇ ਹੱਲ ਲੱਭਣ ਲਈ ਤਿੰਨੋਂ ਸੰਸਥਾਵਾਂ (ਸੀਯੂਪੀਬੀ, ਬੀਏਆਰਸੀ ਅਤੇ ਏਐਮਡੀਈਆਰ) ਦੇ ਪ੍ਰਮੁੱਖ ਵਿਗਿਆਨੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਨਹਿਰੀ ਨੈਟਵਰਕ ਨੂੰ ਵਧੇਰੇ ਮਜ਼ਬੂਤ ਕਰਨ ਲਈ 2024-25 ਲਈ ਸਰਕਾਰ ਨੇ 2,107 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਦਰਸਾਉਂਦਾ ਹੈ ਕਿ ਸਰਕਾਰ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਚਨਬੱਧ ਹੈ, ਉਥੇ ਕਿਸਾਨਾਂ ਲਈ ਸਿੰਚਾਈ ਦੇ ਨਾਲ ਨਾਲ ਲੋਕਾਂ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ। ਇਸ ਲਈ ਮਾਲਵਾ ਕੈਨਾਲ ਬਣਾਈ ਜਾਵੇਗੀ, ਜਿਸ ਨਾਲ ਲੋਕਾਂ ਨੂੰ ਸ਼ੁੱਧ ਪਾਣੀ ਮਿਲ ਸਕੇਗਾ। ਇਸ ਤੋਂ ਇਲਾਵਾ ਪਾਣੀ ਨੂੰ ਪਲੀਤ ਕਰਨ ਰਹੀਆਂ ਫੈਕਟਰੀਆਂ ਤੇ ਉਦਯੋਗਾਂ ’ਤੇ ਸਰਕਾਰ ਸ਼ਿ੍ਰਕੰਜਾ ਕਰ ਰਹੀ ਹੈ।

ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਦੇ ਨਾਲ ਨਾਲ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸ ਲਈ ਬਜਟ ਵਿਚ ਕਰੋੜਾਂ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਬਠਿੰਡਾ ਦਿਹਾਤੀ ਖੇਤਰ ਵਿਚ ਲੋਕਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਹਰ ਘਰ ਤਕ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments