ਐਸਐਸਪੀ ਦਿਹਾਤੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇਂ ਸਮੇਂ ਨਾਲ ਨਿਬੜਣ ਲਈ ਜਲੰਧਰ ਦਿਹਾਤੀ ਦੀ ਪੂਰੀ ਪੁਲਿਸ ਫੋਰਸ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਅੱਜ ਮੌਕ ਡ੍ਰਿਲ ਦੌਰਾਨ ਪੁਲਿਸ ਟੀਮ ਦੀ ਮੁਸਤੈਦੀ ਅਤੇ ਮੌਕੇ ‘ਤੇ ਪਹੁੰਚਣ ਦੀ ਗਤਿ ਨੂੰ ਵੇਖਿਆ ਗਿਆ।
ਰਾਮਾ ਮੰਡੀ ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਪਿੰਡ ਜੌਲਾ ਨਜ਼ਦੀਕ ਇਕ ਬੈਗ ‘ਚ ਬੰਬ ਮਿਲਣ ਦੀ ਖਬਰ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਅਸਲ ‘ਚ ਮੌਕਾ ਸੀ ਪੁਲਿਸ ਦੀ ਮੌਕ ਡਰਿੱਲ ਦਾ। ਅੱਜ ਯਾਨੀ ਸ਼ਨਿਚਰਵਾਰ ਨੂੰ ਦਿਹਾਤੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਹੁਸ਼ਿਆਰਪੁਰ ਰਾਮਾ-ਮੰਡੀ ਰੋਡ ਤੇ ਪੈਂਦੇ ਪਿੰਡ ਜੌਲਾ ਨਜ਼ਦੀਕ ਮੌਕ ਡ੍ਰਿਲ ਕੀਤੀ ਗਈ। ਮੌਕੇ ‘ਤੇ ਐਸਐਸਪੀ ਦਿਹਾਤੀ ਡਾ. ਅੰਕੁਰ ਗੁਪਤਾ, ਡੀਐਸਪੀ ਆਦਮਪੁਰ ਸੁਮਿਤ ਸੂਦ ਅਤੇ ਥਾਣਾ ਪਤਾਰਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੂਰੀ ਟੀਮ, ਬੰਬ ਸਕੁਐਡ, ਐਂਟੀਸੈਬੋਟੇਜ ਟੀਮ ਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚੀਆਂ। ਦਰਅਸਲ ਜਲੰਧਰ ਦਿਹਾਤੀ ਪੁਲਿਸ ਦੀ ਮੌਕ ਡ੍ਰਿਲ ਦੌਰਾਨ ਰਾਮਾ-ਮੰਡੀ ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਨਿਰਮਲ ਕੁਟੀਆ ਜੌਹਲਾਂ ਵਾਲੇ ਸੰਤਾਂ ਦੇ ਬਣੇ ਗੇਟ ਤੋਂ ਪਤਾਰਾ ਰੋਡ ‘ਤੇ ਕੁਝ ਹੀ ਦੂਰੀ ‘ਤੇ ਜਦ ਲੋਕਾਂ ਨੇ ਪੁਲਿਸ ਦੀ ਛਾਉਣੀ ਲੱਗੀ ਦੇਖੀ ਤਾਂ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ।
ਇਸ ਮੌਕੇ ਡ੍ਰਿਲ ਦੌਰਾਨ ਪੁਲਿਸ ਟੀਮ ਨੇ ਨਜ਼ਦੀਕੀ ਖੇਤਾਂ ‘ਚੋਂ ਇਕ ਬੈਗ ਬਰਾਮਦ ਕੀਤਾ, ਜਿਸ ਵਿਚ ਬੰਬ ਰੱਖਿਆ ਹੋਇਆ ਸੀ। ਇਸ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਬੰਬ ਸਕੁਐਡ ਵੱਲੋਂ ਰੋਬੋਟ ਦਾ ਇਸਤੇਮਾਲ ਕੀਤਾ ਗਿਆ। ਬੰਬ ਰੋਕੂ ਦਸਤੇ ਦੀ ਮੁਲਾਜ਼ਮਾਂ ਨੇ ਰੋਬੋਟ ਦੀ ਸਹਾਇਤਾ ਨਾਲ ਖੇਤਾਂ ‘ਚ ਲੱਗੀ ਮੋਟਰ ਤੋਂ ਬੰਬ ਹੋਣ ਵਾਲਾ ਸ਼ੱਕੀ ਬੈਗ ਚੁੱਕਿਆ ਤੇ ਗੱਡੀ ‘ਚ ਰੱਖਿਆ ਜਿਸ ਤੋਂ ਬਾਅਦ ਬੰਬ ਰੋਕੂ ਦਸਤੇ ਦੇ ਮੁਲਾਜ਼ਮਾਂ ਨੂੰ ਬੈਗ ‘ਤੇ ਮਿੱਟੀ ਨਾਲ ਭਰੇ ਬੋਰੇ ਟਕਾਏ ਅਤੇ ਗੱਡੀ ਨੂੰ ਦੂਰ ਬੰਬ ਨਕਾਰਾ ਕਰਨ ਲਈ ਭੇਜ ਦਿੱਤਾ ਗਿਆ।
ਇਸ ਦੌਰਾਨ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਐਸਐਸਪੀ ਦਿਹਾਤੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇਂ ਸਮੇਂ ਨਾਲ ਨਿਬੜਣ ਲਈ ਜਲੰਧਰ ਦਿਹਾਤੀ ਦੀ ਪੂਰੀ ਪੁਲਿਸ ਫੋਰਸ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਅੱਜ ਮੌਕ ਡ੍ਰਿਲ ਦੌਰਾਨ ਪੁਲਿਸ ਟੀਮ ਦੀ ਮੁਸਤੈਦੀ ਅਤੇ ਮੌਕੇ ‘ਤੇ ਪਹੁੰਚਣ ਦੀ ਗਤਿ ਨੂੰ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਡ੍ਰਿਲ ਦੌਰਾਨ ਮਹਿਜ਼ 11 ਮਿੰਟ ‘ਚ ਬੰਬ ਰੋਕੂ ਦਸਤੇ, ਡੌਗ ਸਕੁਐਡ ਤੇ ਸਬੰਧਤ ਮਹਿਕਮੇ ਪਹੁੰਚ ਗਏ ਅਤੇ ਕੁਝ ਹੀ ਮਿੰਟਾਂ ‘ਚ ਤਕਨੀਕੀ ਸਹਾਇਤਾ ਨਾਲ ਛੱਕੀ ਬੈਗ ਕਬਜ਼ੇ ‘ਚ ਲੈ ਕੇ ਰੱਦ ਕਰਨ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਤੇ ਸੁਰੱਖਿਆ ਲਈ ਵਚਨਬੱਧ ਹੈ ਤੇ ਹਰ ਵਕਤ ਤਿਆਰ-ਬਰ-ਤਿਆਰ ਹੈ ਜਿਸਦਾ ਨਮੂਨਾ ਅੱਜ ਜ਼ਿਲ੍ਹਾ ਦਿਹਾਤੀ ਟੀਮ ਵੱਲੋਂ ਬੜੀ ਕੁਸ਼ਲਤਾ ਨਾਲ ਵਿਖਾਇਆ ਗਿਆ।
ਇਸ ਦੌਰਾਨ ਗੱਲਬਾਤ ਕਰਦਿਆਂ ਡੀਐਸਪੀ ਆਦਮਪੁਰ ਸੁਮਿਤ ਸੂਦ ਨੇ ਸਾਰੀਆਂ ਟੀਮਾਂ ਨੂੰ ਮੁਸਤੈਦੀ ਨਾਲ ਕੰਮ ਕਰਨ ‘ਤੇ ਹੱਲਾਸ਼ੇਰੀ ਦਿੱਤੀ । ਉਨ੍ਹਾਂ ‘ਪੰਜਾਬੀ ਜਾਗਰਣ’ ਰਾਹੀਂ ਸਮੂਹ ਲੋਕਾਂ ਨੂੰ ਵੀ ਹਰ ਸਮੇਂ ਮੁਸਤੈਦ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ, ਕੋਈ ਸ਼ੱਕੀ ਸਾਮਾਨ ਯਾਂ ਕੋਈ ਅਣਸੁਖਾਵੇਂ ਹਾਲਾਤ ਪੈਦਾ ਹੁੰਦੇ ਵਿਖਾਈ ਦਿੰਦੇ ਹਨ ਤਾਂ ਤੁਰੰਤ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰਨ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਲਾਕੇ ‘ਚ ਅਣਸੁਖਾਵੀਂ ਘਟਣਾ ਨੂੰ ਅੰਜਾਮ ਦੇਣ ‘ਚ ਕਾਮਯਾਬ ਨਾ ਹੋ ਸਕੇ ।