ਸੰਯੁਕਤ ਕਿਸਾਨ ਮੋਰਚਾ ਵਿੱਚ 2 ਗੁੱਟਾਂ ਵਿੱਚ ਵੰਡੇ ਜਾਣ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਪੰਜਾਬ ਸੂਬੇ ਅੰਦਰ ਸੰਯੁਕਤ ਕਿਸਾਨ ਮੋਰਚੇ ਤਹਿਤ 30 ਤੋਂ ਵੱਧ ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ
ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ’ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦਾ ਕਿਸਾਨ ਅੰਦੋਲਨ 37ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਇਸ ਮੌਕੇ ਪਿੰਡ ਬਪਰੋਰ ਦੇ ਨੌਜਵਾਨ ਆਗੂਆਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਤੋਂ ਇਲਾਵਾ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਹਰਿਆਣਾ ਸੂਬੇ ਅੰਦਰ ਵੱਡੇ ਕਾਫਲੇ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਰਹਿ ਗਈਆਂ ਮੰਗਾਂ ਨੂੰ ਮਨਵਾਉਣ ਲਈ 13 ਫਰਵਰੀ ਨੂੰ ਰਾਜਧਾਨੀ ਦਿੱਲੀ ਵਿਖੇ ਕਿਸਾਨ ਅੰਦੋਲਨ ਵੱਲੋਂ ਕੂਚ ਕੀਤਾ ਜਾਣਾ ਸੀ ਪਰ ਮਜਬੂਰਨ ਸ਼ੰਭੂ ਬੈਰੀਅਰ ’ਤੇ ਹੀ ਕਿਸਾਨ ਅੰਦੋਲਨ ਚਲਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਨੂੰ ਚਾਲੇ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਐਮਐਸਪੀ ਗਾਰੰਟੀ ਕਾਨੂੰਨ, ਕਿਸਾਨਾਂ ’ਤੇ ਕੀਤੇ ਗਏ ਕੇਸ ਵਾਪਸ ਲੈਣ, ਕਿਸਾਨ ਮਜ਼ਦੂਰ ਕਰਜ਼ਾ ਮੁਕਤੀ, ਲਖੀਮਪੁਰ ਖੀਰੀ ਦੇ ਇਨਸਾਫ ਦੀ ਗੱਲ, ਬਿਨਾਂ ਖਪਤਕਾਰਾਂ ਤੋਂ ਪੁੱਛ ਕੇ ਪਾਸ ਕੀਤਾ ਗਿਆ ਬਿਜਲੀ ਸੋਧ ਬਿਲ 2023 ਨੂੰ ਵਾਪਸ ਲੈਣਾ, ਨਰੇਗਾ ਗਾਰੰਟੀ ਕਾਨੂੰਨ ਦੀ 200 ਦਿਨਾਂ ਦੀ ਗਾਰੰਟੀ, ਆਦਿ-ਵਾਸੀ ਪਰਿਵਾਰਾਂ ਦੀਆਂ ਮੰਗਾਂ ਮਨਵਾਉਣਾ, ਪ੍ਰਦੂਸ਼ਣ ਐਕਟ ਵਿੱਚੋਂ ਖੇਤੀ ਨੂੰ ਬਾਹਰ ਕਰਨਾ ਆਦਿ ਦੀ ਗੱਲ ਕੀਤੀ ਸੀ। ਇਸ ਤੋਂ ਇਲਾਵਾ ਜਿਹੜੇ ਕਿਸਾਨ ਸ਼ਹੀਦ ਹੋਏ ਸਨ, ਦਾ ਕਰਜ਼ਾ ਮੁਆਫ ਤੇ ਮਆਵਜ਼ਾ ਰਾਸ਼ੀ ਦੇਣਾ ਸਮੇਤ ਉਨ੍ਹਾਂ ਸ਼ਹੀਦਾਂ ਦੀ ਸਮਾਰਕ ਬਣਾਉਣ ਦੇ ਲਈ ਦਿੱਲੀ ਵਿਖੇ ਥਾਂ ਦੇਣ ਦੀ ਗੱਲ ਆਖੀ ਸੀ ਪਰ ਪਿਛਲੇ 70 ਸਾਲਾਂ ਦੇ ਇਤਿਹਾਸ ਵਿੱਚ ਕਿਸਾਨਾਂ ਅਤੇ ਮਜ਼ਦੂਰਾ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸਾਨੂੰ ਮਜਬੂਰਨ ਮੰਗਾਂ ਦੀ ਪ੍ਰਾਪਤੀ ਲਈ ਦਾਇਰਾ ਵੱਡਾ ਕਰਨਾ ਪਿਆ।
ਸੰਯੁਕਤ ਕਿਸਾਨ ਮੋਰਚਾ ਵਿੱਚ 2 ਗੁੱਟਾਂ ਵਿੱਚ ਵੰਡੇ ਜਾਣ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਪੰਜਾਬ ਸੂਬੇ ਅੰਦਰ ਸੰਯੁਕਤ ਕਿਸਾਨ ਮੋਰਚੇ ਤਹਿਤ 30 ਤੋਂ ਵੱਧ ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦਾ ਭਾਅ ਸੀ ਟੂ 50 ਫਾਰਮੂਲੇ ਤਹਿਤ ਤੈਅ ਹੋਵੇ ਤਾਂ ਜੋ ਕਿਸਾਨ ਦੀ ਖੇਤੀ ਘਾਟੇ ਦਾ ਵਣਜ ਬਣ ਕੇ ਨਾ ਰਹਿ ਸਕੇ। ਕਾਰਪੋਰੇਟ ਦੀ ਪਾਲਿਸੀ ਖੇਤੀ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਸਮੇਂ ਦੇਸ਼ ਅੰਦਰ 80 ਕਰੋੜ ਕਿਸਾਨ ਹਨ ਭਾਵੇਂ ਕਿਸਾਨ ਭਾਜਪਾ ਅਤੇ ਆਰਐਸਐਸ ਨਾਲ ਸਬੰਧ ਰੱਖਦੇ ਹੋਣ ਪਰ ਮੁੱਦਾ ਇਹ ਹੈ ਕਿ ਉਹ ਕਿਸਾਨ ਵੀ ਸਾਡੀਆਂ ਮੰਗਾਂ ਨਾਲ ਸਹਿਮਤ ਹਨ। ਸਰਕਾਰ ਅਤੇ ਆਰਐਸਐਸ ਦੇ ਆਗੂਆਂ ਦੀਆਂ ਅਫਵਾਹਾਂ ’ਤੇ ਧਿਆਨ ਨਾ ਦੇ ਕੇ ਕਿਸਾਨ ਅੰਦੋਲਨ ਜਿਹੜਾ ਦੇਸ਼ ਦਾ ਅੰਦੋਲਨ ਬਣ ਚੁੱਕਿਆ ਹੈ ਦਾ ਸਾਥ ਦੇਣ। ਸਾਡੇ ਇਸ ਅੰਦੋਲਨ ਵਿੱਚ ਲੋਕ ਜਾਤ ਪਾਤ ਨੂੰ ਭੁੱਲ ਕੇ ਇੱਥੇ ਪੁੱਜ ਰਹੇ ਹਨ। ਸਾਰੇ ਦੇਸ਼ ਅੰਦਰ ਕਿਸਾਨਾਂ ਨੂੰ ਫਸਲਾਂ ’ਤੇ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ। ਸਾਡੀ ਖੇਤੀ ਲਾਹੇਵੰਦ ਹੋ ਜਾਵੇ ਤਾਂ ਹੀ ਅਸੀਂ ਅੰਦੋਲਨ ਨੂੰ ਅੱਗੇ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਲੰਮਾ ਹੋ ਸਕਦਾ ਹੈ ਪਰ ਇਸ ਅੰਦੋਲਨ ਦੀ ਸਮਾਪਤੀ ਕਿਸਾਨੀ ਮੰਗਾਂ ਦੀ ਪ੍ਰਾਪਤੀ ਤੋਂ ਬਾਅਦ ਹੀ ਸੰਭਵ ਹੈ।