ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਿ੍ਰੰਗ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵੱਡੇ ਨੇਤਾਵਾਂ ’ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਈਡੀ ਆਮ ਆਦਮੀ ਪਾਰਟੀ (ਆਪ) ’ਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ।
ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਿ੍ਰੰਗ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵੱਡੇ ਨੇਤਾਵਾਂ ’ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਈਡੀ ਆਮ ਆਦਮੀ ਪਾਰਟੀ (ਆਪ) ’ਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ। ਜਾਂਚ ਏਜੰਸੀ ਨੇ ਬੁੱਧਵਾਰ ਨੂੰ ਇਸ ਦੇ ਸੰਕੇਤ ਦਿੰਦੇ ਹੋਏ ਹਾਈ ਕੋਰਟ ’ਚ ਸਾਫ਼ ਕਿਹਾ ਕਿ ਜਾਂਚ ਅਜੇ ਖ਼ਤਮ ਨਹੀਂ ਹੋਈ ਤੇ ਆਉਣ ਵਾਲੇ ਦਿਨਾਂ ’ਚ ਆਪ ਦੀਆਂ ਕੁਝ ਜਾਇਦਾਦਾਂ ਕੁਰਕ ਕੀਤੀਆਂ ਜਾ ਸਕਦੀਆਂ ਹਨ। ਜਾਂਚ ਏਜੰਸੀ ਨੇ ਇਹ ਦਲੀਲ ਗਿ੍ਰਫ਼ਤਾਰੀ ਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਦੇ ਬਹਿਸ ਦੌਰਾਨ ਦਿੱਤੀ। ਈਡੀ ਵੱਲੋਂ ਪੇਸ਼ ਵਧੀਕ ਸਾਲਿਸਟਰ ਜਨਰਲ (ਏਐੱਸਜੀ) ਐੱਸਵੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਖ਼ਿਲਾਫ਼ ਪਹਿਲੀ ਨਜ਼ਰ ’ਚ ਮਨੀ ਲਾਂਡਰਿੰਗ ਦਾ ਮਾਮਲਾ ਬਣਦਾ ਹੈ ਤੇ ਕੇਜਰੀਵਾਲ ਦੀ ਭੂਮਿਕਾ ਨਿਜੀ ਤੌਰ ’ਤੇ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਹੋ ਦੇ ਨਾਤੇ ਵੀ ਹੈ। ਮਨੀ ਟ੍ਰੇਲ ਦਾ ਪਤਾ ਲਗਾ ਲਿਆ ਗਿਆ ਹੈ। ਰਿਸ਼ਵਤ ਲਈ ਆਬਕਾਰੀ ਨੀਤੀ ’ਚ ਬਦਲਾਅ ਕੀਤਾ ਗਿਆ ਤੇ ਰਿਸ਼ਵਤ ਦੀ ਰਕਮ ਦਾ ਇਸਤੇਮਾਲ ਗੋਆ ’ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਕੀਤਾ ਗਿਆ ਸੀ। ਏਐੱਸਜੀ ਨੇ ਦਲੀਲ ਦਿੱਤੀ ਕਿ ਪੈਸਾ ਨਹੀਂ ਮਿਲਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਮਨੀ ਲਾਂਡਿ੍ਰੰਗ ਦਾ ਅਪਰਾਧ ਨਹੀਂ ਹੋਇਆ, ਕਿਉਂਕਿ ਜਿਹੜੀ ਰਕਮ ਆਈ ਉਹ ਚੋਣ ’ਚ ਖ਼ਰਚ ਹੋ ਗਈ।
ਕੇਜਰੀਵਾਲ ਨੇ ਗਿ੍ਰਫ਼ਤਾਰੀ ਨੂੰ ਦੱਸਿਆ ਗ਼ੈਰ ਕਾਨੂੰਨੀ : ਉੱਥੇ ਹੀ ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਮਾਮਲੇ ’ਚ ਕੇਜਰੀਵਾਲ ਦੀ ਗਿ੍ਰਫ਼ਤਾਰੀ ਬਗੈਰ ਕਿਸੇ ਜਾਂਚ, ਗਵਾਹੀ ਜਾਂ ਸਬੂਤਾਂ ਦੇ ਹੋਈ ਹੈ, ਜਿਹੜੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਿਰਫ਼ ਅਪਮਾਨਤ ਕਰਨ ਤੇ ਨੀਵਾਂ ਦਿਖਾਉਣ ਲਈ ਕੀਤੀ ਗਈ ਹੈ। ਦੋਵਾਂ ਧਿਰਾਂ ਦੀਆਂ ਲੰਬੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਉੱਥੇ ਹੀ ਈਡੀ ਦੇ ਵਕੀਲ ਨੇ ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਅਮਿਤ ਦੇਸਾਈ ਦੇ ਵੀ ਪੇਸ਼ ਹੋਣ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਦੋ ਵਕੀਲ ਬਹਿਸ ਨਹੀਂ ਕਰ ਸਕਦੇ। ਕੋਈ ਵੀ ਆਮ ਆਦਮੀ ਇਕ ਤੋਂ ਵੱਧ ਵਕੀਲਾਂ ਦਾ ਹੱਕਦਾਰ ਨਹੀਂ ਹੈ।
ਸੁਣਵਾਈ ਦੌਰਾਨ ਏਐੱਸਜੀ ਨੇ ਕਿਹਾ ਕਿ ਕੇਜਰੀਵਾਲ ਪ੍ਰਸੰਗਕ ਸਮੇਂ ’ਚ ਆਪ ਦੇ ਮਾਮਲਿਆਂ ਲਈ ਜ਼ਿੰਮੇਵਾਰ ਸਨ, ਜਦੋਂ ਰਿਸ਼ਵਤ ਲਈ ਗਈ ਸੀ ਤੇ ਮਨੀ ਲਾਂਡਿ੍ਰੰਗ ਕੀਤੀ ਗਈ ਸੀ। ਕੱਲ੍ਹ ਜੇਕਰ ਸਾਡੇ ਕੋਲ ਸਬੂਤ ਹੋਣਗੇ ਤਾਂ ਅਸੀਂ ਦੂਜਿਆਂ ਨੂੰ ਵੀ ਇਸ ’ਚ ਮੁਲਜ਼ਮ ਬਣਾ ਸਕਦੇ ਹਾਂ। ਅਸੀਂ ਆਪ ਦੀਆਂ ਕੁਝ ਜਾਇਦਾਦਾਂ ਵੀ ਜ਼ਬਤ ਕਰਨਾ ਚਾਹੁੰਦੇ ਹਾਂ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਕਿਹਾ ਜਾਵੇਗਾ ਕਿ ਚੋਣਾਂ ਸਮੇਂ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ।